ਨਵਾਸ਼ਹਿਰ /ਕਾਠਗੜ੍ਹ, 15 ਮਈ (ਜਤਿੰਦਰਪਾਲ ਸਿੰਘ ਕਲੇਰ )
ਰਾਈਟ ਟੂ ਇਨਫਾਰਮੇਸ਼ਨ ਦਾ ਅਧਿਕਾਰ ਆਮ ਨਾਗਰਿਕਾਂ ਨੂੰ ਇਸ ਲਈ ਦਿੱਤਾ ਗਿਆ ਹੈ ਤਾਂ ਜੋ ਕੋਈ ਵੀ ਬਿਨੇਕਾਰ ਇਸ ਅਧਿਕਾਰ ਦੀ ਵਰਤੋਂ ਕਰਕੇ ਕਿਸੇ ਵੀ ਤਰਾਂ ਦੀ ਸੱਚਾਈ ਜਾਣ ਸਕੇ ਪ੍ਰੰਤੂ ਕੁੱਝ ਵਿਭਾਗਾਂ ਵੱਲੋਂ ਆਰਟੀਆਈ ਤਹਿਤ ਮੰਗੀ ਗਈ ਸੂਚਨਾ ਨੂੰ ਨਾ ਦੇਣਾ ਜਾਂ ਦੇਣ ਵਿੱਚ ਦੇਰੀ ਕਰਨਾ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦਾ ਹੈ ਜਿਸ ਤੋਂ ਲੋਕਾਂ ਦੇ ਮਨਾਂ ਵਿੱਚ ਨਿਰਾਸ਼ਾ ਪਾਈ ਜਾਂਦੀ ਹੈ। ਇਸੇ ਤਰ੍ਹਾਂ ਦੀ ਇੱਕ ਆਰਟੀਆਈ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬਲਾਚੌਰ ਅਧੀਨ ਪੈਂਦੇ ਪਿੰਡ ਰਾਏਪੁਰ (ਨੰਗਲ) ਦੇ ਵਸਨੀਕ ਜਰਨੈਲ ਸਿੰਘ ਪੁੱਤਰ ਕਰਤਾਰ ਸਿੰਘ ਵੱਲੋਂ ਪਬਲਿਕ ਇਨਫਾਰਮੇਸ਼ਨ ਅਫਸਰ ਉਪ ਮੰਡਲ ਮੈਜਿਸਟਰੇਟ ਬਲਾਚੋਰ ਨੂੰ 15 ਅਪ੍ਰੈਲ 2024 ਨੂੰ ਪਾਈ ਗਈ ਸੀ ਜਿਸ ਵਿੱਚ ਪ੍ਰਾਰਥੀ ਨੇ ਮੰਗ ਕੀਤੀ ਸੀ ਕਿ ਗ੍ਰਾਮ ਪੰਚਾਇਤ ਰਾਏਪੁਰ (ਨੰਗਲ) ਨੂੰ ਮਿਤੀ 01/4 /2019 ਤੋਂ 30/09/2024 ਤੱਕ ਮਿਲੇ ਵਿਕਾਸ ਦੇ ਕੰਮਾਂ ਲਈ ਫੰਡਜ਼/ ਗਰਾਟਾਂ, ਕੀਤੇ ਗਏ ਕੰਮਾਂ ਦਾ ਵੇਰਵਾ ਖਰਚ ਸਮੇਤ, ਫੰਡਾਂ /ਗਰਾਂਟਾਂ ਨੂੰ ਖਰਚਣ ਸਬੰਧੀ ਪਾਏ ਗਏ ਮਤੇ, ਬਣਾਈਆਂ ਗਲੀਆਂ ਦੇ ਵੇਰਵੇ ਸਮੇਤ ਲੰਬਾਈ ਤੇ ਨਾਮ ਕਿੱਥੋਂ ਸ਼ੁਰੂ ਕਰਕੇ ਕਿੱਥੋਂ ਤੱਕ, ਸ਼ਮਸ਼ਾਨ ਘਰ ਚੋਂ ਕੱਟੀ ਲੱਕੜ ਦੀ ਬੋਲੀ ਸਬੰਧੀ ਰਿਕਾਰਡ, ਪੰਚਾਇਤੀ ਜ਼ਮੀਨ ‘ਤੇ ਨਜਾਇਜ਼ ਕਬਜ਼ਿਆਂ ਦਾ ਵੇਰਵਾ, ਪੰਚਾਇਤੀ ਜਮੀਨ ਚੋਂ ਚੋਰੀ ਕੀਤੀ ਲੱਕੜ ਜੋ ਕਿ ਫੜੀ ਗਈ ਸੀ ਸਬੰਧੀ ਕੀਤੀ ਕਾਰਵਾਈ, ਖੜਕਾਨੇ ਦੀ ਬੋਲੀ ਤੋਂ ਹਾਸਲ ਕੀਤੀ ਰਕਮ ਤੇ ਖਰਚ ਕੀਤੀ ਰਕਮ, ਫਗਵਾੜਾ -ਰੋਪੜ ਸੜਕ ਦੀ ਉਸਾਰੀ ਲਈ ਅਕਵਾਇਰ ਕੀਤੀ ਪੰਚਾਇਤੀ ਭੂਮੀ ਤੋਂ ਮਿਲੀ ਰਕਮ ਤੇ ਖਰਚ ਦਾ ਵੇਰਵਾ, ਕਮਿਊਨਿਟੀ ਸੈਂਟਰ ਦੀ ਉਸਾਰੀ ਲਈ ਖਰਚ ਕੀਤੀ ਰਕਮ ਤੇ ਇਸ ਦੀ ਮੌਜੂਦਾ ਸਥਿਤੀ ਬਾਰੇ ਰਿਪੋਰਟ, ਮਨਰੇਗਾ ਦੇ ਚੱਲ ਰਹੇ ਕੰਮਾਂ ਅਤੇ ਕਾਮਿਆਂ ਦੀ ਹਾਜ਼ਰੀ ਸਮੇਤ ਕਾਰਡਾਂ ਦਾ ਵੇਰਵਾ ਆਦਿ ਸਬੰਧੀ ਤਸਦੀਕ ਸ਼ੁਦਾ ਨਕਲਾਂ ਆਰਟੀਆਈ ਐਕਟ 2005 ਤਹਿਤ ਮੰਗ ਕੀਤੀ ਸੀ ਲੇਕਿਨ ਵਿਭਾਗ ਵੱਲੋਂ ਉਕਤ ਸਾਰੀ ਜਾਣਕਾਰੀ ਅਜੇ ਤੱਕ ਨਹੀਂ ਦਿੱਤੀ ਗਈ ਜਿਸ ਕਾਰਨ ਪ੍ਰਾਰਥੀ ਦੇ ਮਨ ਵਿੱਚ ਸੂਚਨਾ ਦੇਣ ‘ਚ ਕੀਤੀ ਜਾ ਰਹੀ ਦੇਰੀ ਨੂੰ ਲੈ ਕੇ ਜਿੱਥੇ ਕਈ ਸਵਾਲ ਉੱਠ ਰਹੇ ਹਨ ਉਥੇ ਹੀ ਨਿਰਾਸ਼ਾ ਵੀ ਪਾਈ ਜਾ ਰਹੀ ਹੈ। ਜਰਨੈਲ ਸਿੰਘ ਨੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਆਰਟੀਆਈ ਤਹਿਤ ਸੂਚਨਾ ਜਲਦੀ ਅਤੇ ਸਹੀ ਤੱਥਾਂ ਸਮੇਤ ਦਿੱਤੀ ਜਾਵੇ ਤਾਂ ਜੋ ਸੱਚਾਈ ਲੋਕਾਂ ਦੇ ਸਾਹਮਣੇ ਆ ਸਕੇ।


