12,581 ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ
‘ਬਦਲਦੇ ਪਿੰਡ ਬਦਲਦਾ ਪੰਜਾਬ’ ਮੁਹਿੰਮ ਲਾਗੂ ਕੀਤੀ ਜਾਵੇਗੀ
ਆਬਕਾਰੀ ਨੀਤੀ ਵਿਚ 11200 ਕਰੋੜ ਰੁਪਏ ਦਾ ਟੀਚਾ ਰੱਖਿਆ
ਵਿੱਤੀ ਸਾਲ 2025-26 ਲਈ ਉਦਯੋਗਿਕ ਖੇਤਰ ਨੂੰ ਕੁੱਲ 3,426 ਕਰੋੜ ਦਾ ਬਜਟ ਅਲਾਟ ਕੀਤਾ ਗਿਆ
ਸਿੱਖਿਆ ਖੇਤਰ ਲਈ 12% ਦਾ ਵਾਧਾ ਕੀਤਾ, 17,975 ਕਰੋੜ ਰੁਪਏ ਦਾ ਰੱਖਿਆ ਬਜਟ
ਸੂਬੇ ਦੇ ਸਾਰੇ ਪਰਿਵਾਰਾਂ ਲਈ 10 ਲੱਖ ਰੁਪਏ ਤੱਕ ਦਾ ਬੀਮਾ ਕਵਰ
‘ਸਿਹਤ ਕਾਰਡ’ ਰਾਹੀਂ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ 10 ਲੱਖ ਰੁਪਏ ਤਕ ਦਾ ਕੈਸ਼ਲੈੱਸ ਇਲਾਜ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਆਮ ਆਦਮੀ ਪਾਰਟੀ (ਆਪ) ਸਰਕਾਰ ਦਾ ਚੌਥਾ ਬਜਟ ਪੇਸ਼ ਕਰ ਰਹੇ ਹਨ, ਜਿਸ ਵਿੱਚ ‘ਬਦਲਦਾ ਪੰਜਾਬ’ ਦੇ ਵਿਸ਼ੇ ‘ਤੇ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ, ਜੋ ਪਿਛਲੇ ਬਜਟ ਨਾਲੋਂ 15% ਵੱਧ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੀਆਂ ਜੇਲਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਕੈਮਰੇ ਲਗਾਏ ਜਾਣਗੇ ਅਤੇ ਉਦਯੋਗ ਲਈ ਨਵੀਂ ਨੀਤੀ ਲਿਆਈ ਜਾਵੇਗੀ। ਪ੍ਰੋਤਸਾਹਨ ਲਈ 250 ਕਰੋੜ ਰੁਪਏ ਰੱਖੇ ਗਏ ਹਨ ਅਤੇ 7,614 ਕਰੋੜ ਰੁਪਏ ਵਿੱਚ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ।
ਚੀਮਾ ਨੇ ਕਿਹਾ ਕਿ 2 ਸਾਲਾਂ ਵਿੱਚ 12,581 ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ‘ਬਦਲਦੇ ਪਿੰਡ ਬਦਲਦਾ ਪੰਜਾਬ’ ਮੁਹਿੰਮ ਲਾਗੂ ਕੀਤੀ ਜਾਵੇਗੀ, ਜਿਸ ਵਿੱਚ ਪਿੰਡਾਂ ਦੀ ਸਫਾਈ, ਸੀਵਰੇਜ ਟਰੀਟਮੈਂਟ, ਖੇਡਾਂ ਦੇ ਮੈਦਾਨਾਂ ਦਾ ਨਿਰਮਾਣ ਅਤੇ ਸਟਰੀਟ ਲਾਈਟਾਂ ਦੀ ਸਥਾਪਨਾ ਸ਼ਾਮਲ ਹੈ। ਇਸ ਲਈ 3,500 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਪੇਂਡੂ ਸੜਕਾਂ ਨੂੰ ਬਿਹਤਰ ਬਣਾਉਣ ਲਈ 2,873 ਕਰੋੜ ਖਰਚ ਕੀਤੇ ਜਾਣਗੇ।
