Join
Thursday, March 12, 2026
Thursday, March 12, 2026

ਜਦੋਂ ਚੈਨ ਸਿਹੁੰ ਨੇ ਸ਼ਾਂਤੀ ਦੇਵੀ ਨੂੰ ਮੌਕਾ ਦਿੱਤਾ

ਨੂਰ ਸੰਤੋਖਪੁਰੀ

ਕਮਲ ਦੇ ਫੁੱਲਾਂ ਵਰਗੇ ਨੈਣਾਂ ਵਾਲੀ, ਕਮਾਨੀਦਾਰ ਤਿੱਖੇ ਭਰਵੱਟਿਆਂ ਵਾਲੀ, ਕਸ਼ਮੀਰੀ ਸੇਬਾਂ ਵਰਗੀਆਂ ਗੱਲ੍ਹਾਂ ਵਾਲੀ, ਚਮਕਦੇ ਕੋਕੇ ਵਾਲੀ, ਗੁਲਾਬੀ ਪੱਤੀਆਂ ਵਰਗੇ ਬੁੱਲ੍ਹਾਂ ਵਾਲੀ ਸ਼ਾਂਤੀ ਦੇਵੀ ਪਿਛਲੇ ਕਈ ਮਹੀਨਿਆਂ ਤੋਂ ਚੈਨ ਸਿਹੁੰ ਨਾਲ ਅੱਖ-ਮਟੱਕਾ ਕਰਦੀ ਆ ਰਹੀ ਸੀ | ਮੋਨਾਲਿਸਾ ਦੇ ਬੁੱਲ੍ਹਾਂ ਵਾਲੀ ਮੁਸਕਰਾਹਟ ਆਪਣੇ ਬੁੱਲ੍ਹਾਂ ‘ਤੇ ਸਜਾ ਕੇ ਉਹਦੇ ਵੱਲ ਵੇਹਿੰਦਿਆਂ ਹੀ ਖਿੰਡਾ ਰਹੀ ਸੀ | ਅੰਤਾਂ ਦੇ ਸ਼ਰਮਾਕਲ ਸੁਭਾਅ ਵਾਲਾ, ਘੱਟ ਬੋਲਣ ਤੇ ਵੱਧ ਸੁਣਨ ਵਾਲਾ, ਆਪਣੀ ਵਹੁਟੀ ਲੜਾਕੀ ਬਾਈ ਦੀਆਂ ਘੂਰੀਆਂ ਦੇ ਘੇਰੇ ‘ਚ ਘਿਰਿਆ ਰਹਿਣ ਵਾਲਾ ਚੈਨ ਸਿਹੁੰ ਚਾਹ ਕੇ ਵੀ ਸ਼ਾਂਤੀ ਦੇਵੀ ਦੇ ਅੱਖ-ਮਟੱਕੇ ਦਾ, ਉਹਦੀ ਖ਼ੁਸ਼ਬੂਦਾਰ ਮੁਸਕਰਾਹਟ ਦਾ ਜੁਆਬ ਦੇ ਨਹੀਂ ਪਾ ਰਿਹਾ ਸੀ | ਗਲੀ ਵਿੱਚੋਂ ਲੰਘਦਿਆਂ-ਵੜਦਿਆਂ ਸ਼ਾਂਤੀ ਦੇਵੀ ਦੇ ਐਨ ਸਾਹਮਣੇ ਆ ਜਾਣ ‘ਤੇ ਉਹ ਤਹਿਜ਼ੀਬ ਦੇ ਅਦਬ ਦਾ ਮਾਰਿਆ ਨੀਵੀਂ ਪਾ ਲੈਂਦਾ | ਉਹਦੇ ਵੱਲ ਸਿੱਧਾ ਨਾ ਝਾਕ ਕੇ ਲੁਕ-ਲੁਕ ਕੇ ਝਾਕ ਲੈਂਦਾ | ਅੱਗਿਓਾ ਉਹ ਅੱਖਾਂ ਮਟਕਾ ਕੇ, ਗੜਵੀ ਵਰਗਾ ਲੱਕ ਹਿਲਾ-ਹਿਲਾ ਕੇ ਅਤੇ ਮੁਸਕਰਾਹਟ ਖਿੰਡਾ ਕੇ ਲੰਘ ਜਾਂਦੀ | ਚੈਨ ਸਿਹੁੰ ਦੇ ਮਨ ਦਾ ਸਾਰਾ ਚੈਨ, ਕਰਾਰ ਖੋਹ ਕੇ ਲੈ ਜਾਂਦੀ | ਉਸ ਨੂੰ ਧੁਰ-ਅੰਦਰ ਤੱਕ ਜ਼ਰਕਾ ਕੇ, ਹਿਲਾ ਕੇ ਟੁਰ ਜਾਂਦੀ | ਚੈਨ ਸਿਹੁੰ ਆਪਣੇ ਬੁੜ੍ਹਕਦੇ ਦਿਲ ਉੱਪਰ ਹੱਥ ਰੱਖ ਲੈਂਦਾ ਤੇ ਠੰਡੇ-ਠਾਰ ਹਉਕੇ ਭਰ ਕੇ ਆਪਣੇ ਤੜਪਦੇ-ਤਰਸਦੇ ਦਿਲ ਨੂੰ ਸ਼ਾਂਤ ਕਰਨ ਦਾ ਯਤਨ ਤੇ ਤਰੱਦਦ ਕਰਦਾ |
ਜਦੋਂ ਕਦੇ ਆਪਣੇ ਘਰ ਦੀ ਛੱਤ ਉੱਪਰ ਟਹਿਲਦੇ ਹੋਏ ਚੈਨ ਸਿਹੁੰ ਵੱਲ ਆਪਣੇ ਘਰ ਦੇ ਬਨੇਰੇ ਕੋਲ ਖੜ੍ਹੀ ਸ਼ਾਂਤੀ ਦੇਵੀ ਆਪਣੀ ਨਜ਼ਰ ਦਾ ਪੁਲ ਬਣਾ ਕੇ ਉਹਦੇ ਤੱਕ ਆਪਣੇ ਗੁਲਾਬੀ ਬੁੱਲ੍ਹਾਂ ਦੀ ਮੁਸਕਰਾਹਟ ਦੀ ਮਹਿਕ ਮੋਟੀਆਂ-ਮੋਟੀਆਂ ਅੱਖਾਂ ਦੀ ਚਮਕ ਘੱਲਦੀ, ਤਾਂ ਚੈਨ ਸਿਹੁੰ ਨਿਹਾਲ-ਨਿਹਾਲ ਹੋ ਜਾਂਦਾ | ਦਰਮਿਆਨ ਤਿੰਨ-ਚਾਰ ਘਰਾਂ ਦਾ ਫ਼ਾਸਲਾ ਹੋਣ ਦੇ ਬਾਵਜੂਦ ਚੈਨ ਸਿਹੁੰ ਨੂੰ ਕੋਈ ਫ਼ਾਸਲਾ ਮਹਿਸੂਸ ਨਾ ਹੁੰਦਾ | ਕੁੱਝ ਦੂਰੀ ‘ਤੇ ਖੜ੍ਹੀ ਹੋਣ ਕਰਕੇ ਸ਼ਾਂਤੀ ਦੇਵੀ ਵੱਲ ਸਿੱਧਿਆਂ ਝਾਕਣ ਦਾ ਲੁਤਫ਼ ਵੀ ਉਠਾ ਲੈਂਦਾ | ਮੁਸਕਰਾ ਵੀ ਪੈਂਦਾ | ਕਾਲਜੇ ਕੁੱਝ ਕੁ ਠੰਡ ਪਾ ਵੀ ਲੈਂਦਾ | ਇਸ ਦੌਰਾਨ ਖ਼ਿਆਲ ਰੱਖਦਾ ਕਿ ਪੋਲੇ-ਪੈਰੀਂ ਲੜਾਕੀ ਬਾਈ ਵੀ ਕਿਤੇ ਛੱਤ ਉੱਪਰ ਚੜ੍ਹ ਨਾ ਆਵੇ | ਜਾਂ ਉਹਦੀ ਬਟਾਲੀਅਨ ਦੇ ਜੇ.ਸੀ.ਓਜ਼ (ਚੁਸਤ ਬੇਟੇ) ਟੋਹ ਲੈਣ ਲਈ ਨਾ ਆ ਜਾਣ |
