ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ ਦੇ ਕੰਪਿਊਟਰ ਵਿਭਾਗ
ਦੇ ਵਿਦਿਆਰਥੀਆਂ ਨੇ ਕੀਤਾ ਸਮਾਗਮ

ਜਲੰਧਰ, (ਕਰਮਵੀਰ ਸਿੰਘ)-
ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ ਦੇ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਨੇ ਅੱਜ ਕਾਲਜ ਵਿਖੇ ਆਪਣੇ ਸੀਨੀਅਰਜ਼ ਦਾ ਸਤਿਕਾਰ ਕਰਦਿਆਂ ਵਿਦਾਇਗੀ ਸਮਾਗਮ ਰਚਾਇਆ, ਜਿਸ ਦੀ ਸ਼ੁਰੂਆਤ ਕਾਦਰ ਦਾ ਸ਼ੁਕਰਾਨਾ ਕਰਦਿਆਂ ਕਵਿਤਾ ਗਾਇਨ ਨਾਲ ਹੋਈ। ਸੀਨੀਅਰਜ਼ ਦੇ ਚੰਗੇਰੇ ਭਵਿੱਖ ਦੀ ਕਾਮਨਾ ਅਤੇ ਉਨ੍ਹਾਂ ਦੀ ਵਿਦਾਇਗੀ ਕਾਰਨ ਹੋਣ ਵਾਲੇ ਵਿਛੋੜੇ ਕਾਰਨ ਸਮਾਗਮ ਦਾ ਸ਼ੁਰੂਆਤ ਦਾ ਮਾਹੌਲ ਰਲ਼ੇ ਮਿਲੇ ਹਾਵਾਂ-ਭਾਵਾਂ ਵਾਲਾ ਸੀ ਪਰ ਸਮਾਗਮ ਦੌਰਾਨ ਹੋਏ ਬੌਧਿਕ ਖੇਡ, ਗੀਤ, ਸੰਗੀਤ ਅਤੇ ਨੱਚਣ ਆਦਿ ਮੁਕਾਬਲਿਆਂ ਨੇ ਮਸਤੀ ਵਾਲਾ ਮਾਹੌਲ ਬਣਾ ਦਿੱਤਾ। ਸਮਾਗਮ ਦੀਆਂ ਪਾਰਖੂ ਸ਼ਖ਼ਸੀਅਤਾਂ ਦੇ ਫੈਸਲਿਆਂ ਨੇ ਸਾਲ 2024-25 ਲਈ ਫਾਇਨਲ ਦੇ ਵਿਦਿਆਰਥੀਆਂ ਵਿਚੋਂ ਜਸ਼ਨਦੀਪ ਅਤੇ ਵਿਦਿਆਰਥਣ ਸੋਨੀਆ ਦੇ ਸਿਰ ‘ਤੇ ਕ੍ਰਮਵਾਰ ‘ਮਿਸਟਰ ਫਰੈਸ਼ਰ’ ਅਤੇ ‘ਮਿਸ ਫਰੈਸ਼ਰ’ ਦਾ ਤਾਜ ਸਜਾ ਦਿੱਤਾ। ਇਸੇ ਤਰ੍ਹਾਂ ਵਿਦਿਆਰਥਣ ਸੰਦੀਪ ਕੌਰ ਨੂੰ ‘ਆਲ ਰਾਊਂਡਰ’, ਪੁਨੀਤ ਨੂੰ ‘ਮਿਸ ਚਾਰਮਿੰਗ’ ਅਤੇ ਵਿਦਿਆਰਥੀ ਸਾਹਿਲ ਨੂੰ ‘ਡੈਸ਼ਿੰਗ ਬੁਆਏ’ ਦਾ ਤਾਜ ਪਹਿਨਾਇਆ ਗਿਆ। ਵਿਦਾਇਗੀ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕੰਪਿਊਟਰ ਵਿਭਾਗ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨਾਲ ਪਿਆਰ ਦਾ ਇਜ਼ਹਾਰ ਤੋਹਫੇ ਦੇ ਕੇ ਪ੍ਰਗਟਾਇਆ। ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਇਸ ਸਾਰੇ ਸਮਾਗਮ ਦੀ ਰੂਪਰੇਖਾ ਉਲੀਕਣ ਲਈ ਅਤੇ ਸਮਾਗਮ ਨੂੰ ਰੌਸ਼ਨ ਭਵਿੱਖ ਨਾਲ ਜੋੜਨ ਲਈ ਵਿਦਿਆਰਥੀਆਂ ਨੂੰ ਸ਼ਾਬਾਸ਼ੀ ਦਿੱਤੀ। ਪ੍ਰਿੰਸੀਪਲ ਨੇ ਵਿਦਿਆਰਥੀਆਂ ਦੀ ਜ਼ਿੰਦਗੀ ਦੀ ਕਾਮਨਾ ਕਰਦਿਆਂ ਕਿਹਾ ਕਿ ਜ਼ਿੰਦਗੀ ਵਿਚ ਕਾਮਯਾਬੀ ਲਈ ਆਦਰਸ਼ਕ ਕਦਰਾਂ-ਕੀਮਤਾਂ ਦਾ ਪੱਲਾ ਕਦੇ ਨਹੀਂ ਛੱਡਣਾ ਚਾਹੀਦਾ। ਉਨ੍ਹਾਂ ਵਿਦਿਆਰਥੀਆਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਤੁਹਾਡੀ ਜ਼ਿੰਦਗੀ ਦੀ ਸਫ਼ਲਤਾ ਦੇ ਪਿਛੋਕੜ ਵਿਚ ਤੁਹਾਡੇ ਮਾਪਿਆਂ ਅਤੇ ਅਧਿਆਪਕਾਂ ਦਾ ਵਡਮੁੱਲਾ ਯੋਗਦਾਨ ਰਿਹਾ ਹੈ, ਜਿਸ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਮਾਪੇ ਅਤੇ ਅਧਿਆਪਕ ਤੁਹਾਡੀ ਜ਼ਿੰਦਗੀ ਦੀ ਉਡਾਣ ਲਈ ਰਨਵੇਅ ਦੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਚੌਕੰਨੇ ਕਰਦਿਆਂ ਕਿਹਾ ਕਿ ਤੁਹਾਡੀ ਜਿ਼ੰਦਗੀ ਦਾ ਜਹਾਜ਼ ਭਾਵੇਂ ਜਿੰਨੀਆਂ ਮਰਜ਼ੀ ਉਡਾਰੀਆਂ ਭਰੇ ਪਰ ਉਸ ਨੇ ਉਤਰਨਾ ਵੀ ਰਨਵੇਅ ਉਪਰ ਹੀ ਹੁੰਦਾ ਹੈ। ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਸਿਮਰਨਜੋਤ ਕੌਰ ਨੇ ਕਿਹਾ ਕਿ ਸਾਡੇ ਵੱਲੋਂ ਕਈ ਅਕਾਦਮਿਕ ਬੈਚ ਨੇ ਵਿਦਾਇਗੀ ਲਈ ਹੈ ਪਰ ਇਸ ਬੈਚ ਨੇ ਪਿਛਲੇ ਸਾਰੇ ਬੈਚਾਂ ਦੇ ਰਿਕਾਰਡ ਤੋੜ ਦਿੱਤੇ ਹਨ। ਇਸ ਪ੍ਰੋਗਰਾਮ ਵਿੱਚ ਕੰਪਿਊਟਰ ਵਿਭਾਗ ਦੇ ਫੈਕਲਟੀ ਮੈਡਮ ਲਖਵਿੰਦਰ ਕੌਰ, ਅਮਰਦੀਪ ਕੌਰ ਤੋਂ ਇਲਾਵਾ ਕਾਲਜ ਦਾ ਸਾਰਾ ਸਟਾਫ਼ ਵੀ ਮੌਜੂਦ ਸਨ, ਜਿਨ੍ਹਾਂ ਨੇ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।


