ਪੰਜਾਬ ਦੇ ਅੰਮ੍ਰਿਤਸਰ ਵਿੱਚ ਮੰਦਰ ‘ਤੇ ਬੰਬ ਸੁੱਟਣ ਵਾਲੇ ਆਰੋਪੀਆਂ ਵਿੱਚੋਂ ਇੱਕ ਨੂੰ ਪੁਲਿਸ ਨੇ ਐਨਕਾਊਂਟਰ ਵਿੱਚ ਮਾਰ ਦਿੱਤਾ ਹੈ ਜਦਕਿ ਉਸਦਾ ਸਾਥੀ ਫਰਾਰ ਹੋਣ ਵਿੱਚ ਕਾਮਯਾਬ ਰਿਹਾ । ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਪੁਲਿਸ ਅਤੇ ਹਮਲਾਵਰਾਂ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿੱਚ ਦੋਸ਼ੀ ਗੁਰਸਿਦਕ, ਜਿਸਨੂੰ ਸਿਦਕੀ ਵੀ ਕਿਹਾ ਜਾਂਦਾ ਹੈ, ਮਾਰਿਆ ਗਿਆ, ਜਦਕਿ ਉਸਦਾ ਸਾਥੀ ਵਿਸ਼ਾਲ ਫਰਾਰ ਹੋ ਗਿਆ। ਪੁਲਿਸ ਨੂੰ ਖੁਫੀਆ ਜਾਣਕਾਰੀ ਮਿਲੀ ਸੀ, ਜਿਸ ਦੇ ਆਧਾਰ ‘ਤੇ CIA ਅਤੇ ਛੇਹਰਟਾ ਪੁਲਿਸ ਦੀਆਂ ਟੀਮਾਂ ਨੇ ਆਰੋਪੀਆਂ ਨੂੰ ਫੜਨ ਲਈ ਕਾਰਵਾਈ ਕੀਤੀ। SHO ਛੇਹਰਟਾ ਨੂੰ ਇਸ ਜੁਰਮ ਵਿੱਚ ਵਰਤੇ ਗਏ ਮੋਟਰਸਾਈਕਲ ਬਾਰੇ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਗੁਰਸਿਦਕ ਅਤੇ ਵਿਸ਼ਾਲ ਦੇ ਨਾਮ ਸਾਹਮਣੇ ਆਏ। ਪੁਲਿਸ ਨੂੰ ਪਤਾ ਲੱਗਾ ਕਿ ਇਹ ਦੋਵੇਂ ਆਰੋਪੀ ਰਾਜਾਸਾਂਸੀ ਇਲਾਕੇ ਵਿੱਚ ਹਨ, ਜਿਸ ਤੋਂ ਬਾਅਦ ਪੁਲਿਸ ਨੇ ਇਲਾਕੇ ਵਿੱਚ ਸਰਚ ਅਪ੍ਰੇਸ਼ਨ ਚਲਾਇਆ।
ਇਸ ਦੌਰਾਨ ਆਰੋਪੀਆਂ ਨੂੰ ਆਓਂਦੇ ਦੇਖ ਕੇ ਜਦੋਂ ਪੁਲਿਸ ਨੇ ਮੋਟਰਸਾਈਕਲ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਮੋਟਰਸਾਈਕਲ ਛੱਡ ਕੇ ਪੁਲਿਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਬਦਮਾਸ਼ਾਂ ਦੀ ਗੋਲੀਬਾਰੀ ‘ਚ ਦੋ ਪੁਲਿਸ ਕਾਂਸਟੇਬਲ ਜ਼ਖ਼ਮੀ ਹੋ ਗਏ। ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਗੁਰਸਿਦਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਦਕਿ ਵਿਸ਼ਾਲ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਗੁਰਸਿਦਕ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਗੁਰਸਿਦਕ ਦੀ ਮੌਤ ਹੋ ਗਈ। ਹੁਣ ਪੁਲਿਸ ਇਸ ਮਾਮਲੇ ਵਿੱਚ ਆਰੋਪੀਆਂ ਦੇ ਪਾਕਿਸਤਾਨ ਅਤੇ ISI ਨਾਲ ਸੰਭਾਵਿਤ ਸੰਬੰਧਾਂ ਦੀ ਵੀ ਜਾਂਚ ਕਰ ਰਹੀ ਹੈ। ਫਿਲਹਾਲ ਫਰਾਰ ਆਰੋਪੀ ਵਿਸ਼ਾਲ ਦੀ ਭਾਲ ਜਾਰੀ ਹੈ ਅਤੇ ਪੁਲਿਸ ਉਸ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।