ਬਾਲ ਮਜਦੂਰੀ ਵਿੱਚ ਲੱਗਿਆ ਇੱਕ ਬੱਚਾ ਕੀਤਾ ਰੈਸਕਿਊ
ਨਵਾਂਸ਼ਹਿਰ, (ਜਤਿੰਦਰ ਪਾਲ ਸਿੰਘ ਕਲੇਰ )
ਡਾਇਰੈਕਟਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਵੱਲੋ ਬਾਲ ਅਤੇ ਕਿਸ਼ੋਰ ਮਜ਼ਦੂਰੀ ਖਾਤਮਾ ਸਪਤਾਹ ਦੌਰਾਨ ਬਾਲ ਮਜ਼ਦੂਰੀ ਸਬੰਧੀ ਸਖ਼ਤਾਈ ਨਾਲ ਚੈਕਿੰਗ ਕਰਨ ਦੇ ਹੁਕਮ ਦਿੱਤੇ ਗਏ ਹਨ ਜਿਸ ਦੇ ਚਲਦੇ ਅੱਜ ਜਿਲਾ ਪ੍ਰੋਗਰਾਮ ਅਫਸਰ ਜਗਰੂਪ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਵੱਲੋ ਬਲਾਕ ਬਲਾਚੌਰ ਵਿੱਚ ਸਭ ਡਿਵੀਜ਼ਨਲ ਕਮੇਟੀ ਨਾਲ ਮੇਨ ਬਾਜ਼ਾਰ ਬਲਾਚੋਰ, ਗੜਸ਼ੰਕਰ ਰੋਡ ਅਤੇ ਭੱਦੀ ਰੋਡ ਤੇ ਬਾਲ ਮਜ਼ਦੂਰੀ ਖਿਲਾਫ ਚੈਕਿੰਗ ਕੀਤੀ ਗਈ।
ਟੀਮ ਵੱਲੋਂ ਚੈਕਿੰਗ ਦੌਰਾਨ 18 ਸਾਲ ਤੋਂ ਘੱਟ ਉਮਰ ਦੇ ਇੱਕ ਬੱਚੇ (ਉਮਰ ਤਕਰੀਬਨ 15 ਸਾਲ) ਨੂੰ ਬਾਲ ਮਜ਼ਦੂਰੀ ਤੋਂ ਮੁਕਤ ਕਰਵਾਇਆ ਗਿਆ। ਟੀਮ ਵੱਲੋਂ ਬੱਚੇ ਨੂੰ ਰੈਸਕਿਊ ਕਰਨ ਉਪਰੰਤ ਬਾਲ ਭਲਾਈ ਕਮੇਟੀ ਦਫਤਰ ਵਿਖੇ ਪੇਸ਼ ਕੀਤਾ ਗਿਆ ਹੈ ਤਾਂ ਜੋ ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਬਾਲ ਭਲਾਈ ਕਮੇਟੀ ਵਲੋਂ ਬੱਚੇ ਦੇ ਦਸਤਾਵੇਜ ਵੈਰੀਫਾਈ ਕਰਨ ਉਪਰੰਤ ਉਸ ਦੀ ਸੁਰੱਖਿਆ ਨੂੰ ਯਕੀਨੀਂ ਬਣਾਉਣ ਸਬੰਧੀ ਕਾਰਵਾਈ ਕੀਤੀ ਜਾਵੇਗੀ। ਜਿਲ੍ਹਾ ਬਾਲ ਸੁਰੱਖਿਆ ਯੂਨਿਟ ਦੀ ਟੀਮ ਵੱਲੋਂ ਬੱਚੇ ਦੀ ਉਮਰ ਅਨੁਸਾਰ ਉਸਨੂੰ ਸਕੂਲ ਵਿਚ ਦਾਖਲ ਕਰਵਾਇਆ ਜਾਵੇਗਾ। ਇਸ ਮੌਕੇ ਮੌਜੂਦ ਲੇਬਰ ਇੰਸਪੈਕਟਰ ਸ਼੍ਰੀ ਰਣਦੀਪ ਸਿੰਘ ਸਿੱਧੂ ਅਤੇ ਲੇਬਰ ਇੰਸਪੈਕਟਰ ਬਲਾਚੌਰ ਸ੍ਰੀ ਅਸ਼ੋਕ ਕੁਮਾਰ ਵੱਲੋਂ ਦੁਕਾਨਦਾਰਾਂ ਅਤੇ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ ਕਿ ਸ਼ੋਪ ਅਤੇ ਕਮਰਸ਼ੀਅਲ ਇਸਟਬਲਿਸ਼ਮੈਂਟ ਐਕਟ 1958 ਅਨੁਸਾਰ ਜੇਕਰ ਕਿਸੇ ਵੀ ਦੁਕਾਨ ਜਾਂ ਰੈਸਟੋਰੈਂਟ ਵਿੱਚ 20 ਤੋਂ ਜਿਆਦਾ ਵਿਅਕਤੀ ਕੰਮ ਕਰਦੇ ਹਨ ਤਾਂ ਉਸ ਦੁਕਾਨ ਜਾਂ ਰੈਸਟੋਰੈਂਟ ਨੂੰ ਇਸ ਐਕਟ ਅਧੀਨ ਰਜਿਸਟਰ ਕਰਵਾਉਣਾ ਲਾਜ਼ਮੀ ਹੈ ਇਸ ਲਈ ਉਹਨਾਂ ਵੱਲੋਂ ਰੈਸਟੋਰੈਂਟ ਅਤੇ ਢਾਬਿਆਂ ਦੇ ਮਾਲਕਾਂ ਨੂੰ ਇਸ ਐਕਟ ਅਧੀਨ ਰਜਿਸਟਰ ਕਰਵਾਉਣ ਦੀ ਅਪੀਲ ਕੀਤੀ ਗਈ।
ਮੌਕੇ ਤੇ ਹਾਜ਼ਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕੰਮ ਕਰਵਾਉਣਾ ਕਾਨੂੰਨੀ ਤੌਰ ’ਤੇ ਅਪਰਾਧ ਹੈ। ਬਾਲ ਮਜਦੂਰੀ ਨੂੰ ਜੜ ਤੋਂ ਖਤਮ ਕਰਨ ਲਈ ਉਹਨਾਂ ਨੂੰ ਕੰਮ ਤੇ ਰੱਖਣ ਦੀ ਬਜਾਏ ਬੱਚਿਆਂ ਅਤੇ ਉਹਨਾਂ ਦੇ ਮਾਂ ਪਿਓ ਦੀ ਕਾਉਂਸਲਿੰਗ ਕੀਤੀ ਜਾਣੀ ਬਣਦੀ ਹੈ ਤਾਂ ਜੋ ਬੱਚਿਆਂ ਦੇ ਮਾਂ ਪਿਓ ਬੱਚਿਆਂ ਤੋਂ ਕੰਮ ਕਰਵਾਉਣ ਜਾਂ ਬੱਚਿਆਂ ਤੋ ਭੀਖ ਮੰਗਵਾਉਣ ਦੀ ਬਜਾਏ ਉਹਨਾਂ ਨੂੰ ਸਿੱਖਿਆ ਨਾਲ ਜੋੜਨ ਲਈ ਸਕੂਲ ਭੇਜਣ ਤਾਂ ਜੋ ਉਹਨਾਂ ਦੇ ਉੱਜਵਲ ਭਵਿੱਖ ਦੀ ਸਿਰਜਣਾ ਹੋ ਸਕੇ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਮਜ਼ਦੂਰੀ ਵਿੱਚ ਲੱਗਿਆ ਦਿਖਾਈ ਦਿੰਦਾ ਹੈ ਜਾਂ ਭੀਖ ਮੰਗਦਾ ਹੋਇਆ ਦਿਖਾਈ ਦਿੰਦਾ ਹੈ ਤਾਂ ਇਸ ਸਬੰਧੀ ਜਾਣਕਾਰੀ ਚਾਇਲਡ ਹੈਲਪਲਾਈਨ ਨੰਬਰ 1098 ’ਤੇ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ। ਚੈਕਿੰਗ ਟੀਮ ਵਿੱਚ ਰਣਦੀਪ ਸਿੰਘ ਸਿੱਧੂ (ਲੇਬਰ ਇੰਸਪੈਕਟਰ ਨਵਾਂਸ਼ਹਿਰ), ਅਸ਼ੋਕ ਕੁਮਾਰ (ਲੇਬਰ ਇੰਸਪੈਕਟਰ ਬਲਾਚੌਰ), ਕੰਚਨ ਅਰੋੜਾ ਜਿਲਾ ਬਾਲ ਸੁਰੱਖਿਆ ਅਫਸਰ, ਸਿੱਖਿਆ ਵਿਭਾਗ ਤੋਂ ਧਰਮਿੰਦਰ ਸੈਂਟਰ ਹੈਡ ਟੀਚਰ, ਤਹਿਸੀਲ ਦਫ਼ਤਰ ਤੋਂ ਸੁਰਿੰਦਰ ਸਿੰਘ, ਸੀਡੀਪੀਓ ਦਫਤਰ ਤੋਂ ਨੀਲਮ ਕੁਮਾਰੀ, ਪੁਲਿਸ ਵਿਭਾਗ ਤੋਂ ਏਐਸਆਈ ਲਖਵਿੰਦਰ ਸਿੰਘ, ਅਤੇ ਜਿਲਾ ਬਾਲ ਸੁਰੱਖਿਆ ਯੂਨਿਟ ਤੋਂ ਸੰਤੋਸ਼ ਡਾਟਾ ਐਂਟਰੀ ਆਪਰੇਟਰ ਵੀ ਮੌਜੂਦ ਸਨ।