ਹੁਣ ਉਹ ਸ਼ਾਂਤੀ ਦੇਵੀ ਨਾਲ ਕੁੱਝ ਬੋਲ ਤੇ ਵਲਵਲੇ ਸਾਂਝੇ ਕਰਨ ਆਸਤੇ ਬਿਹਵਲ ਤੇ ਬੇਚੈਨ ਹੋ ਉੱਠਿਆ | ਪਿਛਲੇ ਕਈ ਵਰਿ੍ਹਆਂ ਤੋਂ ਆਪਣੀ ਪਤਨੀ ਲੜਾਕੀ ਬਾਈ ਦੇ ਲੜਾਕੇ ਅਤੇ ਕੌੜੇ ਸੁਭਾਅ ਤੇ ਸਖ਼ਤ ਵਿਹਾਰ ਕਾਰਨ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਵੀਰਾਨੀ ਛਾਈ ਮਹਿਸੂਸ ਹੁੰਦੀ ਆ ਰਹੀ ਸੀ | ਉਸ ਦੇ ਮਨ ਉੱਪਰ ਉਦਾਸੀ ਛਾਈ ਰਹਿੰਦੀ ਸੀ | ਉਹ ਖੁੱਲ੍ਹ ਕੇ ਬੋਲਣ ਅਤੇ ਗੇਂਦੇ ਦੇ ਫੁੱਲ ਵਾਂਗ ਖਿੜ-ਖਿੜਾ ਕੇ ਹੱਸਣ ਲਈ ਤਰਸ ਈ ਗਿਆ ਸੀ | ਉਹ ਲੜਾਕੀ ਬਾਈ ਦੀ ਦਹਿਸ਼ਤ ਤੋਂ ਆਜ਼ਾਦ ਹੋਣਾ ਚਾਹੁੰਦਾ ਸੀ | ਉਸ ਨੂੰ ਆਪਣੀ ਵਹੁਟੀ, ਸ਼ਰੀਕੇ-ਹਯਾਤ ਘੱਟ ਅਤੇ ਦਹਿਸ਼ਤਗਰਦ ਵੱਧ ਨਜ਼ਰ ਆਉਂਦੀ ਸੀ | ਗੱਲ-ਗੱਲ ‘ਤੇ ਗੱਲ ਪੈਣ ਵਾਲੀ, ਟੋਕਾ-ਟਾਕੀ ਕਰਨ ਵਾਲੀ, ਟਿੰਡ ਵਿੱਚ ਕਾਨਾ ਪਾਈ ਰੱਖਣ ਵਾਲੀ, ਹਰ ਵੇਲੇ ਸ਼ੱਕ ਦੀਆਂ ਸੂਈਆਂ ਚੁਭੋਣ ਵਾਲੀ ਲੜਾਕੀ ਬਾਈ ਹੱਥੋਂ ਚੈਨ ਸਿਹੁੰ ਡਾਢਾ ਤੰਗ ਆਇਆ ਪਿਆ ਸੀ | ਹੁਣ ਉਹ ਮਨ ਦਾ ਚੈਨ-ਕਰਾਰ ਪਾਉਣ ਲਈ, ਸ਼ਾਂਤੀ ਨਾਲ ਸਾਂਝ ਪਾਉਣ ਲਈ ਸ਼ਾਂਤੀ ਦੇਵੀ ਨੂੰ ਮੌਕਾ ਦੇਣਾ ਚਾਹੁੰਦਾ ਸੀ | ਲੜਾਕੀ ਬਾਈ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ |
ਦਫ਼ਤਰ ਵਿੱਚ ਆਪਣੇ ਹਮਰਾਜ਼, ਆਪਣੇ ਦੋਸਤ ਸ਼ਰਾਫ਼ਤ ਅਲੀ ਨੂੰ ਆਪਣੀ ਸਾਰੀ ਕਥਾ-ਵਾਰਤਾ, ਸ਼ਾਂਤੀ ਦੇਵੀ ਦੀ ਉਸ ਵੱਲ ਖਿੱਚ ਅਤੇ ਉਹਦੀ ਆਪਣੀ ਸ਼ਾਂਤੀ ਦੇਵੀ ਵੱਲ ਵਧਦੀ ਹਸਰਤ ਬਾਰੇ ਦੱਸ ਕੇ ਉਸ ਤੋਂ ਸਲਾਹ ਮੰਗੀ | ਸ਼ਾਂਤੀ ਦੇਵੀ ਤੱਕ ਪਹੁੰਚਣ ਦੀ ਰਾਹ ਪੁੱਛੀ | ਮਿੰਨ੍ਹਾ-ਮੀਸਣਾ ਤੇ ਸਿਰੇ ਦੇ ਸ਼ਰਾਰਤੀ ਸੁਭਾਅ ਵਾਲੇ ਸ਼ਰਾਫ਼ਤ ਅਲੀ ਨੇ ਚੈਨ ਸਿਹੁੰ ਨੂੰ ਹੱਲਾਸ਼ੇਰੀ ਨੁਮਾ ਸਲਾਹ ਦਿੰਦਿਆਂ ਆਖਿਆ, ”ਚੈਨ ਸਿਹਾਂ! ਜਦ ਲੜਾਈਆਂ ਦੇ ਭਾਂਬੜ ਥਾਂ-ਥਾਂ ਮਚਾਉਣ ਵਾਲਾ ਅਮਰੀਕਾ, ਚੁਆਤੀਆਂ ਲਾਉਣ ਵਾਲਾ ਚੀਨ ਕਹਿ ਰਿਹਾ ਹੋਵੇ ਕਿ ਸ਼ਾਂਤੀ ਨੂੰ ਮੌਕਾ ਦੇਣਾ ਚਾਹੀਦਾ ਹੈ | ਜਦ ਬਹੁਤ ਸਾਰੇ ਮਾਨਵਤਾਵਾਦੀ ਨੇਤਾ, ਬੁੱਧੀਜੀਵ, ਦਾਨਿਸ਼ਵਰ ਕਹਿ ਰਹੇ ਹੋਣ ਕਿ ਸ਼ਾਂਤੀ ਨੂੰ ਮੌਕਾ ਦੇਣਾ ਚਾਹੀਦਾ ਹੈ, ਤਾਂ ਤੈਨੂੰ ਵੀ ਸ਼ਾਂਤੀ ਦੇਵੀ ਨੂੰ ਮੌਕਾ ਦੇਣਾ ਚਾਹੀਦਾ ਹੈ | ਤੇਰੀ ਵਹੁਟੀ ਲੜਾਕੀ ਬਾਈ ਵਰਗੀਆਂ ਜੰਗਬਾਜ਼, ਲੜਾਕੀਆਂ ਲੋਕਣੀਆਂ ਤੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸ਼ਾਂਤੀ ਨੂੰ ਮੌਕਾ ਦੇਣ ਨਾਲ, ਸ਼ਾਂਤੀ ਨੂੰ ਅਪਣਾਉਣ ਨਾਲ ਜ਼ਿੰਦਗੀ ਵਿੱਚ ਬਹਾਰ ਆ ਜਾਂਦੀ ਏ | ਤੂੰ ਹੌਸਲਾ ਕਰਕੇ ਸ਼ਾਂਤੀ ਦੇਵੀ ਨਾਲ ਬੋਲਾਂ ਦੀ ਸਾਂਝ ਪਾ ਲੈ! ਦਿਲ ਨਾਲ ਦਿਲ ਦਾ ਕੰਗਣ ਛਣਕਾ ਲੈ |”
ਸ਼ਰਾਫ਼ਤ ਅਲੀ ਦੀ ਹੱਲਾਸ਼ੇਰੀ ਕਾਰਨ ਚੈਨ ਸਿਹੁੰ ਨੇ ਦਲੇਰੀ ਵਿਖਾਈ ਅਤੇ ਸ਼ਾਂਤੀ ਦੇਵੀ ਨਾਲ ਬੋਲ ਸਾਂਝੇ, ਦਿਲ ਦੇ ਵਲਵਲੇ ਸਾਂਝੇ ਕਰਨ ਲੱਗ ਪਿਆ | ਉੱਧਰੋਂ ਸ਼ਾਂਤੀ ਦੇਵੀ ਵੀ ਆਪਣੇ ਭੈੜੇ ਸੁਭਾਅ ਵਾਲੇ ਅਤੇ ਉਸ ਨਾਲ ਅਕਸਰ ਕੁੱਟਮਾਰ ਕਰਨ ਵਾਲੇ ਪਤੀ ਹੱਥੋਂ ਡਾਢੀ ਤੰਗ ਆਈ ਹੋਈ, ਸਾਊ ਸੁਭਾਅ ਵਾਲੇ ਚੈਨ ਸਿਹੁੰ ਨਾਲ ਦਿਲ ਦਾ ਦਰਦ ਸਾਂਝਾ ਕਰਨ ਲਈ ਬੇਕਰਾਰ ਹੋਈ ਪਈ ਸੀ | ਉਹ ਵੀ ਮਨ ਦਾ ਚੈਨ ਤੇ ਕਰਾਰ ਪਾਉਣਾ ਚਾਹੁੰਦੀ ਸੀ | ਇਸ ਲਈ ਉਹ ਦੋਵੇਂ ਚੋਰੀ-ਚੋਰੀ ਕਦੇ ਪਾਰਕ ‘ਚ, ਕਦੇ ਸਬਜ਼ੀ ਮੰਡੀ ‘ਚ, ਕਦੇ ਕਿਤੇ ਹੋਰ ਆਪਸ ‘ਚ ਮਿਲਣ-ਗਿਲਣ ਲੱਗ ਪਏ | ਲੇਕਿਨ…
