Join
Thursday, March 12, 2026
Thursday, March 12, 2026

ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਬੀਜ ਡੀਲਰਾਂ ਦੀ ਅਚਨਚੇਤ ਚੈਕਿੰਗ

-ਕਿਹਾ, ਕੋਈ ਵੀ ਦੁਕਾਨਦਾਰ ਪਾਬੰਦੀਸ਼ੁਦਾ ਕਿਸਮਾਂ ਦੀ ਵਿਕਰੀ ਨਾ ਕਰੇ
-ਕਿਸਾਨਾਂ ਨੂੰ ਵੀ ਦੁਕਾਨਦਾਰਾਂ ਕੋਲੋਂ ਪੱਕੇ ਬਿੱਲ ਲੈਣ ਦੀ ਕੀਤੀ ਅਪੀਲ 

ਨਵਾਂਸ਼ਹਿਰ, 26 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ ) 

       ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਅਤੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਮੁੱਖ ਖੇਤੀਬਾੜੀ ਅਫਸਰ, ਸ਼ਹੀਦ ਭਗਤ ਸਿੰਘ ਨਗਰ ਡਾ. ਰਜਿੰਦਰ ਕੁਮਾਰ ਕੰਬੋਜ ਵੱਲੋਂ ਆਉਣ ਵਾਲੇ ਸਾਉਣੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਲੋੜੀਂਦੇ ਖੇਤੀ ਇਨਪੁਟਸ, ਖਾਸ ਕਰਕੇ ਬੀਜਾਂ ਦੀ ਉਪਲਬੱਧਤਾ ਸਬੰਧੀ ਜ਼ਿਲ੍ਹੇ ਦੇ ਖਾਦ-ਬੀਜ-ਦਵਾਈ ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਦੁਆਰਾ ਬੀਜ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਕਿਸਾਨਾਂ ਨੂੰ ਝੋਨੇ ਦੀ ਕਿਸਮ ਪੂਸਾ 44 ਅਤੇ ਹੋਰ ਹਾਈਬ੍ਰਿਡ ਬੀਜਾਂ ਦੀ ਵਿਕਰੀ ਬਿਲਕੁਲ ਵੀ ਨਾ ਕਰਨ, ਕਿਉਂਕਿ ਪੰਜਾਬ ਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਪੱਕਣ ‘ਚ ਵੱਧ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਪੂਸਾ 44 ਅਤੇ ਹੋਰ ਗੈਰ-ਪ੍ਰਮਾਣਿਤ ਕਿਸਮਾਂ ਦੀ ਵਿਕਰੀ ਉੱਤੇ ਪੂਰਨ ਤੌਰ ‘ਤੇ ਰੋਕ ਲਗਾ ਦਿੱਤੀ ਗਈ ਹੈ। ਜੇਕਰ ਕੋਈ ਵੀ ਬੀਜ ਵਿਕਰੇਤਾ ਪਾਬੰਦੀਸ਼ੁਦਾ ਕਿਸਮਾਂ ਦੀ ਵਿਕਰੀ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

