Join
Wednesday, March 25, 2026
Wednesday, March 25, 2026

ਪੰਜਾਬ ਦੀ ਆਰਥਿਤਾ ਮੁਕੰਮਲ ਤੌਰ ਤੇ ਖੇਤੀਬਾੜੀ ਤੇ ਨਿਰਭਰ- ਹਰਜੋਤ ਬੈਂਸ

ਪਾਣੀ ਪੰਜਾਬ ਦੇ ਲੋਕਾਂ ਲਈ ਆਕਸੀਜਨ ਤੇ ਜੀਵਨ ਧਾਰਾ ਦਾ ਕੰਮ ਕਰ ਰਿਹਾ ਹੈ-ਕੈਬਨਿਟ ਮੰਤਰੀ 
ਹਰਜੋਤ ਬੈਂਸ ਨੇ ਵਿਧਾਨ ਸਭਾ ਵਿੱਚ ਬੀਬੀਐਮਬੀ ਦੀ ਧੱਕੇਸ਼ਾਹੀ ਦਾ ਜੋਰ ਸ਼ੋਰ ਨਾਲ ਚੁੱਕਿਆ ਮੁੱਦਾ 
ਜ਼ਮੀਨ ਹੇਠਲਾ ਪਾਣੀ ਵਰਤ ਕੇ ਪੰਜਾਬ ਵਿੱਚ ਹਾਲਾਤ ਬਦ ਤੋ ਬਦਤਰ ਹੋਏ- ਬੈਂਸ
ਸਰਕਾਰਾ ਦੀ ਅਣਗਹਿਲੀ ਕਾਰਨ ਡੈਮ, ਦਰਿਆਵਾ, ਨਹਿਰਾਂ ਨੇੜੇ ਪਿੰਡਾਂ ਦੇ ਲੋਕ ਪਾਣੀ ਲਈ ਤਰਸਦੇ ਰਹੇ 
ਮਾਨ ਸਰਕਾਰ ਦੀ ਕੋਸ਼ਿਸ਼ ਨਾਲ 10 ਹਜਾਰ ਏਕੜ ਰਕਬੇ ਨੂੰ ਹੁਣ ਸਿੰਚਾਈ ਲਈ ਮਿਲਿਆ ਪਾਣੀ, ਚੰਗਰ ਦਾ ਇਲਾਕਾ ਹਰਿਆ ਭਰਿਆ ਕਰਨ ਲਈ ਮਾਨ ਸਰਕਾਰ ਨੇ ਲਿਫਟ ਸਿੰਚਾਈ ਯੋਜਨਾ ਤੇ ਕੀਤਾ ਕੰਮ
ਵਾਧੂ ਪਾਣੀ ਦੀ ਇੱਕ ਬੂੰਦ ਵੀ ਹੋਰ ਸੂਬਿਆਂ ਨੂੰ ਨਹੀ ਜਾਣ ਦਵਾਂਗੇ- ਕੈਬਨਿਟ ਮੰਤਰੀ 

ਰੂਪਨਗਰ /ਨੰਗਲ 05  ਮਈ (ਜਤਿੰਦਰ ਪਾਲ ਸਿੰਘ ਕਲੇਰ )

ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਉਚੇਰੀ ਸਿੱਖਿਆ, ਸਕੂਲ ਸਿੱਖਿਆ , ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਭਾਸ਼ਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ  ਪੰਜਾਬ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਆਪਣੇ ਵਿਧਾਨ ਸਭਾ ਹਲਕੇ ਦੇ ਡੈਮ, ਦਰਿਆ, ਨਹਿਰਾਂ ਨੇੜੇ ਵਸੇ ਪਿੰਡਾਂ ਵਿੱਚ ਪਾਣੀ ਦੀ ਕਮੀ ਨਾਲ ਹੋਈ ਤਰਾਸਦੀ ਦਾ ਮੁੱਦਾ ਜੋਰ ਸ਼ੋਰ ਨਾਲ ਚੁੱਕਿਆ ਅਤੇ ਐਲਾਨ ਕੀਤਾ ਕਿ ਪੰਜਾਬ ਦੇ ਹੱਕ ਕੁਚਲ ਕੇ ਵਾਧੂ ਪਾਣੀ ਦੀ ਇੱਕ ਬੂੰਦ ਵੀ ਹੋਰ ਸੂਬਿਆਂ ਨੂੰ ਨਹੀ ਦਿੱਤੀ ਜਾਵੇਗੀ। ਇਸ ਦੇ ਲਈ ਨੰਗਲ ਡੈਮ ਅਤੇ ਲੋਹੱਡ ਖੱਡ ਤੇ ਸਾਡੇ ਵਰਕਰਾਂ ਤੇ ਪੰਜਾਬੀਆਂ ਨੇ ਪੱਕੇ ਮੋਰਚੇ ਗੱਡ ਦਿੱਤੇ ਹਨ। 

