ਦਿਲਜੀਤ ਸ਼ੋਅ ਦੇ ਚੰਡੀਗੜ੍ਹ ਸ਼ੋਅ ਵਿਚ ਹੋਏ ਸ਼ੋਅ ਦੀਆਂ ਨਕਲੀ ਟਿਕਟਾਂ ਵੇਚਣ ਵਾਲਿਆਂ ਖਿਲਾਫ ਚੰਡੀਗੜ੍ਹ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਤਹਿਤ 5 ਲੋਕਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਦਿਲਜੀਤ ਦੁਸਾਂਝ ਦੇ ਸ਼ੋਅ ਦੀਆਂ ਫਰਜ਼ੀ ਟਿਕਟਾਂ ਦੇ ਕੇ 8.22 ਲੱਖ ਰੁਪਏ ਦੀ ਠੱਗੀ ਮਾਰੀ ਗਈ ਸੀ। ਠੱਗਾਂ ਨੇ ਜ਼ੀਰਕਪੁਰ ਦੇ ਮਾਇਆ ਗਾਰਡਨ ਦੇ ਵਿਅਕਤੀ ਨੂੰ 98 ਟਿਕਟਾਂ ਦੇਣ ਦਾ ਵਾਅਦਾ ਕੀਤਾ ਸੀ ਪਰ ਸਿਰਫ 8 ਟਿਕਟਾਂ ਦਿੱਤੀਆਂ ਜੋ ਕਿ ਫਰਜ਼ੀ ਨਿਕਲੀਆਂ।
ਠੱਗੀ ਦਾ ਸ਼ਿਕਾਰ ਹੋਏ ਸੰਸਕਾਰ ਰਾਵਤ ਦੀ ਸ਼ਿਕਾਇਤ ‘ਤੇ ਚੰਡੀਗੜ੍ਹ ਥਾਣਾ ਪੁਲਿਸ ਨੇ 5 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਚੰਡੀਗੜ੍ਹ ਸੈਕਟਰ-42 ਵਾਸੀ ਪਰਵ ਤੇ ਉਸ ਦੇ ਦੋਸਤ ਵਰਦਾਨ ਮਾਨ, ਵਿਨੀਤ ਪਾਲ, ਆਕਾਸ਼ਦੀਪ ਸਿੰਘ ਤੇ ਰੋਹਨ ਵਜੋਂ ਹੋਈ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਵਤ ਨੇ ਦੱਸਿਆ ਕਿ ਉਸ ਦੀ ਮੁਲਾਕਾਤ ਸੈਕਟਰ-42 ਵਾਸੀ ਪਰਵ ਕੁਮਾਰ ਨਾਲ ਹੋਈ ਸੀ। ਪਰਵ ਨੇ ਉੁਸ ਨੂੰ ਕਿਹਾ ਕਿ ਉਹ ਆਪਣੇ 4 ਦੋਸਤ ਵਰਦਾਨ ਮਾਨ, ਵਿਨੀਤ ਪਾਲ, ਆਕਾਸ਼ਦੀਪ ਸਿੰਘ ਤੇ ਰੋਹਨ ਦੇ ਨਾਲ ਮਿਲ ਕੇ ਦਿਲਜੀਤ ਦੁਸਾਂਝ ਦੇ ਸ਼ੋਅ ਦੀ ਟਿਕਟ ਵੇਚਣ ਦਾ ਕੰਮ ਕਰ ਰਿਹਾ ਹੈ। ਗੱਲਬਾਤ ਤੋਂ ਬਾਅਦ ਸੰਸਕਾਰ ਰਾਵਤ ਨੇ 98 ਟਿਕਟਾਂ ਖਰੀਦਣ ਦਾ ਸੌਦਾ ਕੀਤਾ, ਜਿਸ ਵਿਚ 17 ਫੈਨਪਿਟ, 3 ਸਿਲਵਰ ਤੇ 78 ਗੋਲਡ ਟਿਕਟ ਵੇਚਣ ਸ਼ਾਮਲ ਸਨ। ਇਸ ਲਈ ਉਸ ਨੇ 19 ਸਤੰਬਰ ਨੂੰ 96 ਹਜ਼ਾਰ ਆਨਲਾਈਨ ਟਰਾਂਸਫਰ ਕੀਤੇ।
ਰਾਵਤ ਨੇ ਦੱਸਿਆ ਕਿ 96 ਹਜ਼ਾਰ ਟਰਾਂਸਫਰ ਕਰਨ ਦੇ ਬਾਅਦ ਪਰਵ ਨੇ ਕਿਹਾ ਕਿ ਪੂਰੀ ਪੇਮੈਂਟ ਭੇਜੋ ਜਿਸ ਦੇ ਬਾਅਦ ਉਸ ਨੇ 24 ਅਕਤੂਬਰ ਨੂੰ 40 ਹਜ਼ਾਰ ਹੋਰ ਜਮ੍ਹਾ ਕਰਵਾਏ। 9 ਅਕਤੂਬਰ ਤੱਕ ਉਸ ਨੇ ਆਨਲਾਈਨ 7 ਲੱਖ ਟਰਾਂਸਫਰ ਕਰ ਦਿੱਤੇ। ਮੁਲਜ਼ਮਾਂ ਨੇ ਵਾਰ-ਵਾਰ ਟਿਕਟ ਦੇਣ ਦਾ ਵਾਅਦਾ ਕੀਤਾ ਪਰ ਜਦੋਂ 9 ਦਸੰਬਰ ਨੂੰ ਵਰਦਾਨ ਮਾਨ ਉਸ ਦੇ ਘਰ ਆਇਆ ਤਾਂ ਸਿਰਫ 3 ਅਸਲੀ ਟਿਕਟਾਂ ਦਿੱਤੀਆਂ।