ਐਕਟਿਵਾ ਸਵਾਰ ਮੌਤ ਦੀ, 2 ਗੰਭੀਰ ਜਖਮੀ
ਨਵਾਂਸ਼ਹਿਰ /ਕਾਠਗੜ੍ਹ, 28 ਮਈ (ਜਤਿੰਦਰ ਪਾਲ ਸਿੰਘ ਕਲੇਰ )
ਕਾਠਗੜ੍ਹ ਮੋੜ ਨੇੜੇ ਸ਼ਰਾਬ ਦੇ ਠੇਕੇ ਦੇ ਸਾਹਮਣੇ ਆਲਟੋ ਕਾਰ ਦੀ ਟੱਕਰ ਨਾਲ ਵਾਪਰੇ ਭਿਆਨਕ ਹਾਦਸੇ ਵਿੱਚ ਇੱਕ ਔਰਤ ਸਮੇਤ ਤਿੰਨ ਜਣੇ ਗੰਭੀਰ ਜਖਮੀ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਵਿਆਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆਹੈ। ਹਾਦਸੇ ਸਬੰਧੀ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਬਾਗੋਵਾਲ ਹਰਮੇਸ਼ ਲਾਲ ਪੰਚ ਪੁੱਤਰ ਠਾਕਰ ਦਾਸ ਆਪਣੀ ਪਤਨੀ ਗੁਰਬਖਸ਼ ਕੌਰ ਨਾਲ ਅੱਜ ਸਵੇਰੇ 11 ਵਜੇ ਦੇ ਕਰੀਬ ਐਕਟਿਵਾ ‘ਤੇ ਸਵਾਰ ਹੋ ਕੇ ਬਾਗੋਵਾਲ ਤੋਂ ਕਾਠਗੜ੍ਹ ਮੋੜ ਪੰਜਾਬ ਐਂਡ ਸਿੰਧ ਬੈਂਕ ਨੂੰ ਜਾ ਰਹੇ ਸਨ ਅਤੇ ਜਦੋਂ ਉਹ ਕਾਠਗੜ੍ਹ ਮੋੜ ‘ਤੇ ਸਥਿਤ ਸ਼ਰਾਬ ਦੇ ਠੇਕੇ ਨੇੜੇ ਪਹੁੰਚੇ ਤਾਂ ਉਹਨਾਂ ਤੋਂ ਅੱਗੇ ਮੋਟਰਸਾਈਕਲ ‘ਤੇ ਜਾ ਰਹੇ ਇੱਕ ਸਬਜ਼ੀ ਵਿਕਰੇਤਾ ਸ਼ੌਕਤ ਅਲੀ ਦੇ ਮੋਟਰਸਾਈਕਲ ਨੂੰ ਕਾਠਗੜ੍ਹ ਮੋੜ ਵੱਲੋਂ ਆ ਰਹੀ ਇੱਕ ਆਲਟੋ ਕਾਰ ਨੇ ਜ਼ਬਰਦਸਤ ਟੱਕਰ ਮਾਰੀ ਅਤੇ ਉਸ ਤੋਂ ਬਾਅਦ ਤੁਰੰਤ ਫਿਰ ਐਕਟਿਵਾ ਤੇ ਜਾ ਰਹੇ ਪਤੀ ਪਤਨੀ ਨੂੰ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਸਬਜ਼ੀ ਵਿਕਰੇਤਾ ਸ਼ੌਕਤ ਅਲੀ ਅਤੇ ਐਕਟਿਵਾ ਸਵਾਰ ਹਰਮੇਸ਼ ਲਾਲ ਤੇ ਉਸ ਦੀ ਪਤਨੀ ਗੁਰਬਖਸ਼ ਕੌਰ ਗੰਭੀਰ ਜ਼ਖਮੀ ਹੋ ਗਏ। ਮੌਕੇ ਤੇ ਇੱਕਤਰ ਲੋਕਾਂ ਕੋਲੋਂ ਦੱਸਿਆ ਕਿ 108 ਐਂਬੂਲੈਂਸ ਨੂੰ ਬੁਲਾ ਕੇ ਜਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਰੋਪੜ੍ਹ ਵਿਖੇ ਪਹੁੰਚਾਇਆ ਜਿੱਥੇ ਐਕਟਿਵਾ ਸਵਾਰ ਪਤੀ ਪਤਨੀ ਦੀ ਗੰਭੀਰ ਹਾਲਤ ਦੇਖਦੇ ਹੋਏ ਡਾਕਟਰਾਂ ਦੀ ਟੀਮ ਨੇ ਉਹਨਾਂ ਨੂੰ ਇਲਾਜ ਲਈ ਸੈਕਟਰ 32 ਦੇ ਸਰਕਾਰੀ ਹਸਪਤਾਲ ਚੰਡੀਗੜ੍ਹ ਲਈ ਭੇਜ ਦਿੱਤਾ ਪਰ ਰਸਤੇ ਵਿੱਚ ਜਾਂਦੇ ਸਮੇਂ ਹਰਮੇਸ਼ ਲਾਲ ਨੇ ਦਮ ਤੋੜ ਦਿੱਤਾ ਜਦ ਕਿ ਸਬਜ਼ੀ ਵਿਕਰੇਤਾ ਰੋਪੜ੍ਹ ਅਤੇ ਗੁਰਬਖਸ਼ ਕੌਰ ਚੰਡੀਗੜ੍ਹ ਵਿਖੇ ਇਲਾਜ ਅਧੀਨ ਹਨ। ਇਸ ਹਾਦਸੇ ਵਿੱਚ ਐਕਟਿਵਾ ਤੇ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨੀ ਗਏ। ਹੈਰਾਨੀ ਦੀ ਗੱਲ ਹੈ ਕਿ ਹਾਦਸੇ ਦੇ ਕਰੀਬ ਇਕ ਘੰਟਾ ਬਾਅਦ ਐਂਬੂਲੈਂਸ ਪਹੁੰਚੀ।
ਲੋਕਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਆਲਟੋ ਕਾਰ ਜਿਸ ਨਾਲ ਇਹ ਹਾਦਸਾ ਵਾਪਰਿਆ ਉਸ ਨੂੰ ਪਿੰਡ ਮਾਲੇਵਾਲ ਕੋਹਲੀ ਵਿਖੇ ਸਥਿਤ ਦੀਵਾਨ ਨਾਥ ਦੀ ਕੁਟੀਆ ਦਾ ਇੱਕ ਬਾਬਾ ਚਲਾ ਰਿਹਾ ਸੀ ਮੌਕੇ ਤੇ ਲੋਕਾਂ ਨੇ ਦੱਸਿਆ ਕਿ ਬਾਬਾ ਸ਼ਰਾਬ ਨਾਲ ਪੁਰੀ ਤਰ੍ਹਾਂ ਧੁੱਤ ਅਤੇ ਮੌਕੇ ਤੇ ਗੱਡੀ ਵਿੱਚੋਂ ਸ਼ਰਾਬ ਦੀ ਬੋਤਲ ਵੀ ਪਈ ਦੇਖੀ ਗਈ ਸਤਿ ਜਿਸ ਨੇ ਸ਼ਰਾਬ ਆਦਿ ਦਾ ਨਸ਼ਾ ਵੀ ਕੀਤਾ ਹੋਇਆ ਸੀ।


