– ਵਾਪਰ ਰਹੀਆਂ ਅਪਰਾਧਿਕ ਵਾਰਦਾਤਾਂ ਤੋਂ ਲੋਕਾਂ ‘ਚ ਡਰ
ਨਵਾਂਸ਼ਹਿਰ /ਕਾਠਗੜ੍ਹ, 5 ਜਨਵਰੀ (ਜਤਿੰਦਰ ਪਾਲ ਸਿੰਘ ਕਲੇਰ ) ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਵਿੱਚ ਸਮੇਂ-ਸਮੇਂ ‘ਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ ਪਰੰਤੂ ਇਹਨਾਂ ਹੁਕਮਾਂ ਦਾ ਜਮੀਨੀ ਪੱਧਰ ਤੇ ਜਾਂ ਮੂਲ ਰੂਪ ਵਿੱਚ ਲਾਗੂ ਨਾ ਹੋਣ ਕਾਰਨ ਜਿੱਥੇ ਸਥਿਤੀ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ ਉੱਥੇ ਹੀ ਪ੍ਰਵਾਸੀਆਂ ਦੀ ਵੈਰੀਫਕੇਸ਼ਨ ਨਾ ਹੋਣ ਕਾਰਨ ਕਈ ਤਰ੍ਹਾਂ ਦੀਆਂ ਅਪਰਾਧਿਕ ਵਾਰਦਾਤਾਂ ਵੀ ਵਾਪਰਦੀਆਂ ਹਨ ਜਿਸ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਜਾਂਦਾ ਹੈ। ਕੁੱਝ ਸਮਾਂ ਪਹਿਲਾਂ ਵੀ ਜਿਲ੍ਹਾ ਮੈਜਿਸਟਰੇਟ ਵੱਲੋਂ ਜਿਲ੍ਹੇ ਭਰ ਵਿੱਚ ਕਿਰਾਏਦਾਰਾਂ, ਨੌਕਰਾਂ, ਪੇੰਇਗ ਗੈਸਟਾਂ, ਨੇਪਾਲੀ ਲਾਂਗਰੀਆਂ ਆਦਿ ਦੇ ਵੇਰਵੇ ਪੁਲਿਸ ਨੂੰ ਦੇਣ ਅਤੇ ਸੜਕਾਂ ਦੇ ਕੰਢਿਆਂ ਤੇ ਸ਼ਹਿਰਾਂ ਵਿੱਚ ਪਸ਼ੂਆਂ ਨੂੰ ਚਰਾਉਣ ‘ਤੇ ਰੋਕ ਲਗਾਉਣ ਦੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਸਨ ਪ੍ਰੰਤੂ ਆਮ ਦੇਖਣ ਵਿੱਚ ਆਇਆ ਹੈ ਕਿ ਜਿਲ੍ਹਾ ਮੈਜਿਸਟਰੇਟ ਦੇ ਇਹਨਾਂ ਹੁਕਮਾਂ ਦਾ ਕੋਈ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲਦਾ।ਭਰੋਸੇਯੋਗ ਸੂਤਰਾਂ ਮੁਤਾਬਿਕ ਕਸਬਾ ਕਾਠਗੜ੍ਹ ਤੇ ਨਾਲ ਲੱਗਦੇ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਵੱਖ ਵੱਖ ਕੰਮ ਧੰਦੇ ਕਰ ਰਹੇ ਹਨ ਪ੍ਰੰਤੂ ਇਹਨਾਂ ਪ੍ਰਵਾਸੀਆਂ ਵਿੱਚੋਂ ਕਿੰਨਿਆਂ ਦੀ ਵੈਰੀਫਿਕੇਸ਼ਨ ਹੋਈ ਜਾਂ ਫਿਰ ਕਿੰਨਿਆਂ ਦੇ ਘਰੇਲੂ ਪਤੇ ਦੇ ਸਬੂਤ ਪੁਲਿਸ ਕੋਲ ਜਮਾਂ ਹੋਏ ਇਸ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਹੈ। ਬੀਤੇ ਦਿਨਾਂ ਤੋਂ ਵੱਖ ਵੱਖ ਥਾਈਂ ਵਾਪਰ ਰਹੀਆਂ ਚੋਰੀ ਤੇ ਅਪਰਾਧਿਕ ਵਾਰਦਾਤਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿਨਾਂ ਪ੍ਰਵਾਸੀ ਲੋਕਾਂ ਦਾ ਕੋਈ ਪਤਾ ਜਾਂ ਸਿਰਨਾਵਾਂ ਨਹੀਂ ਹੁੰਦਾ ਜਦੋਂ ਅਜਿਹੇ ਵਿਅਕਤੀ ਕਿਸੇ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਤਾਂ ਉਹ ਤੁਰੰਤ ਰਫੂ ਚੱਕਰ ਹੋ ਜਾਂਦੇ ਹਨ ਜਿਨਾਂ ਨੂੰ ਲੱਭਣਾ ਲੋਕਾਂ ਤੇ ਪੁਲਿਸ ਲਈ ਵੱਡੀ ਚੁਣੌਤੀ ਬਣ ਜਾਂਦਾ ਹੈ। ਦੂਜਾ ਜਦੋਂ ਕਿਸੇ ਪ੍ਰਵਾਸੀ ਦਾ ਕੋਈ ਥਾਂ ਪਤਾ ਹੀ ਨਹੀਂ ਹੈ ਤਾਂ ਉਹ ਵਾਰਦਾਤ ਕਰਕੇ ਭਾਵੇਂ ਕੋਲ ਹੀ ਰਹਿ ਰਿਹਾ ਹੋਵੇ ਉਸ ਦਾ ਪੁਲਿਸ ਦੀ ਗ੍ਰਿਫਤ ਵਿੱਚ ਆਉਣਾ ਔਖਾ ਹੈ। ਇਸ ਕਰਕੇ ਲੋਕਾਂ ਦੀ ਮੰਗ ਹੈ ਕਿ ਪੁਲਿਸ ਪ੍ਰਸ਼ਾਸਨ ਵਲੋਂ ਸਖਤੀ ਕਰਕੇ ਜੋ ਪ੍ਰਵਾਸੀ ਮਕਾਨ ਮਾਲਕਾਂ, ਦੁਕਾਨਦਾਰਾਂ ਜਾਂ ਹੋਰ ਥਾਈਂ ਕੰਮ ਕਰ ਰਹੇ ਹਨ ਉਹਨਾਂ ਦੇ ਥਾਂ ਪਤੇ ਦੇ ਸਬੂਤ ਲਏ ਜਾਣ ਤਾਂ ਜੋ ਅਜਿਹੇ ਲੋਕਾਂ ਦਾ ਰਿਕਾਰਡ ਆਸਾਨੀ ਨਾਲ ਮਿਲ ਸਕੇ।
ਕੀ ਕਹਿੰਦੇ ਹਨ ਥਾਣਾ ਕਾਠਗੜ੍ਹ ਦੇ ਐਸਐਚਓ ਅਭਿਸ਼ੇਕ ਸ਼ਰਮਾ
ਜ਼ਿਲ੍ਹਾ ਮਜਿਸਟ੍ਰੇਟ ਵਲੋਂ ਜਾਰੀ ਕੀਤੇ ਗਏ ਪਾਬੰਦੀ ਦੇ ਹੁਕਮਾਂ ਸਬੰਧੀ ਗੱਲਬਾਤ ਕਰਦੇ ਹੋਏ ਥਾਣਾ ਕਾਠਗੜ੍ਹ ਦੇ ਐਸਐਚਓ ਅਭਿਸ਼ੇਕ ਸ਼ਰਮਾ ਨੇ ਕਿਹਾ ਕਿ ਹਲਕੇ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਰਹਿ ਰਹੇ ਹਨ ਜਿਨਾਂ ਵਿੱਚੋਂ ਬਹੁਤਿਆਂ ਦੀ ਜਾਣਕਾਰੀ ਪੁਲਿਸ ਕੋਲ ਨਹੀਂ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ਮੁਤਾਬਕ ਉਹਨਾਂ ਵੱਲੋਂ ਦੂਜੇ ਸੂਬਿਆਂ ਤੋਂ ਕੰਮ ਕਾਜ ਲਈ ਆਏ ਪ੍ਰਵਾਸੀਆਂ ਦੇ ਮਕਾਨ ਮਾਲਕਾਂ, ਦੁਕਾਨਦਾਰਾਂ ਆਦਿ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਉਹ ਜਲਦੀ ਹੀ ਉਹਨਾਂ ਦੇ ਐਡਰੈੱਸ ਪ੍ਰੂਫ ਪੁਲਿਸ ਥਾਣੇ ਵਿੱਚ ਜਮਾਂ ਕਰਵਾਉਣ ਤਾਂ ਜੋ ਭਵਿੱਖ ਵਿੱਚ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕੇ। ਉਹਨਾਂ ਸਖਤ ਸ਼ਬਦਾਂ ਵਿੱਚ ਕਿਹਾ ਕਿ ਜਿਹੜਾ ਮਕਾਨ ਮਾਲਕ ਜਾਂ ਦੁਕਾਨਦਾਰ ਪ੍ਰਵਾਸੀਆਂ ਦੇ ਪਤੇ ਦੇ ਕਾਗਜ਼ ਆਦਿ ਜਮਾਂ ਨਹੀਂ ਕਰਵਾਏਗਾ ਤਾਂ ਪੁਲਿਸ ਨੂੰ ਮਜਬੂਰਨ ਉਹਨਾਂ ਤੇ ਵੀ ਬਣਦੀ ਕਾਰਵਾਈ ਕਰਨੀ ਪਵੇਗੀ।