ਉਨ੍ਹਾਂ ਕਿਹਾ ਕਿ ਇਨ੍ਹਾਂ ਪਾਬੰਦੀਸ਼ੁਦਾ ਕਿਸਮਾਂ ਦੀ ਵਿਕਰੀ ਰੋਕਣ ਲਈ ਬਲਾਕ ਪੱਧਰ ‘ਤੇ ਟੀਮਾਂ ਬਣਾ ਦਿੱਤੀਆਂ ਜਾਣਗੀਆਂ ਅਤੇ ਚੈਕਿੰਗ ਦੌਰਾਨ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਦੁਕਾਨਦਾਰ ਪਾਬੰਦੀਸ਼ੁਦਾ ਕਿਸਮਾਂ ਦੀ ਵਿਕਰੀ ਨਾ ਕਰੇ ਤੇ ਕਿਸਾਨਾਂ ਨੂੰ ਬੀਜ ਦੀ ਵਿਕਰੀ ਉਪਰੰਤ ਪੱਕੇ ਬਿੱਲ ਜ਼ਰੂਰ ਦੇਵੇ ।  ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਗੈਰ-ਪ੍ਰਮਾਣਿਤ ਕਿਸਮਾਂ ਜਿਵੇਂ ਕਿ ਪੂਸਾ 44 ਅਤੇ ਹੋਰ ਹਾਈਬ੍ਰਿਡ ਕਿਸਮਾਂ ਨਾ ਬੀਜਣ ਅਤੇ ਬੀਜ ਦੀ ਖ਼ਰੀਦ ਕਰਨ ਉਪਰੰਤ ਦੁਕਾਨਦਾਰ ਕੋਲੋਂ ਪੱਕੇ ਬਿੱਲ ਦੀ ਜ਼ਰੂਰ ਮੰਗ ਕਰਨ। ਜੇਕਰ ਕੋਈ ਦੁਕਾਨਦਾਰ ਕਿਸਾਨਾਂ ਨੂੰ ਬਿੱਲ ਦੇਣ ਤੋਂ ਮਨ੍ਹਾ ਕਰਦਾ ਹੈ ਤਾਂ ਉਹ ਆਪਣੇ ਬਲਾਕ ਦੇ ਖੇਤੀਬਾੜੀ ਅਫ਼ਸਰ ਨਾਲ ਤੁਰੰਤ ਸੰਪਰਕ ਕਰਨ। ਇਸ ਮੌਕੇ ਡਾ. ਕੁਲਵਿੰਦਰ ਕੌਰ ਸਹਾਇਕ ਪੌਦ ਸੁਰੱਖਿਆ ਅਫਸਰ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ‘ਚ ਝੋਨੇ ਦੀ ਲਵਾਈ ਸ਼ੁਰੂ ਕਰਨ ਦਾ ਸਮਾਂ 9 ਜੂਨ ਤੋਂ ਨਿਰਧਾਰਿਤ ਕੀਤਾ ਗਿਆ ਹੈ ਤੇ ਕਿਸਾਨਾਂ ਨੂੰ ਘੱਟ ਸਮੇਂ ਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ.ਆਰ 126, 127, 128, 129, 130, 131 ਦੀ ਬਿਜਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ, ਕਿਉਂਕਿ ਇਹ ਕਿਸਮਾਂ ਪਾਣੀ ਦੀ ਬੱਚਤ ਲਈ ਵਧੇਰੇ ਕਾਰਗਰ ਹਨ।

ਇਸ ਮੌਕੇ ਡਾ. ਜਸਵਿੰਦਰ ਕੁਮਾਰ ਖੇਤੀਬਾੜੀ ਵਿਕਾਸ ਅਫ਼ਸਰ (ਬੀਜ) ਵੱਲੋਂ ਦੱਸਿਆ ਗਿਆ ਕਿ ਝੋਨੇ ਦੀ ਕਿਸਮ ਪੀ.ਆਰ 126 ਦੀ ਪਨੀਰੀ 25-30 ਦਿਨ ਦੀ ਲਗਾਉਣ ਤੋਂ ਬਾਅਦ 93 ਦਿਨ ‘ਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੀ ਪਰਾਲੀ ਵੀ ਘੱਟ ਬਣਦੀ ਹੈ ਜਿਸ ਦਾ ਆਸਾਨੀ ਨਾਲ ਪ੍ਰਬੰਧ ਕੀਤਾ ਜਾ ਸਕਦਾ ਹੈ। ਇਸ ਕਿਸਮ ਨੂੰ ਖੇਤ ‘ਚ ਲਗਾਉਣ ਲਈ 10 ਤੋਂ 15 ਜੁਲਾਈ ਦਾ ਸਮਾਂ ਸਭ ਤੋਂ ਢੁਕਵਾਂ ਹੈ, ਪਰੰਤੂ 15 ਜੁਲਾਈ ਤੋਂ ਬਾਅਦ ਖੇਤਾਂ ਵਿਚ ਲਗਾਉਣ ਨਾਲ ਇਸ ਵਿਚ ਨਮੀ ਦੀ ਮਾਤਰਾ ਸਹੀ ਨਹੀਂ ਆਉਂਦੀ, ਜਿਸ ਕਾਰਨ ਇਸ ਨੂੰ ਵੇਚਣ ਵਿਚ ਸਮੱਸਿਆ ਆਉਂਦੀ ਹੈ।

Related Articles

LEAVE A REPLY

Please enter your comment!
Please enter your name here

Latest Articles