ਸਿਹਤ ਵਿਭਾਗ ਲਈ 268 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜਿਸ ਵਿੱਚ ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ ਲਈ 110 ਕਰੋੜ ਰੁਪਏ ਸ਼ਾਮਲ ਹਨ। ਚੀਮਾ ਨੇ ਦੱਸਿਆ ਕਿ ਪੰਜਾਬ ਦੇ 45 ਲੱਖ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਅਤੇ ਬੀਮਾ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ।
ਮਾਲੀਆ ਵਿਭਾਗ ਕਰ ਰਿਹੈ ਬਹੁਤ ਵਧੀਆ ਕੰਮ ਹਰਪਾਲ ਚੀਮਾ ਨੇ ਬਜਟ ਪੇਸ਼ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਮਾਲ ਵਿਭਾਗ ਬਹੁਤ ਵਧੀਆ ਕੰਮ ਕਰ ਰਿਹਾ ਹੈ। ਆਬਕਾਰੀ ਵਿਭਾਗ ਦਾ ਮਾਲੀਆ 10,350 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਸ ਵਿਚ 63 ਪ੍ਰਤੀਸ਼ਤ ਦਾ ਮੁਨਾਫਾ ਹੋਇਆ ਹੈ। ਅਗਲੇ ਸਾਲ ਲਈ ਆਬਕਾਰੀ ਨੀਤੀ ਵਿਚ 11200 ਕਰੋੜ ਰੁਪਏ ਦਾ ਟੀਚਾ ਰੱਖਿਆ ਗਿਆ ਹੈ ਤੇ ਅੱਗੇ ਜੀ.ਐਸ.ਟੀ. ਵਿਚ 62% ਵਾਧਾ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਅਸੀਂ ਵੈਟ ਨਿਪਟਾਰੇ ਲਈ ਵਨ ਟਾਈਮ ਸੈਟਲਮੈਂਟ ਯੋਜਨਾ ਲੈ ਕੇ ਆਏ ਹਾਂ। ਇਸ ਯੋਜਨਾ ਤਹਿਤ 70 ਹਜ਼ਾਰ 313 ਡੀਲਰਾਂ ਨੇ ਲਾਭ ਚੁੱਕਿਆ ਹੈ।
ਹਰਪਾਲ ਚੀਮਾ ਨੇ ਕਿਹਾ ਕਿ ਉਦਯੋਗਿਕ ਖੇਤਰ ਹੁਣ ਰਾਜ ਦੀ ਆਰਥਿਕਤਾ ਵਿਚ 27 ਪ੍ਰਤੀਸ਼ਤ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਪੱਧਰੀ ਮੀਟਿੰਗਾਂ ਰਾਹੀਂ ਇਕ ਨਵੀਂ ਉਦਯੋਗਿਕ ਨੀਤੀ ਤਿਆਰ ਕੀਤੀ ਗਈ ਹੈ, ਜਿਸ ਨੇ ਟਾਟਾ ਸਟੀਲ ਅਤੇ ਸੰਥਨ ਗਰੁੱਪ ਵਰਗੇ ਵੱਡੇ ਨਿਵੇਸ਼ਕਾਂ ਨੂੰ ਆਕਰਸ਼ਿਤ ਕੀਤਾ ਹੈ।
