ਨਵਾਂਸ਼ਹਿਰ, 22 ਦਸੰਬਰ(ਜਤਿੰਦਰ ਪਾਲ ਸਿੰਘ ਕਲੇਰ ) ਵਾਤਾਵਰਣ ਦੀ ਰੱਖਿਆ ਅਤੇ ਹਵਾ ਦੀ ਗੁਣਵੱਤਾ ਨੂੰ ਸੁਧਾਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਨਗਰ ਨਿਗਮਾਂ ਅਤੇ ਨਗਰ ਪੰਚਾਇਤਾਂ ‘ਚ ਖੁੱਲ੍ਹੇ ਤੌਰ ‘ਤੇ ਮਿਊਸਪਲ ਸਾਲਿਡ ਵੇਸਟ (ਕੂੜਾ) ਸਾੜਨ ਦੇ ਰੁਝਾਨ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕੀਤੀ ਗਈ ਹੈ। ਸੀਨੀਅਰ ਵਾਤਾਵਰਣ ਇੰਜੀਨੀਅਰ, ਜ਼ੋਨਲ ਦਫ਼ਤਰ-1 ਦੀ -ਅਗਵਾਈ ਹੇਠ ਇਸ ਸੰਬੰਧੀ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਲਏ ਗਏ ਫੈਸਲਿਆਂ ਅਨੁਸਾਰ, ਖੇਤਰੀ ਦਫ਼ਤਰ ਹੁਸ਼ਿਆਰਪੁਰ ਵੱਲੋਂ ਨਗਰ ਕੌਂਸਲ, ਨਵਾਂਸ਼ਹਿਰ ‘ਚ ਵਿਸ਼ੇਸ਼ ਜਾਗਰੂਕਤਾ ਅਤੇ ਸੰਵੇਨਸ਼ੀਲਤਾ ਪ੍ਰੋਗਰਾਮ ਕਰਵਾਇਆ ਗਿਆ ਤਾਂ ਜੋ ਕੂੜਾ ਸਾੜਨ ‘ਤੇ ਪੂਰੀ ਤਰ੍ਹਾਂ ਪਾਬੰਦੀ ਯਕੀਨੀ ਬਣਾਈ ਜਾ ਸਕੇ। ਇਸ ਦੌਰਾਨ ਇੰਜ. ਅਰਸ਼ਪ੍ਰੀਤ ਕੌਰ, ਸਹਾਇਕ ਵਾਤਾਵਰਣ ਇੰਜੀਨੀਅਰ ਨੇ ਸਫ਼ਾਈ ਕਰਮਚਾਰੀਆਂ ਨਾਲ ਸਿੱਧਾ ਸੰਵਾਦ ਕੀਤਾ ਅਤੇ ਉਹਨਾਂ ਨੂੰ ਕੂੜਾ ਸਾੜਨ ਨਾਲ ਹੋਣ ਵਾਲੇ ਭਿਆਨਕ ਵਾਤਾਵਰਣ ਅਤੇ ਸਿਹਤ ਸੰਬੰਧੀ ਨੁਕਸਾਨਾਂ ਬਾਰੇ ਜਾਗਰੂਕ ਕੀਤਾ। ਉਹਨਾਂ ਵੱਲੋਂ ਸਾਲਿਡ ਵੇਸਟ ਮੈਨੇਜਮੈਂਟ ਰੂਲਸ, 2016 ਅਨੁਸਾਰ ਸਰੋਤ ਪੱਧਰ ‘ਤੇ ਛਾਂਟ, ਘਰ-ਘਰ ਤੋਂ ਕੂੜਾ ਇਕੱਠਾ ਕਰਨ ਅਤੇ ਵਿਗਿਆਨਕ ਢੰਗ ਨਾਲ ਨਿਪਟਾਰਾ ਕਰਨ ‘ਤੇ ਜ਼ੋਰ ਦਿੱਤਾ ਗਿਆ। ਨਗਰ ਕੌਂਸਲ, ਨਵਾਂਸ਼ਹਿਰ ‘ਚ ਇਸ ਪ੍ਰੋਗਰਾਮ ਦੌਰਾਨ 1 ਸੈਨੀਟੇਸ਼ਨ ਇੰਸਪੈਕਟਰ, 1 ਕਮਿਊਨਿਟੀ ਫੈਸਿਲੀਟੇਟਰ ਅਤੇ 53 ਸਫ਼ਾਈ ਸੇਵਕ ਸ਼ਾਮਿਲ ਹੋਏ। ਸਾਰੇ ਹਾਜ਼ਰ ਕਰਮਚਾਰੀਆਂ ਵੱਲੋਂ ਕੂੜਾ ਸਾੜਨ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਸਾਂਝੀ ਕਸਮ ਲਈ ਗਈ।