ਚੈਨ ਸਿਹੁੰ ਅਤੇ ਸ਼ਾਂਤੀ ਦੇਵੀ ਦਾ ਆਪਸ ‘ਚ ਮਿਲਣਾ-ਗਿਲਣਾ, ਪਿਆਰ ਦੀ ਰੰਗਲੀ ਪੀਂਘ ਰਲ ਕੇ ਝੂਟਣਾ ਬਹੁਤੇ ਦਿਨ ਨਹੀਂ ਚੱਲ ਸਕਿਆ | ਲੜਾਕੀ ਬਾਈ ਦੇ ਜੇ.ਸੀ.ਓਜ਼. ਭਾਵ ਦੋਵੇਂ ਪੁੱਤਰਾਂ ਅਤੇ ਮੁਹੱਲੇ ਦੀਆਂ ਹੋਰ ਵਿਰੋਧੀ ਧਿਰਾਂ ਕਾਰਨ ਲੜਾਕੀ ਬਾਈ ਨੂੰ ਚੈਨ ਸਿਹੁੰ ਤੇ ਸ਼ਾਂਤੀ ਦੇਵੀ ਦੇ ਪਿਆਰ-ਅਫ਼ਸਾਨੇ ਦਾ ਪਤਾ ਲੱਗ ਗਿਆ | ਇਕ ਦਿਨ ਉਸ ਨੇ ਆਪਣੇ ਬੈੱਡਰੂਮ ਦਾ ਅੰਦਰੋਂ ਕੁੰਡਾ ਲਾ ਕੇ, ਆਪਣੇ ਪਤੀ ਨੂੰ ਬੈੱਡ ਉੱਪਰ ਸੁੱਟ ਕੇ ਘੋਟਣੇ ਨਾਲ ਅਜਿਹਾ ਘੋਟਾ ਲਾਇਆ, ਅਜਿਹਾ ਰਗੜੇ ‘ਤੇ ਰਗੜਾ ਲਾਇਆ ਕਿ ਜਿਬ੍ਹਾ ਕੀਤੇ ਜਾਂਦੇ ਕਿਸੇ ਬਕਰੇ ਵਾਂਗ ਉਹ ਵਿਲਕ ਉੱਠਿਆ | ਕੁਰਲਾ ਉੱਠਿਆ | ਲੜਾਕੀ ਬਾਈ ਦੇ ਪੈਰੀਂ ਪੈ ਗਿਆ ਤੇ ਰੋ-ਰੋ ਕੇ ਕਹਿਣ ਲੱਗਿਆ, ”ਮੈਨੂੰ ਮਾਫ਼ ਕਰ ਦੇ! ਅੱਗੇ ਤੋਂ ਮੈਂ ਕਦੇ ਕਿਸੇ ਸ਼ਾਂਤੀ-ਸ਼ੂੰਤੀ ਨੂੰ ਕੋਈ ਮੌਕਾ ਨੲ੍ਹੀਂ ਦੇਵਾਂਗਾ |”


ਨੂਰ ਸੰਤੋਖਪੁਰੀ, ਬੀ. ਐਕਸ/925, ਮੁਹੱਲਾ ਸੰਤੋਖਪੁਰਾ, ਹੁਸ਼ਿਆਰਪੁਰ ਰੋਡ, ਜਲੰਧਰ-144008, ਫ਼ੋਨ ਨੰ. 9872254990

Related Articles

LEAVE A REPLY

Please enter your comment!
Please enter your name here

Latest Articles