ਬੀਤੇ ਦਿਨ ਕਿਸਾਨਾਂ ‘ਤੇ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਬਿਆਨ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਜਾਖੜ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਪਹਿਲਾਂ ਕਿਸਾਨਾਂ ਦੇ ਵਕੀਲ ਬਣਦੇ ਸਨ ਅਤੇ ਕਹਿੰਦੇ ਸਨ ਕਿ ਡੱਲੇਵਾਲ ਨੂੰ ਚੁੱਕਣ ਨਾਲ ਮਾਹੌਲ ਖ਼ਰਾਬ ਹੋਵੇਗਾ। ਇਹ ਲੜਾਈ ਕਿਸਾਨਾਂ ਦੀ ਨਹੀਂ, ਸਗੋਂ ਅਖੌਤੀ ਕਿਸਾਨ ਲੀਡਰਾਂ ਦੀ ਸੀ। ਸਰਕਾਰ ਨੇ ਮੋਰਚਾ ਲਗਾਇਆ ਅਤੇ ਫਿਰ ਉਸੇ ਨੇ ਮੋਰਚਾ ਹਟਾਇਆ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਲੋਕ ਸਭਾ ਚੋਣਾਂ ਦੌਰਾਨ ਕਿਸਾਨਾਂ ਨੂੰ ਭਾਜਪਾ ਦੇ ਉਮੀਦਵਾਰਾਂ ਵਿਰੁੱਧ ਉਕਸਾਇਆ ਅਤੇ ਇਸਦਾ ਫਾਇਦਾ ਚੋਣਾਂ ਵਿੱਚ ਉਠਾਇਆ। ਜਾਖੜ ਨੇ ਕਿਹਾ ਕਿ ਇਹ ਲੜਾਈ ਕਿਸਾਨਾਂ ਦੀ ਨਹੀਂ, ਸਗੋਂ ਅਖੌਤੀ ਕਿਸਾਨ ਲੀਡਰਾਂ ਦੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਜਦੋਂ ਲੁਧਿਆਣਾ ਪੱਛਮੀ ਦੀ ਉਪ ਚੋਣ ਆ ਗਈ ਹੈ, ਤਾਂ ਸੂਬਾ ਸਰਕਾਰ ਨੂੰ ਸਨਅਤ ਦੀ ਚਿੰਤਾ ਹੋਈ, ਜਦੋਂ ਕਿ ਪਹਿਲਾਂ ਕਿਸੇ ਨੇ ਵੀ ਸਨਅਤਕਾਰਾਂ ਦੀ ਚਿੰਤਾ ਨਹੀਂ ਕੀਤੀ। ਇਸ ਦੇ ਨਾਲ, ਉਨ੍ਹਾਂ ਨੇ ਕਿਹਾ ਕਿ ਭਾਜਪਾ ਵਿਰੁੱਧ ਮਾਹੌਲ ਬਣਾਉਣ ਲਈ ਸੂਬਾ ਸਰਕਾਰ ਨੇ ਕਿਸਾਨਾਂ ਦੀ ਵਰਤੋਂ ਕੀਤੀ ਅਤੇ ਅਖੌਤੀ ਕਿਸਾਨ ਲੀਡਰਾਂ ਨੇ ਆਮ ਕਿਸਾਨਾਂ ਨੂੰ ਭੜਕਾਇਆ।