ਪੰਜਾਬ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਪੁਰਾਣੇ ਜਮਹੂਰੀਅਤ ਵਿਰੋਧੀ ਹਥਕੰਡੇ ਅਪਣਾਏ ਜਾ ਰਹੇ ਹਨ: CM Mann

ਚੰਡੀਗੜ੍ਹ- ਆਪ ਦੇ ਸੀਨੀਅਰ ਆਗੂ ਅਤੇ ਪੰਜਾਬ ਸਹਿ-ਪ੍ਰਭਾਰੀ ਸਤੇਂਦਰ ਜੈਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਭਾਜਪਾ ਤੇ ਤਿੱਖਾ ਹਮਲਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ‘ਈ.ਡੀ. ਪਾਰਟੀ’ (ਭਾਜਪਾ) ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਲਈ ਇਕ ਵਾਰ ਫਿਰ ਆਪਣੇ ਪੁਰਾਣੇ ਜਮਹੂਰੀਅਤ ਵਿਰੋਧੀ ਹਥਕੰਡੇ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਭਾਜਪਾ ਦਾ ਪੰਜਾਬ ਵਿੱਚ ਕੋਈ ਸਿਆਸੀ ਆਧਾਰ ਨਹੀਂ ਹੈ, ਉਹ ਆਪਣੇ ਸਿਆਸੀ ਵਿਰੋਧੀਆਂ ਨੂੰ ਬਦਨਾਮ ਕਰਨ, ਧਮਕਾਉਣ ਤੇ ਦਬਾਉਣ ਲਈ ਈ.ਡੀ. ਅਤੇ ਸੀ.ਬੀ.ਆਈ. ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ ਪਰ ਅਜਿਹੀ ਸਿਆਸੀ ਬਦਲਾਖੋਰੀ ‘ਆਪ ਸਰਕਾਰ ਨੂੰ ਆਮ ਲੋਕਾਂ ਲਈ ਕੰਮ ਕਰਨ ਤੋਂ ਨਹੀਂ ਰੋਕ ਸਕੇਗੀ। ਭਾਜਪਾ ਵੱਲੋਂ ਆਪਣੀ ਸਰਕਾਰ ਤੇ ਕੀਤੇ ਜਾ ਰਹੇ ਹਮਲਿਆਂਤੇ ਤਨਜ਼ ਕੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਨੂੰ ਉਨ੍ਹਾਂ ਲੋਕਾਂ ਤੋਂ ਇਮਾਨਦਾਰੀ, ਦੇਸ਼ ਭਗਤੀ ਜਾਂ ਰਾਸ਼ਟਰਵਾਦ ਦਾ ਕੋਈ ਸਰਟੀਫਿਕੇਟ ਨਹੀਂ ਚਾਹੀਦਾ, ਜਿਨ੍ਹਾਂ ਨੇ ਪੰਜਾਬ ਅਤੇ ਇਸ ਦੇ ਲੋਕਾਂ ਨੂੰ ਬੇਰਹਿਮੀ ਨਾਲ ਲੁੱਟਿਆ ਹੈ।
ਐਕਸ ਤੇ ਪੋਸਟ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਤੇਂਦਰ ਜੈਨ ਜੀ ਦੀ ਗ੍ਰਿਫ਼ਤਾਰੀ ਸਿਆਸੀ ਬਦਲਾਖੋਰੀ ਦੀ ਪ੍ਰਤੱਖ ਮਿਸਾਲ ਹੈ। ਕੇਂਦਰ ਸਰਕਾਰ ਵਿਰੋਧੀ ਧਿਰ ਦੇ ਆਗੂਆਂ ਨੂੰ ਡਰਾਉਣ ਅਤੇ ਦਬਾਉਣ ਲਈ ਈ.ਡੀ. ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਜਿਨ੍ਹਾਂ ਨੇ ਖ਼ੁਦ ਪੰਜਾਬ ਨੂੰ ਵੇਚਿਆ ਹੈ, ਉਹ ਅੱਜ ਸਾਡੇ ਤੋਂ ਸਵਾਲ ਪੁੱਛ ਰਹੇ ਹਨ। ਇਹ ਤਰੀਕਾ ਲੋਕਤੰਤਰ ਲਈ ਬਿਲਕੁਲ ਸਹੀ ਨਹੀਂ ਹੈ।" ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਆਪਣੇ ਸਿਆਸੀ ਵਿਰੋਧੀਆਂ ਨੂੰ ਪ੍ਰੇਸ਼ਾਨ ਕਰਨ ਲਈ ਈ.ਡੀ., ਸੀ.ਬੀ.ਆਈ. ਅਤੇ ਹੋਰ ਕੇਂਦਰੀ ਏਜੰਸੀਆਂ ਦੀ ਵਰਤੋਂ ਕਰਨਾ ਭਾਜਪਾ ਦੀ ਪੁਰਾਣੀ ਰਣਨੀਤੀ ਹੈ। ਅਜਿਹਾ ਹੀ ਕੰਮ ਦਿੱਲੀ ਵਿੱਚ ਵੀ ਕੀਤਾ ਗਿਆ ਸੀ, ਜਿੱਥੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ ਦੀ ਪੂਰੀ ਚੋਟੀ ਦੀ ਲੀਡਰਸ਼ਿਪ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਸੀ। ‘ਆਪ` ਦੇ ਸੀਨੀਅਰ ਆਗੂ ਸਤੇਂਦਰ ਜੈਨ ਵਿਰੁੱਧ ਕਾਰਵਾਈ ਵੀ ਇਸੇ ਰਣਨੀਤੀ ਦਾ ਹਿੱਸਾ ਹੈ ਕਿਉਂਕਿ ਭਾਜਪਾ ਅਜਿਹੇ ਡਰਾਮੇ ਕਰਨ ਦੀ ਆਦੀ ਹੈ।”

Leave a Reply

Your email address will not be published. Required fields are marked *