     ਪੰਜਾਬ ਦੀ ਮੁਕੱਦਸ ਵਿਧਾਨ ਸਭਾ ਵਿੱਚ ਆਪਣੇ ਸੰਬੋਧਨ ਦੌਰਾਨ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਵਿਰੁੱਧ ਹੋਏ ਗਲਤ ਫੈਸਲਿਆਂ ਦੇ ਹੱਕ ਵਿੱਚ ਸਮਰਥਨ ਦੇ ਕੇ ਵੱਡੀ ਗਲਤੀ ਕੀਤੀ ਹੈ ਪ੍ਰੰਤੂ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਿੱਤਾਂ ਤੇ ਹੱਕਾਂ ਲਈ ਹਰ ਸ਼ਹਾਦਤ ਦੇਣ ਲਈ ਤਿਆਰ ਬਰ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਨੇ ਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਸਭ ਤੋ ਵੱਧ 90 ਪ੍ਰਤੀਸ਼ਤ ਕੁਰਬਾਨੀਆ ਦਿੱਤੀਆਂ ਹਨ, ਅੱਜ ਵੀ ਜਦੋਂ ਦੇਸ਼ ਦੇ ਬਾਰਡਰ ਤੇ ਜੰਗ ਵਰਗੇ ਹਾਲਾਤ ਬਣਦੇ ਹਨ ਤਾਂ ਪੰਜਾਬੀ ਹੀ ਡੱਟ ਕੇ ਮੋਹਰੀ ਹੁੰਦੇ ਹਨ। ਪੰਜਾਬ ਦੇ ਲਗਭਗ ਹਰ ਪਿੰਡ ਵਿਚ ਕਿਸੇ ਨਾ ਕਿਸੇ ਸ਼ਹੀਦ ਦੀ ਯਾਦਗਾਰ ਇਸ ਗੱਲ ਦੀ ਪ੍ਰਤੱਖ ਗਵਾਹ ਹੈ। ਪੰਜਾਬ ਦੇ ਕਿਸਾਨਾਂ ਨੇ ਡੈਮਾਂ, ਨਹਿਰਾਂ, ਦਰਿਆਵਾ ਦੇ ਪਾਣੀ ਦੀ ਵਰਤੋਂ ਕਦੇ ਨਹੀ ਕੀਤੀ, ਸਗੋਂ ਸਾਡੇ ਕਿਸਾਨਾਂ ਨੇ ਦੇਸ਼ ਦੇ ਅਨਾਜ ਭੰਡਾਰ ਵਿਚ ਆਪਣਾ ਯੋਗਦਾਨ ਪਾਉਣ ਲਈ ਜ਼ਮੀਨ ਹੇਠਲਾ ਪਾਣੀ ਕੱਢ ਕੇ ਆਪਣੀ ਧਰਤੀ ਦੀ ਸਿਹਤ ਖਰਾਬ ਕਰ ਲਈ ਹੈ। 

    ਕੈਬਨਿਟ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਤਲੁਜ ਦਰਿਆ ਹੋਵੇ ਜਾਂ ਡੈਮ ਇਨ੍ਹਾਂ ਦੇ ਆਲੇ ਦੁਆਲੇ ਦੇ ਪਿੰਡਾਂ ਕੀਰਤਪੁਰ ਸਾਹਿਬ ਵਿੱਚ ਭਾਖੜਾ ਮੇਨ ਲਾਈਨ ਦੀ 50 ਮੀਟਰ ਦੂਰੀ ਤੇ ਵਸੇ ਪਿੰਡ ਜੀਓਵਾਲ ਅਤੇ ਭਾਖੜਾ ਡੈਮ ਤੋ 1 ਕਿਲੋਮੀਟਰ ਦੂਰ ਪਿੰਡ ਬਿਭੋਰ ਸਾਹਿਬ, ਬਾਸ, ਸਵਾਮੀਪੁਰ,ਖੇੜਾ ਆਦਿ ਦੇ ਲੋਕ ਅੱਜ ਵੀ ਸਿੰਚਾਈ ਦੇ ਪਾਣੀ ਲਈ ਤਰਸ ਰਹੇ ਹਨ,ਤਰਾਸਦੀ ਹੈ ਕਿ ਪ੍ਰੰਤੂ ਇਨ੍ਹਾਂ ਪਿੰਡਾਂ ਦੇ ਲੋਕਾਂ ਕੋਲ ਨਾਂ ਸਿੰਚਾਈ ਲਈ ਪਾਣੀ ਹੈ ਨਾ ਪੀਣ ਲਈ ਪਾਣੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਹਲਕੇ ਦੇ ਨੀਮ ਪਹਾੜੀ ਇਲਾਕੇ ਚੰਗਰ ਵਿੱਚ 70 ਸਾਲਾ ਤੋ ਲੋਕ ਪਾਣੀ ਨੂੰ ਤਰਸ ਰਹੇ ਹਨ, ਗਰਮੀਆਂ ਵਿੱਚ ਆਪਣੇ ਪਸ਼ੂ ਲੈ ਕੇ ਦਰਿਆਵਾ ਕੰਢੇ ਨੀਚੇ ਆ ਜਾਂਦੇ ਹਨ। ਹੁਣ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲਿਫਟ ਸਿੰਚਾਈ ਯੋਜਨਾ ਰਾਹੀ ਇਨ੍ਹਾਂ ਪਿੰਡਾਂ ਨੂੰ ਪਾਣੀ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਸਾਡੀਆਂ ਸਾਰਥਕ ਯੋਜਨਾਵਾ ਕਾਰਨ 10 ਹਜ਼ਾਰ ਏਕੜ ਰਕਬੇ ਨੂੰ ਸਿੰਚਾਈ ਲਈ ਪਾਣੀ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਡੈਮ ਬਣਾਉਣ ਦਾ ਅਸਲ ਮਨੋਰਥ ਸਿੰਚਾਈ ਲਈ ਪਾਣੀ ਦਾ ਪ੍ਰਬੰਧ ਕਰਨਾ ਸੀ ਅਤੇ ਪੰਜਾਬ ਦੇ ਲੋਕਾਂ ਲਈ ਪਾਣੀ ਆਕਸੀਜਨ ਹੈ ਅਤੇ ਇਸ ਸੂਬੇ ਦੀ ਆਰਥਿਕਤਾ ਪਾਣੀ ਤੇ ਹੀ ਨਿਰਭਰ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਹੋਰ ਸ੍ਰੋਤ ਨਹੀ ਹਨ, ਜਿਵੇਂ ਕਿ ਪੱਥਰ, ਕੋਲਾ, ਸੋਨਾ, ਤੇਲ ਜਿਸ ਤੋਂ ਆਰਥਿਕਤਾ ਮਜਬੂਤ ਹੋ ਸਕੇ। ਸਾਡਾ ਪਾਣੀ ਮੁਫਤ ਵਿਚ ਹੋਰ ਰਾਜਾਂ ਨੂੰ ਗਲਤ ਢੰਗ ਨਾਲ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਹੈ। 

