Join
Wednesday, March 18, 2026
Wednesday, March 18, 2026

ਐੱਸ.ਡੀ.ਐੱਸ. ਕਾਲਜ ਵਿਖੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਕਰਾਇਆ 

ਵਿਦਿਆਰਥੀਆਂ ਨੂੰ ਗੁਰੂ ਜੀ ਦੀਆਂ  ਸਿੱਖਿਆਵਾਂ ਨੂੰ ਆਦਰਸ਼ਾਂ ਵਜੋਂ ਅਪਨਾਉਣ ਦੀ ਅਪੀਲ

ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ )

ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਸਥਾਨਕ ਸਰਦਾਰ ਦਿਲਬਾਗ ਸਿੰਘ (ਐੱਸ.ਡੀ.ਐੱਸ.) ਸਰਕਾਰੀ ਕਾਲਜ ਵਿਖੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। 

ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੇ “ਹੱਕ-ਸੱਚ ਅਤੇ ਨਿਆਂ” ਦੇ ਫਲਸਫੇ ਤੋਂ ਜਾਣੂ ਕਰਵਾਕੇ ਗੁਰੂ ਜੀ ਵਲੋਂ ਦਰਸਾਏ ਮਾਰਗ ‘ਤੇ ਚੱਲਣ ਲਈ ਪ੍ਰੇਰਨਾ ਸੀ। ਕਾਲਜ ਪ੍ਰਿੰਸੀਪਲ ਪ੍ਰੋ. (ਡਾ.) ਹਰਜਿੰਦਰ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।ਪ੍ਰਸਿੱਧ ਵਿਦਵਾਨ ਪ੍ਰੋ. ਅਪਿੰਦਰ ਸਿੰਘ ਮਾਹਿਲਪੁਰੀ ਨੇ ਮੁੱਖ ਲੈਕਚਰ ਦਿੱਤਾ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਨੌਵੇਂ ਸਿੱਖ ਗੁਰੂ – ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਬਹੁਪੱਖੀ ਸਿੱਖਿਆਵਾਂ ਅਤੇ ਮਹਾਨ ਕੁਰਬਾਨੀ ਅਜੋਕੇ ਸਮੇਂ ਵਿਚ ਵੀ ਪ੍ਰਸੰਗਿਕ ਅਤੇ  ਹੱਕ-ਸੱਚ ਦਾ ਸੰਦੇਸ਼ ਦਿੰਦੀ ਹੈ।

ਪ੍ਰੋ. ਮਾਹਿਲਪੁਰੀ ਨੇ ਦੱਸਿਆ ਕਿ ਗੁਰੂ ਸਾਹਿਬ ਨੇ ਸੱਚ, ਅਹਿੰਸਾ ਅਤੇ ਮਨੁੱਖਤਾ ਦੀ ਭਲਾਈ ਲਈ ਅਟੁੱਟ ਵਚਨਬੱਧਤਾ ਕਾਇਮ ਰੱਖੀ। ਉਨ੍ਹਾਂ ਨੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਦਾ ਮੁੱਢ ਬੰਨਦਿਆ  ਅੰਧਵਿਸ਼ਵਾਸ, ਜਾਤੀ ਭੇਦਭਾਵ ਅਤੇ ਛੂਤ-ਛਾਤ ਖ਼ਿਲਾਫ਼ ਡਟਕੇ ਪਹਿਰਾ ਦਿੱਤਾ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਨਾ ਸਿਰਫ਼ ਸਿੱਖ ਧਰਮ ਲਈ, ਸਗੋਂ ਭਾਰਤ ਵਿੱਚ ਸਾਰੇ ਧਰਮਾਂ ਦੀ ਮੌਲਿਕ ਆਜ਼ਾਦੀ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਗੁਰੂ ਦੀਆਂ ਸਿੱਖਿਆਵਾਂ ਨੂੰ ਆਧੁਨਿਕ ਜੀਵਨ ਦੇ ਆਦਰਸ਼ਾਂ ਵਜੋਂ ਅਪਣਾਉਣ ਦੀ ਅਪੀਲ ਕੀਤੀ।

ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਿਲਪੁਰ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਗੁਰੂ ਜੀ ਦੀ ਲਾਸਾਨੀ ਕੁਰਬਾਨੀ ਬਾਰੇ ਹੋਰ ਵਿਸਥਾਰ ਵਿਚ ਚਾਨਣਾ ਪਾਇਆ। ਉਨ੍ਹਾਂ ਨੇ ਗੁਰੂ ਜੀ ਦੀ ਸ਼ਹੀਦੀ ਨੂੰ “ਮਨੁੱਖਤਾ ਦੀ ਰੱਖਿਆ ਲਈ ਇੱਕ ਅਨੋਖੀ ਕੁਰਬਾਨੀ” ਦੱਸਿਆ ਅਤੇ ਨੌਜਵਾਨਾਂ ਨੂੰ ਗੁਰੂਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ।

ਐੱਸ.ਡੀ.ਐੱਸ. ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਹਰਜਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਵਿਦਿਅਕ ਪ੍ਰੋਗਰਾਮ ਨੌਜਵਾਨਾਂ ਵਿੱਚ ਧਾਰਮਿਕ, ਅਧਿਆਤਮਿਕ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਵਿਕਸਤ ਕਰਨ ਲਈ ਅਹਿਮ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਕਮਜ਼ੋਰਾਂ ਅਤੇ ਪਛੜੇ ਲੋਕਾਂ ਦੇ ਰੱਖਿਅਕ ਵਜੋਂ ਖੜ੍ਹੇ ਹੋਏ। ਉਨ੍ਹਾਂ ਦੇ ਜੀਵਨ ਨੇ ਸੱਚੇ ਧਰਮ ਦੇ ਮਹੱਤਵਪੂਰਨ ਮਾਰਗ ਮਨੁੱਖਤਾ ਦੀ ਸੇਵਾ ਅਤੇ ਸਾਰਿਆਂ ਪ੍ਰਤੀ ਚੰਗਾ ਹੋਣਾ ਦੀ ਵਿਲੱਖਣ ਮਿਸਾਲ ਪੇਸ਼ ਕੀਤੀ। ਕਾਲਜ ਨੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ‘ਤੇ ਇੱਕ ਕਵਿਜ਼ ਮੁਕਾਬਲਾ ਵੀ ਕਰਵਾਇਆ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਤ ਵੀ ਕੀਤਾ ਗਿਆ।

Related Articles

LEAVE A REPLY

Please enter your comment!
Please enter your name here

Latest Articles

2

2