ਚੀਮਾ ਨੇ ਕਿਹਾ ਕਿ ਮੌਜੂਦਾ ਬਜਟ ਵਿਚ, ਉਦਯੋਗਾਂ ਨੂੰ 250 ਕਰੋੜ ਦੇ ਪ੍ਰੋਤਸਾਹਨ ਦੇ ਰੂਪ ਵਿਚ ਵਿੱਤੀ ਸਹਾਇਤਾ ਦਿਤੀ ਗਈ ਹੈ, ਜਦੋਂ ਕਿ ਕਾਂਗਰਸ ਸਰਕਾਰ ਨੇ ਸਿਰਫ਼ 53 ਕਰੋੜ ਦਾ ਪ੍ਰਬੰਧ ਕੀਤਾ ਸੀ। ਅੰਮ੍ਰਿਤਸਰ ਵਿਚ ‘ਯੂਨਿਟੀ ਮਾਲ’ ਅਤੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਉਤਸ਼ਾਹਿਤ ਕਰਨ ਲਈ 120 ਕਰੋੜ ਦੇ ਪ੍ਰੋਜੈਕਟ ਲਾਂਚ ਕੀਤੇ ਗਏ ਹਨ। ਲੁਧਿਆਣਾ ਵਿਚ ਆਟੋ ਪਾਰਟਸ ਅਤੇ ਹੈਂਡ ਟੂਲਜ਼ ਤਕਨਾਲੋਜੀ ਲਈ 10 ਕਰੋੜ ਦਾ ਅਪਗ੍ਰੇਡੇਸ਼ਨ ਕੀਤਾ ਗਿਆ ਹੈ।
ਵਿੱਤੀ ਸਾਲ 2025-26 ਲਈ ਉਦਯੋਗਿਕ ਖੇਤਰ ਨੂੰ ਕੁੱਲ 3,426 ਕਰੋੜ ਦਾ ਬਜਟ ਅਲਾਟ ਕੀਤਾ ਗਿਆ ਹੈ।
ਵਿੱਤੀ ਸਾਲ 2025-26 ਦਾ ਬਜਟ ਪੇਸ਼ ਕਰਦੇ ਹੋਏ ਹਰਪਾਲ ਚੀਮਾ ਵਲੋਂ ਕਿਹਾ ਗਿਆ ਕਿ ਪੰਜਾਬ ਦੇ ਕਿਸਾਨਾਂ ਦੀ ਮਦਦ ਲਈ ਖੇਤੀਬਾੜੀ ਖੇਤਰ ’ਚ ਬਿਜਲੀ ਸਬਸਿਡੀ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2025-26 ਦੇ ਬਜਟ ਵਿਚ ਇਸ ਲਈ 9,992 ਕਰੋੜ ਰੁਪਏ ਰੱਖੇ ਗਏ ਹਨ।
ਪਸ਼ੂ ਸਿਹਤ ਸਹੂਲਤਾਂ ਦੇ ਪਾਇਲਟ ਪ੍ਰਾਜੈਕਟਾਂ ਲਈ ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਹੈ। ਇਸ ਲਈ 704 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗੰਨੇ ਦੀ ਖ਼ਰੀਦ ਕੀਮਤ 401 ਰੁਪਏ ਪ੍ਰਤੀ ਕੁਇੰਟਲ ਸੀ। ਇਹ ਪੂਰੇ ਦੇਸ਼ ਵਿਚ ਸਭ ਤੋਂ ਵੱਧ ਸੀ। 2023-24 ਦੇ ਬਕਾਏ ਅਦਾ ਕਰ ਦਿਤੇ ਗਏ ਹਨ ਤੇ ਇਸ ਸਹਾਇਤਾ ਨੂੰ ਜਾਰੀ ਰੱਖਣ ਲਈ 250 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਸਿੱਖਿਆ ਖੇਤਰ ਲਈ 12% ਦਾ ਵਾਧਾ ਕੀਤਾ ਗਿਆ ਹੈ, ਜਿਸ ਵਿੱਚ 17,975 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ 425 ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ਼ ਹੈਪੀਨੈੱਸ ਵਿਚ ਬਦਲਿਆ ਜਾਵੇਗਾ।
ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਸ਼ਿਆਰਪੁਰ ਨੂੰ ਸਿੱਖਿਆ ਦੇ ਖੇਤਰ ਵਿੱਚ ਗ੍ਰੀਨ ਸਕੂਲ ਪ੍ਰੋਗਰਾਮ ਦੇ ਤਹਿਤ ਪੁਰਸਕਾਰ ਮਿਲਿਆ ਹੈ। ਮਿਸ਼ਨ ਸਮਰਥ ਦੇ ਅਧੀਨ 14 ਲੱਖ ਵਿਦਿਆਰਥੀਆਂ ਨੇ ਇਸ ਦਾ ਲਾਭ ਚੁੱਕਿਆ ਹੈ। ਪ੍ਰੀ-ਪ੍ਰਾਇਮਰੀ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਮੈਗਾ ਪੇ.ਟੀ.ਐਮ. ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ 21 ਲੱਖ ਮਾਪਿਆਂ ਨੇ ਹਿੱਸਾ ਲਿਆ। ਸਿੱਖਿਆ ਵਿਭਾਗ ਦੇ 354 ਪ੍ਰਿੰਸੀਪਲਾਂ, ਹੈੱਡ ਮਾਸਟਰਾਂ ਅਤੇ ਅਧਿਆਪਕਾਂ ਨੂੰ ਸਿੰਗਾਪੁਰ ਅਤੇ ਫਿਨਲੈਂਡ ਵਰਗੇ ਦੇਸ਼ਾਂ ਤੋਂ ਸਿਖਲਾਈ ਦਿੱਤੀ ਗਈ ਹੈ, ਜਿਸ ਨਾਲ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।
ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ‘ਖੇਡਦਾ ਪੰਜਾਬ, ਬਦਲਦਾ ਪੰਜਾਬ’ ਨਾਮਕ ਮੈਗਾ ਸਪੋਰਟਸ ਪਹਿਲਕਦਮੀ ਕੀਤੀ ਜਾ ਰਹੀ ਹੈ। ਸਰਕਾਰ ਦਾ ਵਿਸ਼ਵਾਸ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਇਹ ਕੋਸ਼ਿਸ਼ਾਂ ਪੰਜਾਬ ਨੂੰ ਖੇਡਾਂ ਦਾ ਉੱਤਮ ਕੇਂਦਰ ਬਣਾਉਣ ਵਿੱਚ ਮਦਦਗਾਰ ਸਾਬਤ ਹੋਣਗੀਆਂ। ਇਸ ਤਹਿਤ ਹਰ ਪਿੰਡ ਵਿੱਚ ਖੇਡਾਂ ਦੇ ਮੈਦਾਨ ਅਤੇ ਜਿੰਮ ਬਣਾਏ ਜਾਣਗੇ, ਜਿਨ੍ਹਾਂ ਵਿੱਚ ਰਨਿੰਗ ਟਰੈਕ, ਸੋਲਰ ਲਾਈਟਾਂ ਅਤੇ ਹੋਰ ਸਹੂਲਤਾਂ ਸ਼ਾਮਲ ਹੋਣਗੀਆਂ। ਪੰਜਾਬ ਭਰ ਵਿੱਚ 3 ਹਜ਼ਾਰ ਇਨਡੋਰ ਜਿੰਮ ਬਣਾਏ ਜਾਣਗੇ, ਜਿਸ ਲਈ ਸਰਕਾਰ 979 ਕਰੋੜ ਰੁਪਏ ਦਾ ਬਜਟ ਰੱਖੇਗੀ।