    ਸ.ਬੈਂਸ ਨੇ ਕਿਹਾ ਕਿ ਬੀਬੀਐਮਬੀ ਨੇ ਹਮੇਸ਼ਾ ਪੰਜਾਬ ਨਾਲ ਧੱਕੇਸ਼ਾਹੀ ਕੀਤੀ ਹੈ, ਸਾਡੀ ਹਜ਼ਾਰਾ ਏਕੜ ਜ਼ਮੀਨ ਤੇ ਨਜਾਇਜ਼ ਕਬਜਾ ਕੀਤਾ ਹੋਇਆ ਹੈ, ਜਿਸ ਸਮੇਂ ਚੰਡੀਗੜ੍ਹ ਵੀਂਸਾਇਆ ਗਿਆ ਸੀ, ਉਸੇ ਸਮੇ ਨੰਗਲ ਸ਼ਹਿਰ ਵਸਾਇਆ ਗਿਆ ਸੀ ਜੋ ਅੱਜ ਬੀਬੀਐਮਬੀ ਦੀ ਅਣਗਹਿਲੀ ਕਾਰਨ 60 ਸਾਲਾ ਵਿੱਚ ਹੀ ਖੰਡਰ ਦਾ ਰੂਪ ਧਾਰ ਚੁੱਕਾ ਹੈ। ਏਸ਼ੀਆਂ ਦਾ ਸਭ ਤੋ ਵੱਡਾ ਕਾਰਖਾਨਾ ਗਲਤ ਨੀਤੀਆ ਕਾਰਨ ਨੌਜਵਾਨਾਂ ਨੂੰ ਰੁਜਗਾਰ ਦੇਣ ਤੋ ਅਸਮਰੱਥ ਹੈ। ਸ.ਬੈਂਸ ਨੇ ਕਿਹਾ ਕਿ ਅਸੀ ਆਪਣੇ ਹਿੱਸੇ ਦੇ ਪਾਣੀ ਦੀ ਇੱਕ ਬੂੰਦ ਵੀ ਨਹੀ ਦੇ ਸਕਦੇ। ਉਨ੍ਹਾਂ ਨੇ ਕਿਹਾ ਕਿ ਹੁਣ ਕਿਸਾਨਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਪਿਛਲੀਆਂ ਸਰਕਾਰਾ ਨੇ ਜੋ ਸਿੰਚਾਈ ਲਈ ਯੋਜਨਾਵਾ ਨਹੀ ਬਣਾਇਆ, ਹੁਣ ਪੰਜਾਬ ਦੇ ਭਵਿੱਖ ਲਈ ਮਾਨ ਸਰਕਾਰ ਅਜਿਹੀਆਂ ਯੌਜਨਾਵਾ ਬਣਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਨੇ ਆਪਣੀ ਇੱਕਜੁੱਟਤਾ ਦਿਖਾ ਕੇ ਪੰਜਾਬ ਦੇ ਵਿਰੋਧ ਵਿੱਚ ਫੈਸਲੇ ਲੈਣ ਵਾਲਿਆਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਹੈ।

Related Articles

LEAVE A REPLY

Please enter your comment!
Please enter your name here

Latest Articles

2

2