ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਭਰਤੀ ਕਮੇਟੀ ‘ਤੇ ਸਵਾਲ ਉਠਾਏ। ਇਹ ਸਵਾਲ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਚੰਡੀਗੜ੍ਹ ਵਿੱਚ ਮੀਟਿੰਗ ਦੇ ਬਾਅਦ ਪ੍ਰੈਸ ਕਾਨਫਰੰਸ ਵਿੱਚ ਕੀਤੇ। ਉਨ੍ਹਾਂ ਦੋਸ਼ ਲਗਾਇਆ ਕਿ ਦੋ ਕਾਰਜਕਾਰੀ ਮੈਂਬਰ, ਹਰਜਿੰਦਰ ਸਿੰਘ ਧਾਮੀ ਅਤੇ ਪ੍ਰੋ. ਕ੍ਰਿਪਾਲ ਸਿੰਘ ਅਸਤੀਫਾ ਦੇ ਚੁੱਕੇ ਹਨ। ਉਨ੍ਹਾਂ ਨੇ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੀ ਭਰਤੀ ਨੂੰ ਗਲਤ ਕਰਾਰ ਦਿੱਤਾ।
ਉਨ੍ਹਾਂ ਭਰਤੀ ਕਮੇਟੀ ਵੱਲੋਂ ਜਾਰੀ ਕੀਤੇ ਫਾਰਮ ਵਿੱਚ ਕਮੀਆਂ ਦੱਸੀਆਂ। ਉਨ੍ਹਾਂ ਕਿਹਾ ਕਿ ਫਾਰਮ ‘ਤੇ ਪਾਰਟੀ ਦਾ ਨਾਮ ਨਹੀਂ ਦਿੱਤਾ ਗਿਆ, ਸਿਰਫ਼ ਇੱਕ ਥਾਂ ‘ਤੇ ਅਕਾਲੀ ਦਲ ਲਿਖਿਆ ਹੈ, ਪਰ ਇਹ ਸਪਸ਼ਟ ਨਹੀਂ ਹੈ ਕਿ ਅਕਾਲੀ ਦਲ ਕਦੋਂ ਅਤੇ ਕਿੱਥੇ ਰਜਿਸਟਰਡ ਹੋਇਆ। ਫਾਰਮ ‘ਤੇ ਇਹ ਵੀ ਲਿਖਿਆ ਹੈ ਕਿ ਅਕਾਲੀ ਦਲ ਦੀ 5 ਮੈਂਬਰੀ ਕਮੇਟੀ ਹੋਵੇਗੀ, ਪਰ ਅਸਲ ਵਿੱਚ 7 ਮੈਂਬਰੀ ਕਮੇਟੀ ਬਣਾਈ ਗਈ ਸੀ।
ਡਾ. ਚੀਮਾ ਨੇ ਦੋਸ਼ ਲਗਾਇਆ ਕਿ ਜੇ ਇਹ ਕਮੇਟੀ ਭਰਤੀ ਕਰ ਰਹੀ ਹੈ, ਤਾਂ ਫਾਰਮ ‘ਤੇ ਪਤਾ ਅਤੇ ਫ਼ੋਨ ਨੰਬਰ ਕਿਉਂ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਭਰਤੀ ਕਮੇਟੀ ਮੈਂਬਰ ਬਣਾਕੇ ਪੈਸੇ ਇਕੱਠੇ ਕਰ ਰਹੀ ਹੈ, ਤਾਂ ਫਾਰਮ ‘ਤੇ ਇਹ ਨਹੀਂ ਦੱਸਿਆ ਗਿਆ ਕਿ ਇਹ ਪੈਸੇ ਕਿਸ ਖਾਤੇ ਵਿੱਚ ਜਮ੍ਹਾ ਕੀਤੇ ਜਾਣਗੇ। ਇਹ ਸਾਰਾ ਕੰਮ ਧੋਖਾਧੜੀ ਵਾਲਾ ਹੈ। ਜੇ ਇਹ ਕਮੇਟੀ ਗੈਰ-ਕਾਨੂੰਨੀ ਕੰਮ ਕਰਨਾ ਚਾਹੁੰਦੀ ਹੈ, ਤਾਂ ਇਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਾਮ ਨਹੀਂ ਵਰਤਣਾ ਚਾਹੀਦਾ। ਫਾਰਮਾਂ ‘ਤੇ ਕੋਈ ਸੀਰੀਅਲ ਨੰਬਰ ਨਹੀਂ ਦਿੱਤੇ ਗਏ ਹਨ, ਅਤੇ ਇਹ ਕਮੇਟੀ ਸਿਰਫ਼ ਮੈਂਬਰ ਬਣਾਕੇ ਦਿੱਲੀ ਪਾਰਟੀ ਨਾਲ ਸਹਿਯੋਗ ਕਰਨਾ ਚਾਹੁੰਦੀ ਹੈ।
