ਪ੍ਰਿੰਸੀਪਲ ਮੈਡਮ ਨੇ ਪੀੜਿਤ ਵਿਦਿਆਰਥਣ ਦੇ ਮਾਤਾ ਪਿਤਾ ਨੂੰ ਸੂਚਿਤ ਕਰਨ ਦੀ ਨਹੀਂ ਸਮਝੀ ਜਰੂਰਤ- ਪਰਿਵਾਰਿਕ ਮੈਂਬਰ
ਜਲੰਧਰ (ਕਰਮਵੀਰ ਸਿੰਘ)-
ਭੋਗਪੁਰ ਦੇ ਨਜ਼ਦੀਕੀ ਪਿੰਡ ਕਰਾੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਡੀ.ਪੀ ਮਾਸਟਰ ਵਲੋ ਦਸਵੀਂ ਕਲਾਸ ਦੀ ਲੜਕੀ ਨਾਲ ਛੇੜਛਾੜ ਕਰਨ ਤੇ ਸਥਾਨਕ ਪੁਲਿਸ ਵੱਲੋਂ ਪੀੜਤ ਲੜਕੀ ਦੇ ਮਾਤਾ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਲੜਕੀ ਨਾਲ ਛੇੜਖਾਨੀ ਕਰਨ ਵਾਲੇ ਅਧਿਆਪਕ ਖਿਲਾਫ ਪਾਸਕੋ ਐਕਟ ਤਹਿਤ ਮਾਮਲਾ ਦਰਜ ਕਰਕੇ ਡੀਪੀ ਮਾਸਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਦਸਵੀਂ ਕਲਾਸ ਦੀ ਪੀੜਤ ਵਿਦਿਆਰਥਣ ਦੇ ਪਿਤਾ ਸੋਮ ਲਾਲ ਤੇ ਮਾਤਾ ਕੁਲਵਿੰਦਰ ਕੌਰ ਵਾਸੀ ਪਿੰਡ ਕਰਾੜੀ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਨੇ ਸਾਨੂੰ ਰੋਂਦੇ ਹੋਏ ਦੱਸਿਆ ਕਿ ਮਿਤੀ 24.11.25 ਨੂੰ ਮੈ ਰੋਜਾਨਾ ਦੀ ਤਰ੍ਹਾਂ ਆਪਣੇ ਸਕੂਲ ਵਿੱਚ ਪੜ੍ਹਨ ਲਈ ਗਈ ਤਾਂ ਵਕਤ ਕਰੀਬ 10.30 ਸਵੇਰ ਦਾ ਹੋਵੇਗਾ ਕਿ ਮੈਂ ਆਪਣੇ ਕਲਾਸ ਦੇ ਟੀਚਰ ਨੂੰ ਮਿਲਣ ਲਈ ਜਾ ਰਹੀ ਸੀ ਕਿ ਮੇਰੇ ਨਾਲ ਡੀ.ਪੀ ਮਾਸਟਰ ਰਜਿੰਦਰ ਕੁਮਾਰ ਪੁੱਤਰ ਬਲਵੀਰ ਕੁਮਾਰ ਵਾਸੀ ਬਿਆਸ ਪਿੰਡ ਪੈਦਲ ਤੁਰ ਕੇ ਗੱਲਾ ਕਰਨ ਲੱਗ ਪਿਆ ਅਤੇ ਡੀ.ਪੀ ਮਾਸਟਰ ਬਿਊਟੀ ਲੈਬ ਵਾਲੇ ਕਮਰੇ ਦੇ ਅੰਦਰ ਜਾ ਕੇ ਆਪਣੇ ਵਾਲ ਨੂੰ ਹੱਥ ਮਾਰਨ ਲੱਗ ਪਿਆ ਤੇ ਸ਼ੀਸ਼ੇ ਵੱਲ ਦੇਖਣ ਲੱਗ ਪਿਆ ਤੇ ਮੈਂ ਸੋਚਿਆ ਕਿ ਡੀ.