ਐਤਵਾਰ ਸਵੇਰੇ ਇੱਕ ਨਾਈਟ ਕਲੱਬ ਵਿੱਚ ਅੱਗ ਲੱਗਣ ਦੇ ਨਤੀਜੇ ਵਜੋਂ 51 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਉੱਤਰੀ ਮੈਸੇਡੋਨੀਆ ਦੇ ਦੱਖਣੀ ਸ਼ਹਿਰ ਕੋਕਾਨੀ ਵਿੱਚ ਇੱਕ ਨਾਈਟ ਕਲੱਬ ਵਿੱਚ ਇੱਕ ਸੰਗੀਤ ਸਮਾਰੋਹ ਦੌਰਾਨ ਹੋਇਆ, ਜਦੋਂ ਕਿ ਕੁਝ ਨੌਜਵਾਨਾਂ ਨੇ ਡਾਂਸ ਕਰਦੇ ਹੋਏ ਪਟਾਕੇ ਚਲਾਏ, ਜਿਸ ਨਾਲ ਛੱਤ ਨੂੰ ਅੱਗ ਲੱਗ ਗਈ। ਮੰਤਰੀ ਤੋਸ਼ਕੋਵਸਕੀ ਨੇ ਦੱਸਿਆ ਕਿ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਮਾਰੋਹ ਵਿੱਚ ਇੱਕ ਹਜ਼ਾਰ ਤੋਂ ਵੱਧ ਲੋਕ ਮੌਜੂਦ ਸਨ। ਜ਼ਖਮੀਆਂ ਨੂੰ ਕੋਕਾਨੀ ਦੇ ਸਥਾਨਕ ਹਸਪਤਾਲਾਂ ਵਿੱਚ ਭੇਜਿਆ ਗਿਆ। ਅੱਗ ਲੱਗਣ ਤੋਂ ਬਾਅਦ ਕਲੱਬ ਵਿੱਚ ਹਫੜਾ-ਦਫੜੀ ਮਚ ਗਈ, ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਵਿੱਚ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਹਨ। ਸੁਰੱਖਿਆ ਬਲਾਂ ਅਤੇ ਫਾਇਰਫਾਈਟਰਜ਼ ਨੇ ਮੌਕੇ ‘ਤੇ ਪਹੁੰਚ ਕੇ ਅੱਗ ਨੂੰ ਬੁਝਾਉਣ ਲਈ ਕੋਸ਼ਿਸ਼ ਕੀਤੀ, ਪਰ ਅੱਗ ਇੰਨੀ ਭਿਆਨਕ ਸੀ ਕਿ ਫਾਇਰਫਾਈਟਰਜ਼ ਨੂੰ ਕਈ ਘੰਟੇ ਲੱਗੇ। ਮੈਸੇਡੋਨੀਅਨ ਅਧਿਕਾਰੀ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।