ਐਮਰਜੈਂਸੀ ਵਿੱਚ ਦੋ ਮਰੀਜ਼ਾਂ ਦਾ ਚੱਲ ਰਿਹਾ ਸੀ ਇਲਾਜ,
20 ਤੋਂ 25 ਬੰਦਿਆਂ ਨੇ ਆ ਕੇ ਉਹਨਾਂ ਦੀ ਕੀਤੀ ਕੁੱਟਮਾਰ,
ਰਾਤ ਦੀ ਡਿਊਟੀ ਤੇ ਤੈਨਾਤ ਡਾਕਟਰ ਅਤੇ ਸਟਾਫ ਨਰਸ ਨੇ ਲੁਕ ਕੇ ਬਚਾਈ ਆਪਣੀ ਜਾਨ
ਐਸਐਮਓ ਦੀ ਸੂਝ ਬੂਝ ਨਾਲ ਹਮਲਾਵਰਾਂ ਨੂੰ ਮੌਕੇ ਤੋਂ ਭਜਾਇਆ ਗਿਆ
ਬਲਾਚੌਰ, 16 ਅਪ੍ਰੈਲ – (ਪੱਤਰ ਪ੍ਰੇਰਕ )
ਬੀਤੀ ਸ਼ਾਮ ਤਹਿਸੀਲ ਬਲਾਚੌਰ ਦੇ ਪਿੰਡ ਨੀਲੇਵਾੜਾ ਵਿੱਚ ਇੱਕ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤਹਿਤ ਇੱਕ ਧਿਰ ਦੇ ਕੁਝ ਲੋਕ ਬਲਾਚੌਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹੋਏ ਸਨ ਤੇ ਉਸ ਤੋਂ ਬਾਅਦ ਥੋੜੇ ਸਮੇਂ ਬਾਅਦ ਦੂਜੀ ਧਿਰ ਦੇ ਬਜ਼ੁਰਗ, ਇੱਕ ਮਹਿਲਾ ਬਲਾਚੌਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹੋਣ ਲਈ ਆਏ ਸਨ ਤਾਂ ਜਦੋਂ ਰਾਤ ਦੀ ਡਿਊਟੀ ਤੇ ਤੈਨਾਤ ਡਾਕਟਰ ਅਮਨਦੀਪ ਸਿੰਘ ਅਤੇ ਸਟਾਫ ਨਰਸ ਵੱਲੋਂ ਉਹਨਾਂ ਦਾ ਆਪਰੇਸ਼ਨ ਥੇਟਰ ਵਿੱਚ ਇਲਾਜ ਕੀਤਾ ਜਾ ਰਿਹਾ ਸੀ ਤਾਂ 20 ਤੋਂ 25 ਲੋਕ ਐਮਰਜੈਂਸੀ ਦੇ ਆਪਰੇਸ਼ਨ ਥੀਏਟਰ ਵਿੱਚ ਆਏ ਅਤੇ ਆਉਂਦੇ ਹੀ ਜੇਰੇ ਇਲਾਜ ਮਹਿਲਾ ਅਤੇ ਵਿਅਕਤੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਨੂੰ ਖਿੱਚ ਕੇ ਹਸਪਤਾਲ ਦੇ ਬਾਹਰ ਲਿਜਾਣ ਲੱਗੇ ਤਾਂ ਐਸਐਮਓ ਡਾਕਟਰ ਕੁਲਵਿੰਦਰ ਮਾਨ ਦੀ ਸੂਝ ਬੂਝ ਨਾਲ ਹਮਲਾਵਰਾਂ ਨੂੰ ਮੌਕੇ ਤੋਂ ਭਜਾਇਆ ਗਿਆ। ਡਾਕਟਰ ਕੁਲਵਿੰਦਰ ਮਾਨ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਬਲਾਚੌਰ ਦੇ ਸਰਕਾਰੀ ਹਸਪਤਾਲ ਵਿੱਚ ਕੁਝ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਜਿਸ ਤਹਿਤ ਉਹਨਾਂ ਨੇ ਡੀਐਸਪੀ ਬਲਾਚੌਰ ਸ਼ਾਮ ਸੁੰਦਰ ਸ਼ਰਮਾ ਨੂੰ ਫੋਨ ਰਾਹੀਂ ਸਾਰੀ ਘਟਨਾ ਦੱਸੀ ਅਤੇ ਉਸ ਉਪਰਾਂਤ ਡੀਐਸਪੀ ਵੱਲੋਂ ਪੁਲਿਸ ਮੌਕੇ ਤੇ ਭੇਜੀ ਗਈ ਅਤੇ ਇੱਕ ਧਿਰ ਨੂੰ ਬਲਾਚੌਰ ਦੇ ਸਰਕਾਰੀ ਹਸਪਤਾਲ ਵਿੱਚ ਰੱਖ ਲਿਆ ਗਿਆ ਅਤੇ ਦੂਸਰੀ ਧਿਰ ਨੂੰ ਨਵਾਂ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਇਸ ਦੌਰਾਨ ਜਿਹੜੀ ਧਿਰ ਨਵਾਂ ਸ਼ਹਿਰ ਰੈਫਰ ਕੀਤੀ ਸੀ, ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ। ਜਦੋਂ ਰਾਤ ਇਸ ਸਬੰਧ ਵਿੱਚ ਮੀਡੀਆ ਨੂੰ ਪਤਾ ਲੱਗਿਆ ਤਾਂ ਉਹ ਮੌਕੇ ਤੇ ਪੁੱਜੇ ਅਤੇ ਪਹਿਲਾਂ ਬਲਾਚੌਰ ਦੇ ਸਰਕਾਰੀ ਹਸਪਤਾਲ ਵਿੱਚ ਆਏ ਤੇ ਮੌਕਾ ਦੇਖਿਆ ਤੇ ਡਾਕਟਰ ਅਮਨਦੀਪ ਸਿੰਘ ਨੇ ਵਿਸਤਾਰਪੁਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਤੇ ਮੇਰਾ ਸਟਾਫ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾ ਕੇ ਕਮਰੇ ਵਿੱਚ ਬੰਦ ਹੋ ਗਏ ਤੇ ਪੁਲਿਸ ਦੇ ਆਣ ਤੋਂ ਬਾਅਦ ਅਸੀਂ ਬਾਹਰ ਆਏ। ਸਾਡੀ ਸੁਰੱਖਿਆ ਰਾਮ ਭਰੋਸੇ ਹੈ। ਇਸ ਲਈ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਲਿਖ ਚੁੱਕੇ ਹਾਂ ਪ੍ਰੰਤੂ ਜਦੋਂ ਲੜਾਈ ਦਾ ਮਾਮਲਾ ਇੱਥੇ ਆਉਂਦਾ ਹੈ ਤਾਂ ਸਥਿਤੀ ਗੰਭੀਰ ਬਣ ਜਾਂਦੀ ਹੈ।