ਗੁਲਜ਼ਾਰ ਸਿੰਘ ਦਿੜਬਾ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਤਿੱਖਾ ਰੋਸ ਪ੍ਰਦਰਸ਼ਨ; ਹਰਪਾਲ ਚੀਮਾ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਫੂਕਿਆ ਪੁਤਲਾ


ਨਵਾਂਸ਼ਹਿਰ, 11 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਵਿੱਚ ਨਸ਼ਿਆਂ ਵਰਗੇ ਸੰਵੇਦਨਸ਼ੀਲ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਉਣ ਵਾਲੇ ਗੁਲਜ਼ਾਰ ਸਿੰਘ ਦਿੜਬਾ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਸੂਬੇ ਭਰ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਸੇ ਲੜੀ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਨਵਾਂਸ਼ਹਿਰ ਵਿਖੇ ਐੱਸ.ਐੱਸ.ਪੀ. ਦਫ਼ਤਰ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।

ਪ੍ਰਦਰਸ਼ਨ ਦੌਰਾਨ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਪੁਤਲਾ ਫੂਕਦਿਆਂ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਅਤੇ ਹੋਰਨਾਂ ਆਗੂਆਂ ਨੇ ਸਖ਼ਤ ਸ਼ਬਦਾਂ ਵਿੱਚ ਮੰਗ ਕੀਤੀ ਕਿ ਗੁਲਜ਼ਾਰ ਸਿੰਘ ਦਿੜਬਾ ਦੀ ਮੌਤ ਨਾਲ ਜੁੜੇ ਇਸ ਗੰਭੀਰ ਮਾਮਲੇ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਰੋਸ ਪ੍ਰਦਰਸ਼ਨ ਤੋਂ ਬਾਅਦ ਕਾਂਗਰਸੀ ਆਗੂਆਂ ਵੱਲੋਂ ਡੀ.ਜੀ.ਪੀ. ਪੰਜਾਬ ਦੇ ਨਾਮ ਇੱਕ ਮੰਗ ਪੱਤਰ ਐੱਸ.ਐੱਸ.ਪੀ. ਸ਼ਹੀਦ ਭਗਤ ਸਿੰਘ ਨਗਰ ਨੂੰ ਸੌਂਪਿਆ ਗਿਆ, ਜਿਸ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਰੁੱਧ ਤੁਰੰਤ ਐੱਫ.ਆਈ.ਆਰ. ਦਰਜ ਕਰਕੇ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ ਹੈ।

ਕਾਂਗਰਸੀ ਆਗੂਆਂ ਨੇ ਆਖਿਆ ਕਿ ਪੰਜਾਬ ਵਿੱਚ ਨਸ਼ਿਆਂ ਦਾ ਕੋਹੜ ਦਿਨੋ-ਦਿਨ ਭਿਆਨਕ ਰੂਪ ਧਾਰਨ ਕਰ ਰਿਹਾ ਹੈ ਅਤੇ ਇਸ ਖ਼ਤਰਨਾਕ ਮੁੱਦੇ ਨੂੰ ਬੁਲੰਦ ਕਰਨ ਵਾਲੀ ਹਰ ਆਵਾਜ਼ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਣ ਤੱਕ ਅਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਣ ਤੱਕ ਆਪਣੀ ਇਹ ਆਵਾਜ਼ ਲਗਾਤਾਰ ਬੁਲੰਦ ਰੱਖੇਗੀ।

ਇਸ ਰੋਸ ਪ੍ਰਦਰਸ਼ਨ ਵਿੱਚ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਮੀਨਾ ਚੌਧਰੀ ਹਲਕਾ ਇੰਚਾਰਜ ਬੰਗਾ, ਕਮਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ, ਰਾਜ ਕੁਮਾਰ ਜ਼ਿਲ੍ਹਾ ਪ੍ਰਧਾਨ ਸੇਵਾ ਦਲ, ਉਪਕਾਰ ਸਿੰਘ ਸਾਬਕਾ ਪ੍ਰਧਾਨ ਐੱਸ.ਸੀ. ਸੈੱਲ, ਕੁਲਵਰਨ ਸਿੰਘ ਬਲਾਕ ਪ੍ਰਧਾਨ ਬੰਗਾ, ਰਾਮਦਾਸ ਸਿੰਘ ਬਲਾਕ ਪ੍ਰਧਾਨ ਔੜ, ਜਿੰਦਰ ਕੁਮਾਰ ਬਲਾਕ ਪ੍ਰਧਾਨ ਐੱਸ.ਸੀ. ਸੈੱਲ, ਕੁਲਵੰਤ ਸਿੰਘ ਕਲੇਰ ਜਨਰਲ ਸਕੱਤਰ ਡੀ.ਸੀ.ਸੀ., ਹਰਮੇਸ਼ ਕੁਮਾਰ ਬਲਾਕ ਪ੍ਰਧਾਨ ਐੱਸ.ਸੀ. ਬੰਗਾ, ਸੁਰਿੰਦਰ ਸ਼ਿੰਦਾ ਬੁਲਾਰਾ ਡੀ.ਸੀ.ਸੀ., ਕੁਲਵਿੰਦਰ ਮੰਡ ਸੋਸ਼ਲ ਮੀਡੀਆ ਇੰਚਾਰਜ, ਪਰਮਿੰਦਰ ਪੰਮਾ ਸੋਸ਼ਲ ਮੀਡੀਆ ਇੰਚਾਰਜ, ਡਾ. ਬਖਸ਼ੀਸ਼ ਸਿੰਘ, ਅਮਰਜੀਤ ਕਲਸੀ ਸੇਵਾ ਦਲ ਪ੍ਰਧਾਨ, ਅਰਜੁਨ ਸਿੰਘ, ਜਗਤਾਰ ਖਾਨ, ਅਮਨਦੀਪ, ਵਿਪੁਲ ਧੀਮਾਨ ਅਤੇ ਸੋਨੂੰ ਮਾਣੇਵਾਲ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।


Leave a Reply

Your email address will not be published. Required fields are marked *