ਫਿਲਮ ਇੰਡਸਟਰੀ ਵਿਚ ਦੇ ਰਿਹਾ ਕਈ ਮਸ਼ਹੂਰ ਬਾਲੀਵੁੱਡ ਹਾਲੀਵੁਡ ਸ਼ਖਸ਼ੀਅਤਾਂ ਨੂੰ ਆਪਣੀ ਆਵਾਜ਼
ਅੱਜ ਪੰਜਾਬੀ ਹਰ ਖੇਤਰ ‘ਚ ਛਾਏ ਹੋਏ ਹਨ। ਇਸੇ ਤਰ੍ਹਾਂ ਦਾ ਪ੍ਰਤਿਭਾਸ਼ਾਲੀ ਨੌਜਵਾਨ ਹੈ ਰਾਮ ਕਿਰਨ ਚੋਪੜਾ। ਜਲੰਧਰ ਦੇ ਛੋਟੇ ਜਿਹੇ ਪਿੰਡ ਜੰਡੂ ਸਿੰਘਾ ‘ਚ ਜਨਮੇ ਇਸ ਹੋਣਹਾਰ ਨੌਜਵਾਨ ਦੀ ਅੱਜ ਫਿਲਮ ਇੰਡਸਟਰੀ ‘ਚ ਪੂਰੀ ਤੂਤੀ ਬੋਲਦੀ ਹੈ। ਪਿੰਡ ਦੇ ਸਕੂਲ ‘ਚੋ’ ਮੁੱਢਲੀ ਸਿੱਖਿਆ ਉਪਰੰਤ ਉਸ ਨੇ ਦੋਆਬਾ ਕਾਲਜ ਜਲੰਧਰ ‘ਚ ਦਾਖ਼ਲਾ ਲੈ ਲਿਆ। ਉਸ ਨੂੰ ਸ਼ੁਰੂ ਤੋਂ ਹੀ ਕਲਾਕਾਰੀ ਦੀ ਚਿਣਗ ਸੀ ਤੇ ਕਾਲਜ ਆ ਕੇ ਇਹ ਜੁਨੂਨ ‘ਚ ਤਬਦੀਲ ਹੋ ਗਈ। ਕਲਾ ‘ਚ ਉਸ ਦੀ ਰੁਚੀ ਨੂੰ ਦੇਖਦਿਆਂ ਪ੍ਰੋਫੈਸਰ ਨੇ ਕਾਲਜ ਦੀ ਸਟੇਜ ‘ਤੇ ਮੋਨੋਂ ਅਦਾਕਾਰੀ ਕਰਨ ਦਾ ਮੌਕਾ ਦਿੱਤਾ, ਜਿਸ ਨੂੰ ਬਹੁਤ ਜ਼ਿਆਦਾ ਸਲਾਹਿਆ ਗਿਆ। ਇਸ ਤੋਂ ਉਤਸ਼ਾਹਿਤ ਹੋ ਕੇ ਉਸ ਨੇ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਉੱਘੇ ਨਾਟਕਕਾਰ ਗੁਰਸ਼ਰਨ ਸਿੰਘ ਨਾਲ ਨੁੱਕੜ ਨਾਟਕ ਕਰਨ ਦਾ ਸੁਭਾਗ ਹਾਸਲ ਹੋਇਆ। ਉਸ ਨੇ ਕਾਲਜਾਂ ਤੇ ਯੂਨੀਵਰਸਿਟੀਆਂ ‘ਚ ਕਈ ਨਾਟਕ ਖੇਡੇ।
1993 ‘ਚ ਜਲੰਧਰ ‘ਤੇ ਜਵਾਂ ਤਰੰਗ’ ਨਾਂ ਦੇ ਪ੍ਰੋਗਰਾਮ ਰਾਹੀਂ ਉਹ ਪਹਿਲੀ ਵਾਰ ਟੀਵੀ ‘ਤੇ ਆਇਆ। ਇਸ ਨਾਲ ਮਿਲੀ ਹੱਲਾਸ਼ੇਰੀ ਤੋ’ ਬਾਅਦ ਉਸ ਨੰ ਮਕਬੂਲ ਪ੍ਰੋਗਰਾਮ ‘ਲਿਸ਼ਕਾਰਾ’ ‘ਚ ਕਾਮੇਡੀ ਕੀਤੀ। ਉਹ ਕਿਸਮਤ ਅਜ਼ਮਾਉਣ ਲਈ 2011 ‘ਚ ਮੁੰਬਈ ਆਗਿਆ। ਇੱਥੇ ਆ ਕੇ ਉਸ ਨੂੰ ਬੜੇ ਸੰਘਰਸ਼ ਦਾ ਦੌਰ ਦੇਖਣਾ ਪਿਆ। ਕਈ ਥਾਈਂ ਉਸ ਨੇ ਆਡੀਸ਼ਨ ਦਿੱਤੇ। ਉਸ ਨੇ ਕਈ ਲੜੀਵਾਰਾਂ ‘ਚ ਕਿਰਦਾਰ ਨਿਭਾਏ। ਉਸ ਨੇ ‘ਕਾਮੇਡੀ ਕਲੱਬ, ਕਾਮੇਡੀ ਕਾ ਕਿੰਗ ਕੌਨ’, “ਐਂੱਫਆਈਆਰ’ ਅਤੇ ਜੁਗਨੀ ਚਲੀ ਜਲੰਧਰ’ ਜਿਹੇ ਕਾਮੇਡੀ ਸ਼ੋਆਂ ਰਾਹੀਂ ਲੋਕਾਂ ਦਾ ਦਿਲ ਜਿੱਤਿਆ।

ਉਸ ਦੀ ਆਵਾਜ਼ ਨੂੰ ਅਕਸਰ ਬਹੁਤ ਪਸੰਦ ਕੀਤਾ ਜਾਂਦਾ ਸੀ। ਇਸ ਲਈ ਉਸ ਨੇ ਡਬਿੰਗ ਦੇ ਖੇਤਰ ‘ਚ ਆਉਣ ਦਾ ਫ਼ੈਸਲਾ ਕੀਤਾ। ਉਸ ਨੇ ਕਈ ਇਸ਼ਤਿਹਾਰਾਂ ਦੀ ਪੰਜਾਬੀ ‘ਚ ਡਬਿੰਗ ਕੀਤੀ। ਉਸ ਨੇ ਬਾਲੀਵੁੱਡ ਅਤੇ ਹਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਲਈ ਡਬਿੰਗ ਕੀਤੀ, ਜਿਨ੍ਹਾਂ ‘ਚ ਅਮਿਤਾਭ ਬੱਚਨ, ਆਮਿਰ ਖਾਨ, ਵਰੁਣ ਧਵਨ, ਰਿਤਿਕ ਰੋਸ਼ਨ, ਆਯੁਸ਼ਮਾਨ ਖੁਰਾਣਾ, ਵਿੱਕੀ ਕੌਸ਼ਲ, ਰਣਬੀਰ ਕਪੂਰ , ਰਣਵੀਰ ਸਿੰਘ, ਕਰਨ ਜੌਹਰ ਆਦਿ ਸ਼ਾਮਲ ਹਨ। ਉਸ ਨੇ ਭਾਰਤ ਦੇ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ, ਸਚਿਨ ਤੇਂਦੁਲਕਰ ਜਿਹੇ ਮਹਾਨ ਖਿਡਾਰੀਆਂ ਲਈ ਵੀ ਡਬਿੰਗ ਕੀਤੀ।
ਉਸ ਨੇ ਕਈ ਹਾਲੀਵੁੱਡ ਫਿਲਮਾਂ ਨੂੰ ਹਿੰਦੀ ‘ਚ ਡੱਬ ਕੀਤਾ ਹੈ, ਜਿਨ੍ਹਾਂ ‘ਚ ‘ਡਾਈ ਹਾਰਡ 5′, ਦਿ ਜੈਂਗੋ ਅਨਚੇਂਜੇਡ’ ਆਦਿ ਪੁਮੁੱਖ ਹਨ। ਇਸ ਤੋਂ ਇਲਾਵਾ ਉਹ ਕਈ ਐਨੀਮੇਟਡ ਫਿਲਮਾਂ ਵੀ ਡੱਬ ਕਰ ਚੁੱਕਿਆ ਹੈ। ਉਸ ਨੂੰ ਪੰਜਾਬੀ ‘ਚ ਫਿਲਮਾਂ ਨੂੰ ਡੱਬ ਕਰ ਕੇ ਬਹੁਤ ਸਕੂਨ ਮਿਲਦਾ ਹੈ। ਛੇਤੀ ਹੀ ਉਸ ਦੀ ਆਵਾਜ਼ ਹੋਰ ਵੀ ਕਈ ਫਿਲਮਾਂ ‘ਚ ਸੁਣਨ ਨੂੰ ਮਿਲੇਗੀ। ਰੱਬ ਰਾਮ ਕਿਰਨ ਨੂੰ ਹੋਰ ਤਰੱਕੀਆਂ ਬਖਸ਼ੇ ਤੇ ਉਹ ਆਪਣਾ ਤੇ ਪੰਜਾਬ ਦਾ ਨਾਮ ਰੋਸ਼ਨ ਕਰਦਾ ਰਹੇ .