ਚੀਮਾ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਵਿਸ਼ਵ ਪੱਧਰੀ ਸੜਕਾਂ ਬਣਾਉਣ ਦਾ ਇਤਿਹਾਸਕ ਫੈਸਲਾ ਕੀਤਾ ਹੈ, ਜਿਸ ਵਿੱਚ ਪਹਿਲੇ ਪੜਾਅ ਵਿੱਚ 4 ਸ਼ਹਿਰਾਂ ਵਿੱਚ 50 ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ।
ਚੀਮਾ ਨੇ ਇਹ ਵੀ ਕਿਹਾ ਕਿ ਸੜਕਾਂ ‘ਤੇ ਬਿਜਲੀ ਦੀਆਂ ਲਾਈਨਾਂ, ਸਟਰੀਟ ਲਾਈਟਾਂ, ਪਾਣੀ ਦੀ ਸਪਲਾਈ ਅਤੇ ਹੋਰ ਸੇਵਾਵਾਂ ਨੂੰ ਸੁਧਾਰਿਆ ਜਾਵੇਗਾ, ਜਿਸ ਨਾਲ ਲੋਕਾਂ ਅਤੇ ਵਾਹਨਾਂ ਦੀ ਆਵਾਜਾਈ ਸੁਗਮ ਹੋਵੇਗੀ। ਇਸ ਪ੍ਰਾਜੈਕਟ ਦੀ ਕੁੱਲ ਲਾਗਤ 140 ਕਰੋੜ ਰੁਪਏ ਹੋਣ ਦੀ ਉਮੀਦ ਹੈ। ਵਿੱਤ ਮੰਤਰੀ ਨੇ ਇਹ ਵੀ ਦੱਸਿਆ ਕਿ ਹੁਣ ਪੰਜਾਬ ‘ਬੱਤੀ ਗੁੱਲ’ ਵਾਲਾ ਨਹੀਂ, ਸਗੋਂ ‘ਰੌਸ਼ਨੀਆਂ ਵਾਲਾ’ ਬਣੇਗਾ, ਜਿੱਥੇ 2.5 ਲੱਖ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ।
ਸਿਹਤ ਖੇਤਰ ਲਈ, ਸਰਕਾਰ ਨੇ 2 ਵੱਡੇ ਫੈਸਲੇ ਕੀਤੇ ਹਨ, ਜਿਸ ਵਿੱਚ ਸਿਹਤ ਬੀਮਾ ਯੋਜਨਾ ਨੂੰ ਵਿਆਪਕ ਬਣਾਉਣਾ ਅਤੇ 65 ਲੱਖ ਪਰਿਵਾਰਾਂ ਨੂੰ ਕਵਰ ਕਰਨਾ ਸ਼ਾਮਲ ਹੈ। ਹਰਪਾਲ ਚੀਮਾ ਨੇ ਦੱਸਿਆ ਕਿ ਸਾਰੇ ਪਰਿਵਾਰਾਂ ਲਈ 10 ਲੱਖ ਰੁਪਏ ਤੱਕ ਦਾ ਬੀਮਾ ਕਵਰ ਵਧਾਇਆ ਜਾ ਰਿਹਾ ਹੈ। ਇਸ ਦੇ ਨਾਲ, ਸਿਹਤ ਕਾਰਡ ਜਾਰੀ ਕੀਤਾ ਜਾਵੇਗਾ, ਜਿਸ ਨਾਲ ਪਰਿਵਾਰਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 10 ਲੱਖ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਦਾ ਲਾਭ ਮਿਲੇਗਾ। ਸਰਕਾਰ ਨੇ ਇਸ ਮਕਸਦ ਲਈ 778 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਅਧੀਨ ਆਉਣ ਵਾਲੇ ਸਾਰੇ ਪਰਿਵਾਰਾਂ ਨੂੰ ਅਗਲੇ ਸਾਲ ‘ਸਿਹਤ ਕਾਰਡ’ ਮਿਲੇਗਾ ਜਿਸ ਰਾਹੀਂ ਉਹ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ 10 ਲੱਖ ਰੁਪਏ ਤਕ ਦੇ ਕੈਸ਼ਲੈੱਸ ਇਲਾਜ ਦਾ ਫਾਇਦਾ ਲੈ ਸਕਣਗੇ।