ਬਲਾਚੌਰ, 30 ਸਤੰਬਰ – (ਜਤਿੰਦਰ ਪਾਲ ਸਿੰਘ ਕਲੇਰ ) ਪੀ.ਏ.ਯੂ-ਖੇਤੀਬਾੜੀ ਕਾਲਜ ਬੱਲੋਵਾਲ ਸੱਖੜੀ ਦੇ ਚੌਥੇ ਸਾਲ ਦੇ ਵਿਦਿਆਰਥੀਆਂ ਵੱਲੋਂ ਪਿੰਡ ਰਾਜੂਮਾਜਰਾ ਵਿੱਚ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਵਿਦਿਆਰਥੀਆਂ ਦੀ ਪਿੰਡਾਂ ਵਿੱਚ ਖੇਤੀਬਾੜੀ ਦੇ ਕੰਮ ਦੇ ਤਜਰਬੇ ਸੰਬੰਧੀ ਸਿਖਲਾਈ (RAWE) ਪ੍ਰੋਗਰਾਮ ਦੇ ਤਹਿਤ ਆਯੋਜਿਤ ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ ਖੇਤੀਬਾੜੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਅਤੇ ਅਕਾਦਮਿਕ ਗਿਆਨ ਨੂੰ ਵਿਹਾਰਿਕ ਸਿੱਖਿਆ ਦੇ ਨਾਲ ਜੋੜਨਾ ਸੀ।
ਕੈਂਪ ਦੌਰਾਨ ਕਨਵਰ ਅਨਮੋਲਦੀਪ ਸਿੰਘ ਨੇ ਅਰਬੀ ਦੀ ਅਤੇ ਸਕਸ਼ਮ ਨੇ ਹਲਦੀ ਦੀ ਖੇਤੀ ਲਈ ਸੁਧਰੀਆਂ ਤਕਨੀਕਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਬਲਰਾਜ ਨੇ ਗਾਂ ਅਤੇ ਮੱਝਾਂ ਦੇ ਨਵੇਂ ਜਨਮੇ ਬੱਚਿਆਂ ਦੀ ਸੰਭਾਲ ਬਾਰੇ, ਦਿਲਪ੍ਰੀਤ ਸਿੰਘ ਨੇ ਪਸ਼ੂਆਂ ਦੀਆਂ ਮੁੱਖ ਬਿਮਾਰੀਆਂ ਜਿਵੇਂ ਕਿ ਮੂੰਹ-ਖੁਰ, ਥਨੈਲਾ ਰੋਗ ਅਤੇ ਗਲ-ਘੋਟੂ ਦੇ ਲੱਛਣ, ਕਾਰਨ, ਪ੍ਰਬੰਧਨ ਅਤੇ ਟੀਕਾਕਰਨ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਦਿੱਤੀ।
ਪ੍ਰਭਜੋਤ ਸਿੰਘ ