ਮਨੁੱਖ ਦਾ ਰੁੱਖਾਂ ਨਾਲ ਹੈ ਪੁਰਾਣਾ ਰਿਸ਼ਤਾ, ਇਨ੍ਹਾਂ ਦੀ ਸੰਭਾਲ ਸਾਡੀ ਜ਼ਿੰਮੇਵਾਰੀ: ਮਹੰਤ ਰਾਜ ਕੁਮਾਰ
ਨਵਾਂਸ਼ਹਿਰ, 6ਅਪ੍ਰੈਲ(ਜਤਿੰਦਰ ਪਾਲ ਸਿੰਘ ਕਲੇਰ )
ਸਥਾਨਕ ਮਾਤਾ ਭੱਦਰਕਾਲੀ ਮੰਦਰ ਅਤੇ ਬਿਰਧ ਆਸ਼ਰਮ ਦੇ ਵਿਹੜੇ ਵਿੱਚ ਅੱਜ ਮਹੰਤ ਰਾਜ ਕੁਮਾਰ ਨੇ ਆਪਣਾ 39ਵਾਂ ਜਨਮ ਦਿਨ ਕੁਦਰਤ ਨੂੰ ਸਮਰਪਿਤ ਕਰਦਿਆਂ ਬੂਟੇ ਲਗਾ ਕੇ ਮਨਾਇਆ। ਇਸ ਮੌਕੇ ਐਸ ਕੇ ਟੀ ਪਲਾਂਟੇਸ਼ਨ ਟੀਮ ਦੇ ਸੰਚਾਲਕ ਅੰਕੁਸ਼ ਨਿਝਾਵਨ ਵੀ ਹਾਜ਼ਰ ਸਨ। ਮਹੰਤ ਰਾਜ ਕੁਮਾਰ ਨੇ ਇਸ ਮੌਕੇ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦਾ ਸੰਕਲਪ ਲਿਆ। ਉਨ੍ਹਾਂ ਨੇ ਆਪਣੇ ਵਾਤਾਵਰਨ ਸੰਦੇਸ਼ ਵਿੱਚ ਕਿਹਾ ਕਿ ਮਨੁੱਖ ਦਾ ਰੁੱਖਾਂ ਨਾਲ ਪੁਰਾਣਾ ਰਿਸ਼ਤਾ ਹੈ। ਭਾਰਤੀ ਸੰਸਕ੍ਰਿਤੀ ਵਿੱਚ ਰੁੱਖਾਂ ਨੂੰ ਹਮੇਸ਼ਾ ਹੀ ਪੂਜਣਯੋਗ ਮੰਨਿਆ ਗਿਆ ਹੈ ਅਤੇ ਇਨ੍ਹਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਸੰਤੁਲਨ ਬਣਾਈ ਰੱਖਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਹਤਮੰਦ ਜੀਵਨ ਦੇਣ ਲਈ ਰੁੱਖਾਂ ਦੀ ਸੰਭਾਲ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਰੱਖਿਆ ਕਰਨ। ਇਸ ਮੌਕੇ ਐਸ ਕੇ ਟੀ ਪਲਾਂਟੇਸ਼ਨ ਟੀਮ ਦੇ ਸੰਚਾਲਕ ਅੰਕੁਸ਼ ਨਿਝਾਵਨ ਨੇ ਮਹੰਤ ਰਾਜ ਕੁਮਾਰ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਹੰਤ ਰਾਜ ਕੁਮਾਰ ਜੀ ਹਰ ਸਾਲ ਆਪਣਾ ਅਤੇ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਜਨਮ ਦਿਨ ਬੂਟੇ ਲਗਾ ਕੇ ਹੀ ਮਨਾਉਂਦੇ ਹਨ, ਉਨ੍ਹਾਂ ਦਾ ਇਹ ਕਦਮ ਸਮਾਜ ਲਈ ਇੱਕ ਪ੍ਰੇਰਨਾ ਹੈ ਅਤੇ ਇਸ ਨਾਲ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਹੋਣ ਦੀ ਪ੍ਰੇਰਨਾ ਮਿਲੇਗੀ। ਉਨ੍ਹਾਂ ਕਿਹਾ ਕਿ ਐਸ ਕੇ ਟੀ ਪਲਾਂਟੇਸ਼ਨ ਟੀਮ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ। ਜਿਸ ਕਿਸੇ ਨੂੰ ਵੀ ਆਪਣੇ ਪਿੰਡ ਜਾਂ ਸ਼ਹਿਰ ਵਿੱਚ ਆਪਣੇ ਜਨਮ ਦਿਨ ਜਾਂ ਕਿਸੇ ਹੋਰ ਖੁਸ਼ੀ ਦੇ ਮੌਕੇ ‘ਤੇ ਬੂਟੇ ਲਗਾਉਣੇ ਹੋਣ, ਉਹ ਉਨ੍ਹਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ।
