ਅੱਠੇ ਪਹਿਰ ਟਹਿਲ ਸੇਵਾ ਲਹਿਰ ਵੱਲੋਂ ਸੌਂਪੇ ਗਏ ਦਸਤਾਵੇਜ਼ਾਂ ਅਤੇ ਸੇਵਾਵਾਂ ਦੀ ਕੀਤੀ ਸ਼ਲਾਘਾ
ਨਵਾਂਸ਼ਹਿਰ /ਰੂਪਨਗਰ 8 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਜੋ ਕਿ ਆਪਣੇ ਅਹੁਦਾ ਸੰਭਾਲਣ ਵਾਲੇ ਦਿਨ ਤੋਂ ਹੀ ਪੰਥ ਨੂੰ ਬੇਅਦਬੀਆਂ ਖਿਲਾਫ ਲਾਮਬੰਦ ਅਤੇ ਜਾਗਰੂਕ ਕਰ ਰਹੇ ਹਨ, ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਠੇ ਪਹਿਰ ਟਹਿਲ ਸੇਵਾ ਲਹਿਰ ਦੇ ਵਫਦ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਕਰੀਬ ਇਕ ਘੰਟਾ ਚੱਲੀ ਮੀਟਿੰਗ ਦੌਰਾਨ ਉਹਨਾਂ 15 ਜੁਲਾਈ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਬੇਅਦਬੀਆਂ ਖਿਲਾਫ ਹੁਕਮਨਾਮੇ ਨੂੰ ਸਖਤੀ ਨਾਲ ਲਾਗੂ ਕਰਨ ਦੀ ਗੱਲ ਕਹੀ ਹੈ। ਇਸ ਮੌਕੇ ਅੱਠੇ ਪਹਿਰ ਟਹਿਲ ਸੇਵਾ ਲਹਿਰ ਦੇ ਮੁਖੀ ਭਾਈ ਗੁਰਪ੍ਰੀਤ ਸਿੰਘ ਨੇ ਜਥੇ ਸਮੇਤ ਸਿੰਘ ਸਾਹਿਬ ਨੂੰ ਸਨਮਾਨਿਤ ਕੀਤਾ ਅਤੇ ‘ਗੁਰਦਵਾਰਾ ਸਾਹਿਬਾਨ ਵਿੱਚ 24 ਘੰਟੇ ਲਾਜ਼ਮੀ ਪਹਿਰੇਦਾਰੀ ਯਕੀਨੀ ਬਣਾਉਣ’ ਦੇ ਹੁਕਮਨਾਮੇ ਦੀ ਕਾਪੀ ਸਿੰਘ ਸਾਹਿਬ ਨੂੰ ਭੇਟ ਕੀਤੀ, ਉਸਦੇ ਨਾਲ ਹੀ ਖਾਲਸਾ ਪੰਥ ਦੇ ਸਾਰੇ ਮਹਾਂਪੁਰਖਾਂ, ਸੰਪਰਦਾਵਾਂ ਦੇ ਮੁਖੀ ਸਾਹਿਬਾਨ, ਨਿਹੰਗ ਸਿੰਘ ਦਲਾਂ ਦੇ ਮੁੱਖੀ ਸਾਹਿਬਾਨ, ਸਿੱਖ ਮਿਸ਼ਨਰੀ ਸੰਸਥਾਵਾਂ ਦੇ ਮੁਖੀ ਸਾਹਿਬਾਨ, ਵਿਦੇਸ਼ਾਂ ਦੀਆਂ ਸਿੱਖ ਸੰਸਥਾਵਾਂ ਦੇ ਮੁਖੀ ਸਾਹਿਬਾਨ ਵੱਲੋਂ ਇੱਕ-ਮੱਤ ਹੋ ਕੇ ਦਸਤਖ਼ਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਬਹਾਲ ਕਰਨ ਲਈ, ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤੇ ਗਏ ਬੇਨਤੀ ਪੱਤਰ ਦੇ ਦਸਤਾਵੇਜ਼ ਵੀ ਸਿੰਘ ਸਾਹਿਬ ਨੂੰ ਸੌਂਪੇ। ਇਸ ਮੌਕੇ ਸਿੰਘ ਸਾਹਿਬ ਨੇ ਜਿੱਥੇ ਟਹਿਲ ਸੇਵਾ ਲਹਿਰ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ, ਉੱਥੇ ਹੀ 24 ਘੰਟੇ ਪਹਿਰੇਦਾਰੀ ਨੂੰ ਲਾਜ਼ਮੀ ਬਣਾਉਣ ਲਈ ਪ੍ਰਬੰਧਕਾਂ ਨੂੰ ਸਖਤੀ ਨਾਲ ਆਦੇਸ਼ ਵੀ ਦਿੱਤਾ। ਉਹਨਾਂ ਲਹਿਰ ਤੇ ਸੇਵਾਦਾਰਾਂ ਨੂੰ ਭਰੋਸਾ ਦਿਵਾਇਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਹੁਕਮਨਾਮੇ ਦੀ ਤਾਮੀਲ ਹਰ ਗੁਰਦੁਆਰਾ ਸਾਹਿਬ ਵਿੱਚ ਕਰਵਾਈ ਜਾਏਗੀ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਗੁਰਦਾਸਪੁਰ ਜਿਲ੍ਹੇ ਵਿੱਚ ਹੋਈ ਬੇਅਦਬੀ ਦੀ ਘਟਨਾ ਮੌਕੇ ਸਿੰਘ ਸਾਹਿਬ ਨੇ ਗੁਰਦੁਆਰਾ ਪ੍ਰਬੰਧਕਾਂ ਨੂੰ ਦਿਨ ਅਤੇ ਰਾਤ ਵੇਲੇ ਦੋ-ਦੋ ਸੇਵਾਦਾਰ ਗੁਰੂ ਘਰਾਂ ਵਿੱਚ ਪਹਰੇ ਤੇ ਰੱਖਣ ਦੀ ਆਦੇਸ਼ ਕੀਤਾ ਸੀ ਅਤੇ ਨਾਲ ਹੀ ਇਹ ਗੱਲ ਜੋਰ ਦੇ ਕੇ ਕਹੀ ਸੀ ਕਿ ਜਿੱਥੇ ਪਹਿਰੇਦਾਰਾਂ ਦਾ ਪ੍ਰਬੰਧ ਨਹੀਂ ਹੋਏਗਾ, ਉਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇੜਲੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਲੈ ਜਾ ਕੇ ਸੁਭਾਇਮਾਨ ਕੀਤੇ ਜਾਣਗੇ। ਟਹਿਲ ਸੇਵਾ ਲਹਿਰ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਨੂੰ ਦੇਖ ਕੇ ਜਥੇਦਾਰ ਗੜਗੱਜ ਨੇ ਕਿਹਾ, ਲਹਿਰ ਵੱਲੋਂ ਕਰਵਾਏ ਗਏ ਸਮੂਹ ਪੰਥਕ ਹਸਤੀਆਂ ਦੇ ਦਸਤਖਤ ਇਹ ਸਿੱਧ ਕਰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਲੈ ਕੇ ਸਾਰਾ ਪੰਥ ਇੱਕ ਮੱਤ ਹੈ ਅਤੇ ਸੱਚੇ ਪਾਤਸ਼ਾਹ ਦੇ ਸਤਿਕਾਰ ਲਈ, ਢਿੱਲੇ ਪ੍ਰਬੰਧ ਵਾਲੇ ਅਸਥਾਨਾਂ ਤੋਂ ਪਾਵਨ ਸਰੂਪ ਲੈ ਜਾਕੇ 24 ਘੰਟੇ ਪਹਿਰੇਦਾਰੀ ਵਾਲੇ ਅਸਥਾਨਾਂ ਤੇ ਸੁਭਾਏਮਾਨ ਕਰਨ ਦੀ ਹਾਮੀ ਭਰਦਾ ਹੈ। ਟਹਿਲ ਸੇਵਾ ਲਹਿਰ ਦੇ ਸੇਵਾਦਾਰਾਂ ਨਾਲ ਵਿਚਾਰ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਸਾਡੀ ਮਨਸ਼ਾ ਗੁਰਦੁਆਰਾ ਸਾਹਿਬ ਬੰਦ ਕਰਾਉਣ ਦੀ ਕਦਾਚਿਤ ਨਹੀਂ ਹੈ, ਪਰ ਪ੍ਰਬੰਧਕਾਂ ਦਾ ਅਵੇਸਲਾਪਨ ਦੂਰ ਕਰਨ ਲਈ ਸਾਨੂੰ ਇਹ ਕਦਮ ਵੀ ਮਜਬੂਰੀ ਵੱਸ ਚੁੱਕਣਾ ਪੈ ਸਕਦਾ ਹੈ।
ਸਮਾਣਾ ਟਾਵਰ ਮੋਰਚੇ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ, ਇਸ ਲਈ ਸਰਕਾਰ ਨੂੰ ਤੁਰੰਤ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਖਿਲਾਫ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਕਿ ਭਾਈ ਗੁਰਜੀਤ ਸਿੰਘ ਖਾਲਸਾ ਵੀ ਰਾਜੀ ਖੁਸ਼ੀ ਆਪਣੇ ਘਰ ਪਰਿਵਾਰ ਦੀਆਂ ਜਿੰਮੇਵਾਰੀਆਂ ਨਿਭਾ ਸਕੇ। ਉਹਨਾਂ ਵਫਦ ਨੂੰ ਇਹ ਵੀ ਭਰੋਸਾ ਦਿੱਤਾ ਕਿ ਜੇ ਸਰਕਾਰ ਨੇ ਤੁਰੰਤ ਕਾਨੂੰਨ ਨਾ ਬਣਾਇਆ ਤਾਂ ਅਸੀਂ ਦੁਬਾਰਾ ਸਮਾਣੇ ਜਾ ਕੇ ਮੋਰਚੇ ਨੂੰ ਹੋਰ ਤਕੜਾ ਕਰਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਜਸਵੀਰ ਸਿੰਘ ਖਾਲਸਾ, ਭਾਈ ਲਖਵਿੰਦਰ ਸਿੰਘ, ਭਾਈ ਅਮਰੀਕ ਸਿੰਘ, ਭਾਈ ਗੁਰਵਿੰਦਰ ਸਿੰਘ ਅਤੇ ਭਾਈ ਲਵਜੋਤ ਸਿੰਘ ਹਾਜ਼ਰ ਸਨ।