ਫਿਰੋਜ਼ਪੁਰ ‘ਚ ਇੰਸਪੈਕਟਰ ਕੋਲੋਂ 3 ਕਿਲੋ ਹੈਰੋਇਨ ਬਰਾਮਦ ਤੇ ਝਬਾਲ ‘ਚ ਨਸ਼ੇ ਦੀ ਇਤਲਾਹ ਦੇਣ ‘ਤੇ ਅਕਾਲੀ ਮਹਿਲਾ ਸਰਪੰਚ ਦੇ ਪਤੀ ਦਾ ਕਤਲ – ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਕਾਮ ਤੇ ਫੇਲ੍ਹ, ਪੰਜਾਬ ‘ਚ ਤੁਰੰਤ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ : ਜਥੇਦਾਰ ਸੁਰਜੀਤ ਸਿੰਘ ਦੋਭਾਲੀ


ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਟੇਟ ਡੈਲੀਗੇਟ ਨੇ ਕਿਹਾ – ਜਦੋਂ ਰਾਖੇ ਹੀ ਭੱਖੀ ਬਣ ਜਾਣ ਅਤੇ ਨਸ਼ੇ ਖ਼ਿਲਾਫ਼ ਬੋਲਣ ਵਾਲੇ ਦਾ ਕਤਲ ਹੋਵੇ ਤਾਂ ਲੋਕ ਇਸ ਸਰਕਾਰ ਤੋਂ ਅੱਕ ਚੁੱਕੇ ਨੇ

ਨਵਾਂਸ਼ਹਿਰ , 27 ਸਤੰਬਰ (ਜਤਿੰਦਰਪਾਲ ਸਿੰਘ ਕਲੇਰ ) :

ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ ਅਤੇ ਮੌਜੂਦਾ ਪੰਜਾਬ ਸਰਕਾਰ ਹਰ ਫਰੰਟ ‘ਤੇ ਪੂਰੀ ਤਰ੍ਹਾਂ ਨਾਕਾਮ ਅਤੇ ਫੇਲ੍ਹ ਸਾਬਤ ਹੋ ਚੁੱਕੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਟੇਟ ਡੈਲੀਗੇਟ ਜਥੇਦਾਰ ਸੁਰਜੀਤ ਸਿੰਘ ਦੋਭਾਲੀ ਨੇ  ਦੋ ਘਿਨਾਉਣੀਆਂ ਖ਼ਬਰਾਂ ‘ਤੇ ਗਹਿਰੀ ਚਿੰਤਾ ਅਤੇ ਰੋਸ ਪ੍ਰਗਟ ਕਰਦਿਆਂ ਕੀਤਾ।

ਜਥੇਦਾਰ ਦੋਭਾਲੀ ਨੇ ਕਿਹਾ ਕਿ ਇੱਕ ਪਾਸੇ ਫਿਰੋਜ਼ਪੁਰ ਵਿੱਚ ਕਾਊਂਟਰ ਇੰਟੈਲੀਜੈਂਸ ਫਰੀਦਕੋਟ ਯੂਨਿਟ ਵਿੱਚ ਤਾਇਨਾਤ ਇੰਸਪੈਕਟਰ ਬਲਦੇਵ ਸਿੰਘ ਨੂੰ 3 ਕਿਲੋ ਤੋਂ ਵੱਧ ਹੈਰੋਇਨ, 6 ਪਿਸਟਲਾਂ, ਮੈਗਜ਼ੀਨ, 17 ਜ਼ਿੰਦਾ ਰੌਂਦ, ਆਈ-20 ਕਾਰ ਅਤੇ 6 ਮੋਬਾਈਲ ਫੋਨਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਪੁਲਿਸ ਨੇ ਨਸ਼ਾ ਖ਼ਤਮ ਕਰਨਾ ਸੀ, ਜਦੋਂ ਉਹੀ ਅਫ਼ਸਰ ਸਰਕਾਰੀ ਗੱਡੀ ਵਿੱਚ ਨਸ਼ਾ ਅਤੇ ਨਜਾਇਜ਼ ਹਥਿਆਰ ਲੈ ਕੇ ਘੁੰਮੇਗਾ ਤਾਂ ਆਮ ਲੋਕ ਕਿੱਥੇ ਜਾਣਗੇ? ਇਹ ਸਿੱਧਾ ਸਾਬਤ ਕਰਦਾ ਹੈ ਕਿ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਵੱਡੀ ਸਰਕਾਰੀ ਸਰਪ੍ਰਸਤੀ ਹੇਠ ਚੱਲ ਰਿਹਾ ਹੈ।

