ਨਵਾਂਸ਼ਹਿਰ, 6 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ ) ਹਰ ਜਨਮਦਿਨ ’ਤੇ ਇਕ ਬੂਟਾ*, ਇਸ ਸੰਕਲਪ ਨਾਲ ਐਸ.ਕੇ.ਟੀ. ਪਲਾਂਟੇਸ਼ਨ ਟੀਮ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ “ਜਨਮਦਿਨ ’ਤੇ ਪੌਧਾਰੋਪਣ” ਦੇ ਤਹਿਤ ਫੋਕਲ ਪੌਇੰਟ ਨਿਵਾਸੀ ਵਿਜੇ ਨੇ ਆਪਣੇ ਜਨਮਦਿਨ ਮੌਕੇ ਚੰਡੀਗੜ੍ਹ ਰੋਡ ਵਿਖੇ ਸਥਿਤ ਪਾਰਕ ਵਿੱਚ ਬੂਟੇ ਲਗਾ ਕੇ ਜਨਮਦਿਨ ਮਨਾਇਆ। ਇਸ ਰਾਹੀਂ ਓਹਨਾਂ ਨੇ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੰਦਿਆਂ ਸਮਾਜ ਨੂੰ ਪ੍ਰੇਰਿਤ ਕੀਤਾ ਕਿ ਹਰ ਖੁਸ਼ੀ ਨੂੰ ਹਰਿਆਲੀ ਨਾਲ ਜੋੜਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।
ਟੀਮ ਦੇ ਸੰਚਾਲਕ ਅੰਕੁਸ਼ ਨਿਝਾਵਨ ਨੇ ਕਿਹਾ ਕਿ ਰੁੱਖ ਸਾਡੇ ਜੀਵਨ ਦੇ ਸੱਚੇ ਆਧਾਰ ਹਨ। ਬਿਨਾਂ ਇਨ੍ਹਾਂ ਦੇ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਅੱਜ ਲਗਾਇਆ ਹਰ ਬੂਟਾ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਕੀਮਤੀ ਤੋਹਫ਼ਾ ਹੈ, ਜੋ ਸਾਲਾਂ ਤੱਕ ਆਕਸੀਜਨ ਦੇ ਕੇ ਜੀਵਨ ਨੂੰ ਸੰਜੀਵਨੀ ਦਿੰਦਾ ਰਹੇਗਾ। ਉਹਨਾਂ ਸਭ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਆਪਣੇ ਜਨਮਦਿਨ, ਵਰੇਗੰਢ ਜਾਂ ਹੋਰ ਖਾਸ ਮੌਕਿਆਂ ’ਤੇ ਘੱਟੋ-ਘੱਟ ਇਕ ਬੂਟਾ ਜ਼ਰੂਰ ਲਗਾਇਆ ਜਾਵੇ ਤੇ ਉਸਦੀ ਸੰਭਾਲ ਵੀ ਕੀਤੀ ਜਾਵੇ।
ਵਿਜੇ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਬੂਟੇ ਸਾਡੇ ਸੱਚੇ ਮਿੱਤਰ ਹਨ, ਜੋ ਵੱਡੇ ਹੋ ਕੇ ਸਾਨੂੰ ਸ਼ੁੱਧ ਹਵਾ, ਛਾਂ ਤੇ ਜੀਵਨ ਦਿੰਦੇ ਹਨ। ਉਹਨਾਂ ਕਿਹਾ ਕਿ ਜੇ ਹਰ ਵਿਅਕਤੀ ਸਾਲ ਵਿੱਚ ਸਿਰਫ਼ ਇਕ ਬੂਟਾ ਵੀ ਲਗਾ ਕੇ ਉਸਦੀ ਦੇਖਭਾਲ ਕਰੇ, ਤਾਂ ਧਰਤੀ ਦਾ ਵਾਤਾਵਰਣ ਸਾਫ਼ ਤੇ ਸੁੰਦਰ ਬਣਾਇਆ ਜਾ ਸਕਦਾ ਹੈ। ਵਾਤਵਾਰਨ ਦੀ ਸੰਭਾਲ ਹੀ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ।
ਉਹਨਾਂ ਐਸ.ਕੇ.ਟੀ. ਪਲਾਂਟੇਸ਼ਨ ਟੀਮ ਵੱਲੋਂ ਚਲਾਈ ਜਾ ਰਹੀ “ਜਨਮਦਿਨ ’ਤੇ ਪੌਧਾਰੋਪਣ” ਮੁਹਿੰਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਮੁਹਿੰਮ ਨਾ ਸਿਰਫ਼ ਹਰਿਆਲੀ ਵਧਾਉਣ ਵੱਲ ਕਦਮ ਹੈ, ਸਗੋਂ ਸਮਾਜ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਇਕ ਮਜ਼ਬੂਤ ਸਾਧਨ ਵੀ ਬਣ ਰਹੀ ਹੈ।