ਕੁਝ ਦਿਨਾਂ ਵਿੱਚ ਹੀ ਇਹ ਦੂਜੀ ਵਾਰ ਮਰੀਜ਼ਾਂ ਦੇ ਉੱਤੇ ਬਾਹਰੀ ਲੋਕਾਂ ਨੇ ਆ ਕੇ ਹਮਲਾ ਕੀਤਾ ਹੈ।
ਇੱਥੇ ਦੇਖਣ ਯੋਗ ਹੈ ਕਿ ਜਿਹੜੀ ਧਿਰ ਨੂੰ ਨਵਾਂ ਸ਼ਹਿਰ ਵਿੱਚ ਰੈਫਰ ਕੀਤਾ ਗਿਆ ਸੀ ਉਸ ਨੂੰ ਵੀ ਉੱਥੇ ਇਲਾਜ ਨਹੀਂ ਮਿਲ ਰਿਹਾ ਸੀ। ਇਸ ਸੰਬੰਧ ਵਿੱਚ ਜਦੋਂ ਸਿਵਲ ਸਰਜਨ ਗੁਰਿੰਦਰਜੀਤ ਸਿੰਘ ਨਾਲ ਗੱਲ ਹੋਈ ਤਾਂ ਉਹਨਾਂ ਨੇ ਭਰੋਸਾ ਦਵਾਇਆ ਕਿ ਜਿਹੜੇ ਲੋਕ ਨਵਾਂ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹੋਏ ਹਨ ਉਹਨਾਂ ਦਾ ਸਾਡੇ ਵੱਲੋਂ ਇਲਾਜ ਕੀਤਾ ਜਾਵੇਗਾ। ਬਲਾਚੌਰ ਦੇ ਸਰਕਾਰੀ ਹਸਪਤਾਲ ਵਿੱਚ ਇਹ ਗੁੰਡਾਗਰਦੀ ਦਾ ਨੰਗਾ ਨਾਚ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਚੁੱਕਾ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਲੜਾਈ ਝਗੜੇ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ। ਹੁਣ ਦੇਖਣ ਯੋਗ ਗੱਲ ਹੋਵੇਗੀ ਕੀ ਇਹ ਮਾਮਲਾ ਪੁਲਿਸ ਦਰਜ ਕਰਦੀ ਹੈ ਜਾਂ ਨਹੀਂ। ਸਰਕਾਰੀ ਹਸਪਤਾਲ ਦੀ ਸੁਰੱਖਿਆ ਰਾਮ ਭਰੋਸੇ ਹੈ ਇਥੇ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਜੋ ਕਿ ਮੰਦਭਾਗੀ ਗੱਲ ਹੈ। ਡਾਕਟਰਾਂ ਅਤੇ ਸਟਾਫ ਨਰਸਾਂ ਦਾ ਕਹਿਣਾ ਹੈ ਕਿ ਜੇਕਰ ਸਾਡੀ ਅਤੇ ਮਰੀਜ਼ਾਂ ਦੀ ਸੁਰੱਖਿਆ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਤਾਂ ਅਸੀਂ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵਾਂਗੇ।
ਐਸਐਮਓ ਕੁਲਵਿੰਦਰ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀਐਸਪੀ ਬਲਾਚੌਰ ਸ਼ਾਮ ਸੁੰਦਰ ਸ਼ਰਮਾ ਨੂੰ ਇੱਕ ਦਰਖਾਸਤ ਦਿੱਤੀ ਗਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਬੀਤੀ ਰਾਤ ਸਮੇਂ ਇੱਥੇ ਐਮਰਜੈਂਸੀ ਵਿੱਚ ਮਰੀਜ਼ਾਂ ਨਾਲ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਅਤੇ ਦੋ ਮਰੀਜ਼ਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਜਿਸ ਕਰਕੇ ਸਾਨੂੰ ਇੱਥੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ, ਸਟਾਫ ਨਰਸ ਅਤੇ ਮਰੀਜ਼ਾਂ ਦੀ ਸੁਰੱਖਿਆ ਲਈ ਪੁਲਿਸ ਫੋਰਸ ਮੁਹਈਆ ਕਰਵਾਈ ਜਾਵੇ।


