ਅਸ਼ੋਕ ਕਟਾਰੀਆ ਨੇ ਬਲਾਚੌਰ ਦੇ ਤਿੰਨ ਪਿੰਡਾਂ ਤੋਂ ਧਾਰਮਿਕ ਯਾਤਰਾ ਲਈ ਬੱਸ ਕੀਤੀ ਰਵਾਨਾ


​ਬਲਾਚੌਰ, 27 ਸਤੰਬਰ (ਜਤਿੰਦਰਪਾਲ ਸਿੰਘ ਕਲੇਰ ):

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ  ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਅੱਜ ਹਲਕਾ ਬਲਾਚੌਰ ਦੇ ਪਿੰਡ ਮਜਾਰੀ, ਸਿੰਬਲ ਮਜਾਰਾ ਅਤੇ ਜਾਡਲੀ ਤੋਂ ਸ਼ਰਧਾਲੂਆਂ ਦੀ ਇੱਕ ਵਿਸ਼ੇਸ਼ ਬੱਸ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਸਮੇਤ ਹੋਰ ਮੁੱਖ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ। ਇਸ ਸ਼ੁਭ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

​ਇਸ ਮੌਕੇ ਯਾਤਰਾ ‘ਤੇ ਜਾ ਰਹੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਆਗੂ ਅਸ਼ੋਕ ਕਟਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਬਹੁਤ ਹੀ ਸ਼ਲਾਘਾਯੋਗ ਅਤੇ ਇਤਿਹਾਸਕ ਉਪਰਾਲਾ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਸੂਬੇ ਦੇ ਉਨ੍ਹਾਂ ਆਮ ਲੋਕਾਂ ਅਤੇ ਬਜ਼ੁਰਗਾਂ ਨੂੰ ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣਾ ਹੈ, ਜੋ ਆਰਥਿਕ ਜਾਂ ਹੋਰ ਵਸੀਲਿਆਂ ਦੀ ਘਾਟ ਕਾਰਨ ਯਾਤਰਾ ਕਰਨ ਤੋਂ ਅਸਮਰੱਥ ਸਨ।

​ਉਨ੍ਹਾਂ ਵਿਸਥਾਰ ਨਾਲ ਦੱਸਿਆ ਕਿ ਇਸ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸੁਵਿਧਾ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਸ਼ਰਧਾਲੂਆਂ ਦੇ ਆਉਣ-ਜਾਣ, ਰਹਿਣ, ਖਾਣ-ਪੀਣ (ਲੰਗਰ) ਅਤੇ ਹੋਰ ਸਾਰੀਆਂ ਬੁਨਿਆਦੀ ਲੋੜਾਂ ਦਾ ਪੂਰਾ ਖਰਚਾ ਪੰਜਾਬ ਸਰਕਾਰ ਵੱਲੋਂ ਚੁੱਕਿਆ ਜਾ ਰਿਹਾ ਹੈ, ਤਾਂ ਜੋ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

​ਯਾਤਰਾ ਲਈ ਰਵਾਨਾ ਹੋ ਰਹੇ ਪਿੰਡ ਮਜਾਰੀ, ਸਿੰਬਲ ਮਜਾਰਾ ਅਤੇ ਜਾਡਲੀ ਦੇ ਨਿਵਾਸੀਆਂ ਨੇ ਬਹੁਤ ਉਤਸ਼ਾਹ ਦਿਖਾਇਆ। ਸ਼ਰਧਾਲੂਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ, ਆਗੂ ਅਸ਼ੋਕ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਸਰਕਾਰੀ ਸਕੀਮ ਸਦਕਾ ਹੀ ਉਨ੍ਹਾਂ ਦੀ ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦੀ ਵਰ੍ਹਿਆਂ ਪੁਰਾਣੀ ਇੱਛਾ ਪੂਰੀ ਹੋਈ ਹੈ।

​ਇਸ ਪ੍ਰੋਗਰਾਮ ਦੌਰਾਨ ਤਿੰਨਾਂ ਪਿੰਡਾਂ ਦੇ ਮੌਜੂਦਾ ਸਰਪੰਚ, ਪੰਚਾਇਤ ਮੈਂਬਰ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਵਰਕਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੇ ਸ਼ਰਧਾਲੂਆਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।


Leave a Reply

Your email address will not be published. Required fields are marked *