ਸ਼ਾਹਪੁਰ ਕੰਡੀ ਡੈਮ ਤਿਆਰ ਕਰਕੇ ਤਿੰਨ ਨਹਿਰਾਂ ਕੱਢਿਆ, 206 ਮੈਗਾਵਾਟ ਦੇ 2 ਸਟੇਸ਼ਨ ਤਿਆਰ ਜਲਦੀ ਲੋਕਾਂ ਨੂੰ ਮਿਲੇਗੀ ਰਾਹਤ
ਰੂਪਨਗਰ 07 ਮਈ (ਜਤਿੰਦਰਪਾਲ ਸਿੰਘ ਕਲੇਰ )
ਡਿਪਟੀ ਸਪੀਕਰ ਸ੍ਰੀ ਜੈ ਕ੍ਰਿਸ਼ਨ ਰੋੜੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ 6ਹਜਾਰ ਕਰੋੜ ਦੀ ਭੂ-ਜਲ ਯੋਜਨਾ ਤਹਿਤ ਰਾਜਸਥਾਨ ਤੇ ਹਰਿਆਣਾ ਨੂੰ ਆਪਣੇ ਪਾਣੀ ਦੇ ਪ੍ਰਬੰਧ ਕਰਨ ਲਈ ਫੰਡ ਅਲਾਂਟ ਕੀਤੇ ਪ੍ਰੰਤੂ ਪੰਜਾਬ ਨੂੰ ਕੁਝ ਨਹੀ ਦਿੱਤਾ। ਪੰਜਾਬ ਸਰਕਾਰ ਨੇ ਸ਼ਾਹਪੁਰ ਕੰਡੀ ਦੇ ਲਟਕਦੇ ਪ੍ਰੋਜੈਕਟ ਨੂੰ ਮੁਕੰਮਲ ਕਰਕੇ ਡੈਮ ਵਿੱਚ ਪਾਣੀ ਭਰ ਕੇ ਚੈਕ ਕਰ ਲਿਆ ਹੈ, 3 ਨਹਿਰਾਂ ਵਿੱਚੋ ਇੱਕ ਨਹਿਰ ਮੁਕੰਮਲ ਹੈ, 206 ਮੈਗਾਵਾਟ ਦੇ ਦੋ ਪਾਵਰ ਪਲਾਂਟ ਤਿਆਰ ਹੋ ਗਏ ਹਨ। ਅਸੀ ਪੰਜਾਬ ਦਾ ਭਵਿੱਖ ਸੁਰੱਖਿਅਤ ਰੱਖਣਾ ਹੈ ਇਸ ਲਈ ਆਪਣੇ ਸੂਬੇ ਦਾ ਵਾਧੂ ਪਾਣੀ ਦੀ ਇੱਕ ਬੂੰਦ ਵੀ ਹੋਰ ਸੂਬਿਆ ਨੂੰ ਨਹੀ ਦੇਣੀ।
ਅੱਜ ਨੰਗਲ ਡੈਮ ਦੇ ਦੌਰੇ ਤੇ ਗੜ੍ਹਸ਼ੰਕਰ ਤੋ ਆਪਣੇ ਹਲਕੇ ਦੇ ਜਾਗਰੂਕ ਨਾਗਰਿਕਾਂ ਨਾਲ ਵਿਸੇਸ਼ ਦੌਰੇ ਤੇ ਪਹੁੰਚੇ ਡਿਪਟੀ ਸਪੀਕਰ ਨੇ ਕਿਹਾ ਕਿ ਸਾਡੇ ਪੰਜਾਬ ਦੇ ਬਹੁਤ ਸਾਰੇ ਬਲਾਕ ਪਾਣੀ ਦੀ ਕਮੀ ਕਾਰਨ ਡਾਰਕ ਜੋਨ ਵਿਚ ਪਹੁੰਚ ਗਏ ਹਨ। ਡੂੰਘੇ ਬੋਰ ਵੀ ਧਰਤੀ ਹੇਠਲਾ ਪਾਣੀ ਦੇਣ ਤੋ ਅਸਮਰੱਥ ਹਨ। ਪਿੰਡਾਂ ਵਿੱਚ ਪਾਣੀ ਦੀ ਕਮੀ ਤਰਾਸਦੀ ਬਣ ਰਹੀ ਹੈ, ਜਦੋਂ ਕਿ ਹੋਰ ਸੂਬੇ ਆਪਣੇ ਸ੍ਰੋਤ ਵਰਤਣ ਦੀ ਥਾਂ ਸਾਡਾ ਪਾਣੀ ਖੋਹਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਕਦੇ ਵੀ ਕਿਸੇ ਨਾਲ ਲੜਾਈ ਨਹੀ ਚਾਹੁੰਦਾ ਪ੍ਰੰਤੂ ਕੇਂਦਰ ਦੀਆਂ ਪੰਜਾਬ ਵਿਰੋਧੀ ਨੀਤੀਆ ਸਾਨੂੰ ਵਿਵਾਦਾਂ ਵਿਚ ਪਾਉਣ ਦੀ ਯੋਜਨਾ ਬਣਾਉਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮਾਹਿਰਾ ਤਾ ਮੰਨਣਾ ਹੈ ਕਿ ਜੇਕਰ ਇਸੇ ਤਰਾਂ ਪੰਜਾਬ ਦੇ ਲੋਕ ਧਰਤੀ ਹੇਠਲਾ ਪਾਣੀ ਵਰਤਦੇ ਰਹੇ ਤਾਂ 2024 ਵਿਚ ਸਮੁੱਚਾ ਪੰਜਾਬ ਰੇਗਿਸਤਾਨ ਬਣ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹੁਣ ਪੰਜਾਬੀਆਂ ਨੂੰ ਵਹੀਕਲ, ਪ੍ਰਾਪਟੀ, ਮਹਿਲ, ਮੁਨਾਰੇ ਬਣਾਉਣ ਦੀ ਥਾਂ ਆਪਣੀ ਅਸਲੀ ਥਰੋਹਰ ਤੇ ਪੂੰਜੀ ਪਾਣੀ ਨੂੰ ਬਚਾਉਣ ਲਈ ਅੱਗੇ ਆਉਣ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਪੰਜਾਬੀਆਂ ਨੂੰ ਪਾਣੀ ਦੀ ਸੁਚੱਜੀ ਵਰਤੋ ਕਰਨੀ ਪਵੇਗੀ, ਯੋਜਨਾਬੱਧ ਢੰਗ ਨਾਲ ਸਿੰਚਾਈ ਕਰਕੇ ਕਿਸਾਨ ਪਾਣੀ ਨੂੰ ਬਚਾਉਣ ਅਤੇ ਵੱਧ ਮੁਨਾਫੇ ਕਮਾਂ ਕੇ ਆਪਣੀ ਆਰਥਿਕਤਾ ਮਜਬੂਤ ਕਰਨ, ਇਸ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਰਾਹੀ ਨਵੀਆਂ ਯੌਜਨਾਵਾਂ ਤਿਆਰ ਕੀਤੀਆਂ ਹਨ।


