ਨਵਾਂਸ਼ਹਿਰ /ਕਾਠਗੜ੍ਹ 20 ਮਈ ( ਜਤਿੰਦਰਪਾਲ ਸਿੰਘ ਕਲੇਰ)
ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਮੋਹਾਲੀ ਵਿੱਚ ਪੜ੍ਹਦੇ ਪਿੰਡ ਰਾਏਪੁਰ ਦੇ ਹਰਸ਼ ਪੁੱਤਰ ਦਿਲਬਾਗ ਨੇ ਨਾਨ ਮੈਡੀਕਲ ਵਿਸ਼ੇ ਵਿੱਚੋਂ 500 ਚੋਂ 480 ਅੰਕ ਪ੍ਰਾਪਤ ਕਰਕੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਜਿਕਰਯੋਗ ਹੈ ਕਿ 96 ਫ਼ੀਸਦੀ ਅੰਕ ਲੈਣ ਵਾਲਾ ਹਰਸ਼ ਸਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ ਜਿਸ ਦਾ ਪਿਤਾ ਦਿਲਬਾਗ ਪੇਂਟਰ ਦਾ ਕੰਮ ਕਰਦਾ ਹੈ ਤੇ ਮਾਤਾ ਮਨਰੇਗਾ ਵਿੱਚ ਕੰਮ ਕਰਦੀ ਹੈ। ਆਪਣੇ ਪੁੱਤਰ ਦੀ ਇਸ ਪ੍ਰਾਪਤੀ ਤੇ ਮਾਪਿਆਂ ਦਿਲਬਾਗ ਤੇ ਮਨਜੀਤ ਕੌਰ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਹਰਸ਼ ਦੀ ਇਸ ਪ੍ਰਾਪਤੀ ਪਿੱਛੇ ਉਸ ਦੀ ਸਖ਼ਤ ਮਿਹਨਤ ਅਤੇ ਲਗਨ ਹੈ, ਉਹਨਾਂ ਸਕੂਲ ਅਧਿਆਪਕਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਸਬੰਧੀ ਰਾਏਪੁਰ ਵਿਖੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਹਰਸ਼ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਅਧਿਆਪਕ ਬਣਨਾ ਚਾਹੁੰਦਾ ਹੈ। ਇਹ ਵੀ ਦੱਸਣਯੋਗ ਹੈ ਕਿ ਹਰਸ਼ ਦੀ ਛੋਟੀ ਭੈਣ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਨਿਆਲੀ ਕਲਾਂ ਵਿਖੇ ਪੜ੍ਹਦੀ ਹੈ ਉਸ ਨੇ ਵੀ ਨੌਵੀਂ ਜਮਾਤ ਵਿੱਚੋ ਪਹਿਲਾ ਸਥਾਨ ਹਾਸਲ ਕੀਤਾ ਹੈ। ਇਹਨਾਂ ਬੱਚਿਆਂ ਦੀ ਇਸ ਪ੍ਰਾਪਤੀ ਤੇ ਉਹਨਾਂ ਦੀ ਪਿੰਡ ਰਾਏਪੁਰ ਦੇ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾ ਰਹੇ ਮੈਡਮ ਪੂਨਮ ਰਾਣਾ ਨੇ ਅਤੇ ਹੋਰ ਅਧਿਆਪਕਾਂ ਤੇ ਪਿੰਡ ਵਾਸੀਆਂ ਨੇ ਵਧਾਈਆਂ ਦਿੱਤੀਆਂ।


