-ਜ਼ਿਲ੍ਹਾ ਬਾਲ ਸੁਰੱਖਿਆ ਅਤੇ ਭਲਾਈ ਕਮੇਟੀ ਦੀ ਹੋਈ ਸਮੀਖਿਆ ਮੀਟਿੰਗ
ਨਵਾਂਸ਼ਹਿਰ, 26 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੇਸਹਾਰਾ, ਲੋੜਵੰਦ ਅਤੇ ਕਾਨੂੰਨੀ ਵਿਵਾਦ ਵਿਚ ਸ਼ਾਮਲ ਬੱਚਿਆ ਦੀ ਸੁਰੱਖਿਆ ਸਬੰਧੀ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਬਾਲ ਭਲਾਈ ਕਮੇਟੀ, ਜੁਵੇਨਾਇਲ ਜਸਟਿਸ ਬੋਰਡ ਤੇ ਜ਼ਿਲ੍ਹਾ ਬਾਲ ਭਲਾਈ ਅਤੇ ਸੁਰੱਖਿਆ ਕਮੇਟੀ ਦੀ ਤਿਮਾਹੀ ਮੀਟਿੰਗ ਹੋਈ। ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਬਾਲ ਭਲਾਈ ਕਮੇਟੀ, ਜੂਵੇਨਾਈਲ ਜਸਟਿਸ ਬੋਰਡ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਲੋੜਵੰਦ ਬੱਚਿਆਂ ਲਈ ਕੀਤੇ ਗਏ ਕੰਮਾਂ ਦੀ ਸਮੀਖਿਆ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ
ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਬੱਚਿਆਂ ਦੀ ਜੀਵਨ ਸ਼ੈਲੀ ਵਿਚ ਸੁਧਾਰ ਲਿਆਉਣ ਅਤੇ ਉਨ੍ਹਾਂ ਨੂੰ ਇਕ ਚੰਗਾ ਨਾਗਰਿਕ ਬਣਾਉਣ ਲਈ ਕਾਰਜਸ਼ੀਲ ਹੋਣ।
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤ ਕਿ ਸਕੂਲੀ ਬੱਚਿਆਂ ਨੂੰ ਚਾਈਲਡ ਹੈਲਪਲਾਈਨ 1098 ਬਾਰੇ ਜਾਣੂ ਕਰਵਾਉਣ ਲਈ ਸਕੂਲਾਂ ਵਿਚ ਡਿਸਪਲੇ ਬੋਰਡ ਲਗਵਾਏ ਜਾਣ। ਇਸਦੇ ਨਾਲ ਹੀ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪ੍ਰਹਾਰੀ ਕਲੱਬਾਂ ਵੱਲੋ ਜਾਗਰੂਕਤਾ ਗਤੀਵਿਧੀਆਂ ਕਰਵਾਈਆ ਜਾਣ। ਇਸਦੇ ਨਾਲ ਹੀ ਸਰਕਾਰੀ ਸਕੂਲਾਂ ਵਿਚ ਬੱਚਿਆਂ ਨਾਲ ਸਬੰਧਤ ਮਸਲਿਆਂ ‘ਤੇ ਕਾਰਵਾਈ ਕਰਨ ਲਈ ਲਾਜ਼ਮੀ ਤੋਰ ‘ਤੇ ਨੋਡਲ ਟੀਚਰ ਨਾਮਜ਼ਦ ਕਰਨ, ਤਾਂ ਜੋ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋਏ ਬੱਚੇ ਆਪਣੀ ਸਮੱਸਿਆ ਨੂੰ ਖੁੱਲ੍ਹ ਕੇ ਦੱਸ ਸਕਣ ਅਤੇ ਸਕੂਲ ਦੇ ਹਰੇਕ ਬੱਚੇ ਨੂੰ ਨੋਡਲ ਟੀਚਰ ਦੇ ਨਾਮ ਅਤੇ ਫੋਨ ਨੰਬਰ ਬਾਰੇ ਜਾਣੂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਖਿਲਾਫ ਜ਼ੁਰਮਾਂ, ਬਾਲ ਮਜ਼ਦੂਰੀ ਦੀ ਸ਼ਿਕਾਇਤ ਜਾਂ ਕੋਈ ਮੁਸੀਬਤ ਵਿਚ ਫਸਿਆ ਬੱਚਾ ਚਾਈਲਡ ਹੈਲਪਲਾਈਨ ਨੰ.1098 ਤੇ ਕਾਲ ਕਰਕੇ ਮਦਦ ਲੈ ਸਕਦਾ ਹੈ। ਚੇਅਰਪਰਸਨ ਬਾਲ ਭਲਾਈ ਕਮੇਟੀ ਨੂੰ ਦੇਰ-ਸਵੇਰ ਮਿਲੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ ਅਤੇ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਬੇਸਹਾਰਾ ਅਤੇ ਲੋੜਵੰਦ ਬੱਚਿਆ ਨੂੰ 24 ਘੰਟੇ ਦੇ ਅੰਦਰ- ਅੰਦਰ ਬਾਲ ਭਲਾਈ ਕਮੇਟੀ ਸਾਹਮਣੇ ਪੇਸ਼ ਕੀਤਾ ਜਾਵੇ, ਅਜਿਹੇ ਬੱਚਿਆਂ ਨੂੰ ਲੋੜ ਅਨੁਸਾਰ ਕਾਊਂਸਲਿੰਗ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ ਅਤੇ ਕਿਸੇ ਵੀ ਬੱਚੇ ਨੂੰ ਸਿੱਧੇ ਤੌਰ ‘ਤੇ ਮਾਪਿਆਂ ਦੇ ਹਵਾਲੇ ਨਾ ਕੀਤਾ ਜਾਵੇ, ਬੱਚੇ ਨੂੰ ਪਹਿਲਾਂ ਬਾਲ ਭਲਾਈ ਕਮੇਟੀ ਵਿਚ ਪੇਸ਼ ਕਰਨਾ ਯਕੀਨੀ ਬਣਾਈਆ ਜਾਵੇ।
ਡਿਪਟੀ ਕਮਿਸ਼ਨਰ ਵੱਲੋ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਗਈ ਕਿ ਲੋੜਵੰਦ ਅਤੇ ਬੇਸਹਾਰਾ ਬੱਚਿਆਂ ਨੂੰ ਸਪੌਂਸਰਸ਼ਿਪ ਅਤੇ ਫੌਸਟਰ ਕੇਅਰ ਸਕੀਮ ਦਾ ਲਾਭ ਦਿੱਤਾ ਜਾਣਾ ਯਕੀਨੀ ਬਣਾਇਆ ਜਾਵੇ।
ਉਕਤ ਮੀਟਿੰਗ ਦੌਰਾਨ ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਨਵੀ ਦਿੱਲੀ ਵੱਲੋਂ ਬੱਚਿਆਂ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਬਣਾਏ ਗਏ ਜੁਆਇੰਟ ਐਕਸ਼ਨ ਪਲਾਨ ਨੂੰ ਲਾਗੂ ਕਰਨ ਸਬੰਧੀ ਰਿਵਿਊ ਵੀ ਕੀਤਾ ਗਿਆ ਅਤੇ ਵੱਖ-ਵੱਖ ਮਹਿਕਮਿਆਂ ਵੱਲੋਂ ਇਸ ਐਕਸ਼ਨ ਪਲਾਨ ਸਬੰਧੀ ਕੀਤੀ ਗਈ ਕਾਰਵਾਈ ਰਿਪੋਰਟ ਲਈ ਗਈ। ਸਿੱਖਿਆ ਵਿਭਾਗ ਅਧੀਨ ਆਉਣ ਵਾਲੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਹਾਰੀ ਕਲੱਬਾਂ ਦਾ ਗਠਨ ਕਰਨ ਲਈ ਕਿਹਾ ਗਿਆ। ਸਿਹਤ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਬੱਚਿਆਂ ਲਈ ਵੱਖਰੇ ਤੌਰ ‘ਤੇ ਡਰੱਗ ਡੀ-ਅਡਿਕਸ਼ਨ ਸੈਂਟਰ ਦਾ ਪ੍ਰਬੰਧ ਕੀਤਾ ਜਾਵੇ। ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਹਦਾਇਤ ਕੀਤੀ ਗਈ ਕਿ ਪਿੰਡਾਂ ਵਿਚ ਪਿੰਡ ਪਧਰੀ ਬਾਲ ਸੁਰੱਖਿਆ ਕਮੇਟੀਆਂ ਦੀ ਕਾਰਗੁਜ਼ਾਰੀ ਦਾ ਸਮੇਂ-ਸਮੇਂ ‘ਤੇ ਨਿਰੀਖਣ ਕੀਤਾ ਜਾਵੇ ਅਤੇ ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਮੁਹੱਈਆ ਕਰਵਾਏ ਗਏ ਜੁਆਇੰਟ ਐਕਸ਼ਨ ਪਲਾਨ ਨੂੰ ਲਾਗੂ ਕਰਨ ਲਈ ਸਮੂਹ ਵਿਭਾਗ ਲੋੜੀਂਦਾ ਸਹਿਜੋਗ ਦੇਣ।ਮੀਟਿੰਗ ਵਿਚ ਮ ਜਗਰੂਪ ਸਿੰਘ ਜ਼ਿਲ੍ਹਾ ਪ੍ਰੋਗਰਾਮ ਅਫਸਰ, ਕੰਚਨ ਅਰੋੜਾ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਕੌਂਪਲ ਧੰਜਲ ਪ੍ਰਿੰਸੀਪਲ ਮੈਜਿਸਟ੍ਰੇਟ, ਜੁਵੇਨਾਇਲ ਜਸਟਿਸ ਬੋਰਡ, ਡਾ. ਰਾਜਨ ਸ਼ਾਸਤਰੀ, ਪ੍ਰਦੀਪ ਚੌਧਰੀ ਅਸਿਸਟੈਂਟ ਲੇਬਰ ਕਮਿਸ਼ਨਰ, ਰਜਨੀ ਕੰਸਲ ਲੇਬਰ ਅਫ਼ਸਰ, ਸੋਨੀਆ ਅੰਗਰਿਸ਼ ਚੇਅਰਪਰਸਨ ਬਾਲ ਭਲਾਈ ਕਮੇਟੀ, ਨਵੀਨ ਗੋਇਲ ਇੰਸਪੈਕਟਰ ਐਮ.ਸੀ ਦਫਤਰ ਨਵਾਂਸ਼ਹਿਰ, ਬਲਜੀਤ ਰਾਮ ਐਮ.ਸੀ ਦਫਤਰ ਬੰਗਾ, ਰੈਡ ਕਰੋ ਸੋਸਾਇਟੀ ਤੋਂ ਪੂਨਮ, ਜ਼ਿਲ੍ਹਾ ਯੋਜਨਾ ਦਫ਼ਤਰ ਤੋਂ ਤਰਨਜੀਤ ਸਿੰਘ, ਅਵਤਾਰ ਸਿੰਘ ਬੀ.ਪੀ.ਈ.ਓ ਨਵਾਂਸ਼ਹਿਰ, ਰਜਿੰਦਰ ਕੌਰ ਬਾਲ ਸੁਰੱਖਿਆ ਅਫ਼ਸਰ ਅਤੇ ਦਫ਼ਤਰੀ ਸਟਾਫ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਸ਼ਹੀਦ ਭਗਤ ਸਿੰਘ ਨਗਰ ਮੌਜੂਦ ਸੀ।


