ਪੰਜਾਬ ਵਿੱਚ 18 ਸਾਲ ਪੁਰਾਣੇ ਮੋਗਾ ਸੈਕਸ ਸਕੈਂਡਲ ਦੇ ਮਾਮਲੇ ਚ ਮੋਹਾਲੀ ਦੀ ਸੀਬੀਆਈ ਵਿਸ਼ੇਸ਼ ਅਦਾਲਤ ਵੱਲੋਂ ਅੱਜ ਫੈਸਲਾ ਸੁਣਾਇਆ ਗਿਆ। ਇਸ ਮਾਮਲੇ ਵਿੱਚ ਚਾਰ ਪੁਲਿਸ ਅਧਿਕਾਰੀਆਂ ਨੂੰ ਪਹਿਲਾਂ ਹੀ ਦੋਸ਼ੀ ਠਹਿਰਾਇਆ ਗਿਆ ਸੀ। ਵਿਸ਼ੇਸ਼ ਜੱਜ-2 ਰਾਕੇਸ਼ ਗੁਪਤਾ ਨੇ ਇਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਅਤੇ ਜਬਰੀ ਵਸੂਲੀ ਦੇ ਦੋਸ਼ਾਂ ‘ਚ ਦੋਸ਼ੀ ਪਾਇਆ। ਮੋਗਾ ਦੇ ਤਤਕਾਲੀ ਐੱਸਐੱਸਪੀ ਦਵਿੰਦਰ ਸਿੰਘ ਗਰਚਾ, ਤਤਕਾਲੀ ਐੱਸਪੀ (ਐੱਚ) ਪਰਮਦੀਪ ਸਿੰਘ ਸੰਧੂ, ਅਤੇ ਮੋਗਾ ਸਿਟੀ ਥਾਣੇ ਦੇ ਦੋ ਸਾਬਕਾ ਐੱਸਐੱਚਓਜ਼ ਰਮਨ ਕੁਮਾਰ ਅਤੇ ਇੰਸਪੈਕਟਰ ਅਮਰਜੀਤ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ। ਇਨ੍ਹਾਂ ਚਾਰਾਂ ਨੂੰ 5-5 ਸਾਲ ਕੈਦ ਅਤੇ 2-2 ਲੱਖ ਰੁਪਏ ਜੁਰਮਾਨਾ ਦਿੱਤਾ ਗਿਆ ਹੈ।
ਸੀਬੀਆਈ ਅਦਾਲਤ ਨੇ 29 ਮਾਰਚ ਨੂੰ ਇਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ 4 ਅਪ੍ਰੈਲ ਨੂੰ ਸਜ਼ਾ ਸੁਣਾਉਣ ਦਾ ਦਿਨ ਨਿਰਧਾਰਤ ਕੀਤਾ ਸੀ, ਪਰ ਹੁਣ ਸਜ਼ਾ 7 ਅਪ੍ਰੈਲ ਨੂੰ ਸੁਣਾਈ ਗਈ। ਦਵਿੰਦਰ ਸਿੰਘ ਗਰਚਾ ਅਤੇ ਪਰਮਦੀਪ ਸਿੰਘ ਸੰਧੂ ਨੂੰ ਭ੍ਰਿਸ਼ਟਾਚਾਰ ਵਿਰੋਧੀ ਐਕਟ ਦੇ ਤਹਿਤ ਦੋਸ਼ੀ ਪਾਇਆ ਗਿਆ, ਜਦਕਿ ਰਮਨ ਕੁਮਾਰ ਅਤੇ ਅਮਰਜੀਤ ਸਿੰਘ ਨੂੰ ਭ੍ਰਿਸ਼ਟਾਚਾਰ ਐਕਟ ਅਤੇ ਧਾਰਾ 384 ਦੇ ਤਹਿਤ ਦੋਸ਼ੀ ਠਹਿਰਾਇਆ ਗਿਆ। ਇੰਸਪੈਕਟਰ ਅਮਰਜੀਤ ਸਿੰਘ ਨੂੰ ਆਈਪੀਸੀ ਦੀ ਧਾਰਾ 511 ਦੇ ਤਹਿਤ ਵੀ ਦੋਸ਼ੀ ਪਾਇਆ ਗਿਆ।
ਇੱਕ ਹੋਰ ਹੈਰਾਨੀਜਨਕ ਗੱਲ ਇਹ ਹੈ ਕਿ ਸੀਬੀਆਈ ਅਦਾਲਤ ਨੇ ਰਮਨ, ਜੋ ਉਸ ਸਮੇਂ ਇੰਸਪੈਕਟਰ ਸੀ, ਨੂੰ 1 ਲੱਖ ਰੁਪਏ ਦੇ ਜੁਰਮਾਨੇ ਨਾਲ 3 ਸਾਲ ਦੀ ਵਾਧੂ ਸਜ਼ਾ ਦਿੱਤੀ, ਜਿਸ ਨਾਲ ਉਸਨੂੰ ਕੁੱਲ 8 ਸਾਲ ਦੀ ਕੈਦ ਅਤੇ 100,000 ਰੁਪਏ ਦਾ ਵੱਖਰਾ ਜੁਰਮਾਨਾ ਭਰਨਾ ਪਵੇਗਾ। ਦੱਸਣਾ ਜਰੂਰੀ ਹੈ ਕਿ ਇਹ ਦੋਸ਼ੀ ਪੁਲਿਸ ਅਧਿਕਾਰੀ ਲੋਕਾਂ ਨੂੰ ਰੇਪ ਮਾਮਲਿਆਂ ‘ਚ ਫਸਾ ਕੇ ਫਰਜ਼ੀ ਤਰੀਕੇ ਨਾਲ ਵਸੂਲੀ ਕਰਦੇ ਸਨ, ਅਤੇ ਉਨ੍ਹਾਂ ‘ਤੇ 50 ਲੋਕਾਂ ਨੂੰ ਰੇਪ ਕੇਸ ‘ਚ ਫਸਾਉਣ ਦਾ ਦੋਸ਼ ਹੈ।