ਪੀ ਮਾਸਟਰ ਨੇ ਮੇਰੇ ਨਾਲ ਕੋਈ ਸਕੂਲ ਦੀ ਗੱਲ ਕਰਨੀ ਹੋਵੇਗੀ ਤਾਂ ਮੈਂ ਦਰਵਾਜੇ ਦੇ ਬਾਹਰ ਖੜੀ ਸੀ ਕਿ ਇਨੇ ਨੂੰ ਡੀ.ਪੀ ਮਾਸਟਰ ਬਿਊਟੀ ਲੈਬ ਦੇ ਕਮਰੇ ਚੋਂ ਮੇਰੇ ਵੱਲ ਨੂੰ ਆ ਕੇ ਕਹਿਣ ਲੱਗਾ ਕਿ ਟੇਬਲ ਦਾ ਦਰਾਜ ਬੰਦ ਕਰਦੇ ਤਾਂ ਮੈਂ ਜਦ ਟੇਬਲ ਦਾ ਦਰਾਜ ਬੰਦ ਕਰਨ ਲਈ ਅੰਦਰ ਗਈ ਤਾਂ ਡੀ.ਪੀ ਮਾਸਟਰ ਰਜਿੰਦਰ ਕੁਮਾਰ ਨੇ ਪਿੱਛੇ ਦੀ ਆ ਕੇ ਮੇਰੀ ਬਾਂਹ ਫੜ ਕੇ ਜੱਫੀ ਪਾ ਲਈ ਅਤੇ ਮੇਰੇ ਚਿਹਰੇ ਦੇ ਖੱਬੀ ਸਾਈਡ ਮੂੰਹ ਤੇ ਆਪਣੇ ਮੂੰਹ ਨਾਲ ਕਿਸ ਕੀਤੀ ਜਦ ਮੈਂ ਉਸ ਨੂੰ ਧੱਕਾ ਮਾਰਿਆ ਤਾਂ ਉਹ ਮੈਨੂੰ ਧਮਕੀਆਂ ਦੇਣ ਲੱਗ ਪਿਆ ਅਤੇ ਮੈਂ ਘਬਰਾਈ ਹੋਈ ਰੋਣ ਲੱਗ ਪਈ ਅਤੇ ਡੀ.ਪੀ ਮਾਸਟਰ ਰਜਿੰਦਰ ਕੁਮਾਰ ਵਾਪਸ ਬਿਊਟੀ ਲੈਬ ਵਿੱਚ ਚਲਾ ਗਿਆ। ਅਤੇ ਮੈਂ ਫਿਰ ਬਹੁਤ ਜਿਆਦਾ ਰੋਣ ਲੱਗ ਪਈ ਅਤੇ ਫਿਰ ਮੈਂ ਘਬਰਾਈ ਹੋਈ ਆਪਣੀ ਸਕੂਲ ਪ੍ਰਿੰਸੀਪਲ ਪਾਸ ਗਈ ਅਤੇ ਮੈਂ ਸਾਰੀ ਗੱਲਬਾਤ ਪ੍ਰਿੰਸੀਪਲ ਮੈਡਮ ਨੂੰ ਦੱਸੀ ਜੋ ਪ੍ਰਿੰਸੀਪਲ ਮੈਡਮ ਨੇ ਆਪਣੇ ਸਕੂਲ ਦੇ ਸਟਾਫ ਦੀ ਹਾਜ਼ਰੀ ਵਿੱਚ ਡੀ.ਪੀ ਮਾਸਟਰ ਰਜਿੰਦਰ ਕੁਮਾਰ ਨੂੰ ਆਪਣੇ ਦਫਤਰ ਵਿੱਚ ਬੁਲਾਇਆ। ਪਰ ਡੀ.ਪੀ ਮਾਸਟਰ ਰਜਿੰਦਰ ਕੁਮਾਰ ਕੁੱਝ ਨਾ ਬੋਲਿਆ ਪਰ ਬਾਅਦ ਵਿੱਚ ਡੀ.ਪੀ ਮਾਸਟਰ ਰਜਿੰਦਰ ਕੁਮਾਰ ਨੇ ਆਪਣੀ ਗਲਤੀ ਮੰਨੀ ਅਤੇ ਮੈ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਘਰ ਆ ਗਈ ਪਰ ਮੈਂ ਘਬਰਾਈ ਹੋਈ ਨੇ ਕਿਸੇ ਨੂੰ ਕੁਝ ਨਾ ਦੱਸਿਆ। ਜੋ ਕੱਲ ਉਸਨੇ ਰੋਂਦੇ ਹੋਏ ਸਾਨੂੰ ਸਾਰੀ ਗੱਲਬਾਤ ਦੱਸੀ ਤਾਂ ਅਸੀਂ ਕਾਰਵਾਈ ਸਬੰਧੀ ਸਥਾਨਕ ਕਿਸ਼ਨਗੜ੍ਹ ਪੁਲਿਸ ਚੌਂਕੀ ਵਿਖੇ ਕਾਰਵਾਈ ਕਰਨ ਲਈ ਸ਼ਿਕਾਇਤ ਦਿੱਤੀ ਗਈ। ਪੁਲਿਸ ਵੱਲੋਂ ਮਾਤਾ ਪਿਤਾ ਦੇ ਬਿਆਨਾਂ ਤੇ ਡੀਪੀ ਮਾਸਟਰ ਰਜਿੰਦਰ ਕੁਮਾਰ ਖਿਲਾਫ ਬੀਐਨਐਸ ਦੀਆਂ ਧਾਰਾਵਾਂ ਅਤੇ ਪਾਸਕੋ ਐਕਟ 2012 ਤਹਿਤ ਇੰਸਪੈਕਟਰ ਮੋਨਿਕਾ ਅਰੋੜਾ ਥਾਣਾ ਕਰਤਾਰਪੁਰ ਦੀ ਅਗਵਾਈ ਹੇਠ ਏਐਸਆਈ ਨਰਿੰਦਰ ਸਿੰਘ ਵੱਲੋਂ ਮਾਮਲਾ ਦਰਜ ਕਰਕੇ ਡੀਪੀ ਮਾਸਟਰ ਰਜਿੰਦਰ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪ੍ਰਿੰਸੀਪਲ ਮੈਡਮ ਨੇ ਪੀੜਿਤ ਵਿਦਿਆਰਥਣ ਦੇ ਮਾਤਾ ਪਿਤਾ ਨੂੰ ਸੂਚਿਤ ਕਰਨ ਦੀ ਨਹੀਂ ਸਮਝੀ ਜਰੂਰਤ :- ਪਰਿਵਾਰਿਕ ਮੈਂਬਰ
ਇਸ ਸਬੰਧੀ ਪ੍ਰਿੰਸੀਪਲ ਸੁਮਨ ਸ਼ਰਮਾ ਨਾਲ ਪੱਖ ਜਾਣ ਲਈ ਸੰਪਰਕ ਕੀਤਾ ਗਿਆ ਤਾਂ ਉਨਾਂ ਦੱਸਿਆ ਕਿ ਡੀਪੀ ਮਾਸਟਰ ਰਜਿੰਦਰ ਕੁਮਾਰ ਦੀ ਪਹਿਲਾਂ ਅਜਿਹੀ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਪਰੰਤੂ ਜਦੋਂ ਪੀੜਿਤ ਵਿਦਿਆਰਥਣ ਨੇ ਉਨਾਂ ਨੂੰ ਆ ਕੇ ਸਭ ਕੁਝ ਦੱਸਿਆ ਤਾਂ ਉਹਨਾਂ ਸਮੂਹ ਸਟਾਫ ਦੀ ਹਾਜ਼ਰੀ ਵਿੱਚ ਡੀਪੀ ਮਾਸਟਰ ਰਜਿੰਦਰ ਕੁਮਾਰ ਨੂੰ ਬੁਲਾ ਕੇ ਇਸ ਸਬੰਧੀ ਪੁੱਛਿਆ ਤਾਂ ਉਸ ਨੇ ਆਪਣੀ ਗਲਤੀ ਮੰਨ ਲਈ। ਉਸ ਨੇ ਗਲਤੀ ਮੰਨ ਕੇ ਲਿਖਤੀ ਮੁਆਫੀ ਵੀ ਮੰਗ ਲਈ। ਇਸ ਸਬੰਧੀ ਪੀੜਿਤ ਵਿਦਿਆਰਥਣ ਦੇ ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਜਦੋਂ ਵਿਦਿਆਰਥਣ ਨੇ ਆ ਕੇ ਪ੍ਰਿੰਸੀਪਲ ਨੂੰ ਸਾਰੀ ਦੱਸੀ ਤਾਂ ਪ੍ਰਿੰਸੀਪਲ ਵੱਲੋਂ ਉਸ ਸਮੇਂ ਮਾਪਿਆਂ ਨੂੰ ਬੁਲਾਉਣ ਦੀ ਲੋੜ ਨਹੀਂ ਸਮਝੀ ਤੇ ਅਧਿਆਪਕ ਕੋਲੋਂ ਮਾਫੀਨਾਮਾ ਲਿਖਾ ਕੇ ਪੀੜਿਤ ਵਿਦਿਆਰਥਣ ਨੂੰ ਕਿਹਾ ਕਿ ਤੂੰ ਆਪਣੇ ਘਰ ਜਾ ਕੇ ਕੋਈ ਗੱਲਬਾਤ ਨਹੀਂ ਦੱਸਣੀ ਸ਼ਨੀਵਾਰ ਨੂੰ ਤੇਰੇ ਮਾਪਿਆਂ ਨੂੰ ਬੁਲਾ ਕੇ ਸਾਰੀ ਗੱਲਬਾਤ ਕਰਾਂਗੇ। ਪੀੜਿਤ ਵਿਦਿਆਰਥਣ ਰੋਂਦੇ ਰੋਂਦੇ ਆਪਣੇ ਘਰ ਨੂੰ ਗਈ। ਉਹ ਡਰੀ ਸਹਿਮੀ ਹੋਈ ਰਾਤ ਨੂੰ ਬਿਨਾ ਰੋਟੀ ਖਾਦੇ ਹੀ ਸੌਂ ਗਈ ਸਵੇਰੇ ਉਸਨੇ ਹਿੰਮਤ ਕਰਕੇ ਮਾਤਾ ਨੂੰ ਸਾਰੀ ਗੱਲਬਾਤ ਦੱਸੀ। ਅਗਰ ਸਾਡੀ ਲੜਕੀ ਕੁਝ ਕਰ ਲੈਂਦੀ ਜਾਂ ਉਸ ਨੂੰ ਕੁਝ ਹੋ ਜਾਂਦਾ ਤਾਂ ਕੌਣ ਜਿੰਮੇਵਾਰ ਸੀ। ਪ੍ਰਿੰਸੀਪਲ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ।
ਇਸ ਮਾਮਲੇ ਸੰਬੰਧੀ ਕੀ ਕਹਿੰਦੇ ਹਨ ਥਾਣਾ ਇੰਚਾਰਜ?
ਜਦੋਂ ਇਸ ਘਟਨਾ ਸਬੰਧੀ ਥਾਣਾ ਮੁਖੀ ਰਮਨਦੀਪ ਸਿੰਘ ਅਤੇ ਕਿਸ਼ਨਗੜ੍ਹ ਚੌਕੀ ਇੰਚਾਰਜ ਨਰਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਡੀਪੀ ਮਾਸਟਰ ਰਾਜਿੰਦਰ ਕੁਮਾਰ ਪੁੱਤਰ ਬਲਵੀਰ ਕੁਮਾਰ ਵਾਸੀ ਬਿਆਸ ਪਿੰਡ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਹੈ। ਅਤੇ 14 ਦਿਨਾਂ ਦੇ ਨਿਆਂਇਕ ਰਿਮਾਂਡ ‘ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਉਨ੍ਹਾਂ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜੇਕਰ ਇਸ ਵਿੱਚ ਕੋਈ ਹੋਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