ਦੂਜੇ ਪਾਸੇ ਤਰਨ ਤਾਰਨ ਦੇ ਝਬਾਲ ਵਿਖੇ ਅਕਾਲੀ ਦਲ ਨਾਲ ਸਬੰਧਤ ਮਹਿਲਾ ਸਰਪੰਚ ਕੁਲਵਿੰਦਰ ਕੌਰ ਦੇ ਪਤੀ ਨੂੰ ਸਿਰਫ਼ ਇਸ ਲਈ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਿਉਂਕਿ ਉਸ ਨੇ ਕੁਝ ਮਹੀਨੇ ਪਹਿਲਾਂ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਦੀ ਪੁਲਿਸ ਨੂੰ ਇਤਲਾਹ ਦਿੱਤੀ ਸੀ। ਜਥੇਦਾਰ ਦੋਭਾਲੀ ਨੇ ਕਿਹਾ ਕਿ ਜਦੋਂ ਨਸ਼ੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਨੂੰ ਹੀ ਦਿਨ-ਦਿਹਾੜੇ ਭੁੰਨ ਦਿੱਤਾ ਜਾਵੇ ਤਾਂ ਇਹ ਸਾਫ਼ ਹੈ ਕਿ ਪੰਜਾਬ ਵਿੱਚ ਗੁੰਡਾ ਰਾਜ ਹੈ।

ਜਥੇਦਾਰ ਸੁਰਜੀਤ ਸਿੰਘ ਦੋਭਾਲੀ ਨੇ ਕਿਹਾ ਕਿ ਅੱਜ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਸਾਫ਼ ਹੋ ਗਿਆ ਹੈ ਕਿ ਆਮ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਵਿੱਚ ਇਹ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਲੋਕ ਇਸ ਸਰਕਾਰ ਤੋਂ ਅੱਕ ਚੁੱਕੇ ਹਨ। ਇਸ ਲਈ ਉਨ੍ਹਾਂ ਮਾਨਯੋਗ ਰਾਜਪਾਲ ਪੰਜਾਬ ਅਤੇ ਮਾਨਯੋਗ ਰਾਸ਼ਟਰਪਤੀ ਜੀ ਤੋਂ ਜ਼ੋਰਦਾਰ ਮੰਗ ਕੀਤੀ ਕਿ ਪੰਜਾਬ ਦੇ ਹਿੱਤ ਵਿੱਚ ਅਤੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਬਹਾਲ ਕਰਨ ਲਈ ਪੰਜਾਬ ਵਿੱਚ ਤੁਰੰਤ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ। ਫਿਰੋਜ਼ਪੁਰ ਵਾਲੇ ਭ੍ਰਿਸ਼ਟ ਇੰਸਪੈਕਟਰ ਬਲਦੇਵ ਸਿੰਘ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕਰਕੇ ਉਸ ਦੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦੀ ਜਾਂਚ ਹਾਈਕੋਰਟ ਦੇ ਸਿਟਿੰਗ ਜੱਜ ਜਾਂ ਸੀ.ਬੀ.ਆਈ. ਤੋਂ ਕਰਵਾਈ ਜਾਵੇ।

ਅੰਤ ਵਿੱਚ ਜਥੇਦਾਰ ਦੋਭਾਲੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਪੰਜਾਬ ਦੀ ਵਿਗੜਦੀ ਸਥਿਤੀ ਵੱਲ ਧਿਆਨ ਨਾ ਦਿੱਤਾ ਤਾਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਸੜਕਾਂ ‘ਤੇ ਉਤਰ ਕੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ।


Leave a Reply

Your email address will not be published. Required fields are marked *