ਬਾਗੀ ਅਕਾਲੀ ਧੜੇ ਦੇ ਆਗੂ ਚਰਨਜੀਤ ਸਿੰਘ ਬਰਾੜ ਨੇ ਡਾ. ਦਲਜੀਤ ਸਿੰਘ ਚੀਮਾ ਨੂੰ ਅਕਾਲ ਤਖ਼ਤ ਵੱਲੋਂ ਬਣਾਈ ਗਈ ਭਰਤੀ ਕਮੇਟੀ ਅਤੇ ਇਸ ਲਈ ਜਾਰੀ ਹੁਕਮਨਾਮਾ ਸਾਹਿਬ ਨੂੰ ਫਰਾਡ ਕਹਿਣ ‘ਤੇ ਤੁਰੰਤ ਮੁਆਫੀ ਮੰਗਾਂ ਨੂੰ ਕਿਹਾ
ਅਕਾਲ ਤਖ਼ਤ ਵੱਲੋਂ 2 ਦਸੰਬਰ ਦੇ ਫ਼ੈਸਲਿਆਂ ਦੇ ਸਮੇਂ, ਅਕਾਲੀ ਦਲ ਦੀ ਭਰਤੀ ਲਈ ਬਣਾਈ ਗਈ ਕਮੇਟੀ ਨੂੰ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਵੱਲੋਂ ਫਰਾਡ ਕਹਿਣ ‘ਤੇ ਬਾਗੀ ਅਕਾਲੀ ਧੜੇ ਦੇ ਆਗੂ ਚਰਨਜੀਤ ਸਿੰਘ ਬਰਾੜ ਨੇ ਤਿੱਖਾ ਪ੍ਰਤੀਕਰਮ ਦਿੱਤਾ।
ਉਨ੍ਹਾਂ ਚੀਮਾ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਤੁਸੀਂ ਵਾਰ ਵਾਰ ਹੁਕਮਨਾਮਾ ਸਾਹਿਬ ਦੀ ਇੱਜ਼ਤ ਨੂੰ ਥੱਲੇ ਲਿਆ ਰਹੇ ਹੋ ਅਤੇ ਹੁਕਮਨਾਮੇ ਦੀ ਅਹਿਮੀਅਤ ਨੂੰ ਘਟਾ ਰਹੇ ਹੋ। ਚੀਮਾ ਅਤੇ ਨਕਾਰਾਤਮਕ ਲੀਡਰਸ਼ਿਪ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ‘ਤੇ ਲਾਦਣ ਦੀ ਕੋਸ਼ਿਸ਼ ਕਰ ਰਹੇ ਹੋ। ਬਰਾੜ ਨੇ ਚੀਮਾ ਦੇ ਵੋਟਰਾਂ ਅਤੇ ਅਕਾਲੀ ਵਰਕਰਾਂ ਨੂੰ ਗਾਹਕ ਕਹਿਣ ‘ਤੇ ਜਵਾਬ ਦਿੰਦੇ ਹੋਏ ਕਿਹਾ ਕਿ ਵਰਕਰ ਪਹਿਲਾਂ ਹੀ ਕਹਿੰਦੇ ਸਨ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਪ੍ਰਾਈਵੇਟ ਲਿਮਿਟਡ ਕੰਪਨੀ ਬਣਾ ਦਿੱਤਾ ਹੈ ਅਤੇ ਹੁਣ ਤੁਸੀਂ ਇਸ ਨੂੰ ਮੰਨਣ ਲਈ ਵਰਕਰਾਂ ਅਤੇ ਵੋਟਰਾਂ ਨੂੰ ਗਾਹਕ ਕਹਿ ਰਹੇ ਹੋ।
ਬਰਾੜ ਨੇ ਚੀਮਾ ਨੂੰ ਕਿਹਾ ਕਿ ਅਕਾਲ ਤਖ਼ਤ ਵੱਲੋਂ ਬਣਾਈ ਗਈ ਭਰਤੀ ਕਮੇਟੀ ਅਤੇ ਇਸ ਲਈ ਜਾਰੀ ਹੁਕਮਨਾਮਾ ਸਾਹਿਬ ਨੂੰ ਫਰਾਡ ਕਹਿਣ ‘ਤੇ ਤੁਰੰਤ ਮੁਆਫੀ ਮੰਗੋ ਅਤੇ ਆਪਣੇ ਸ਼ਬਦ ਵਾਪਿਸ ਲਵੋ।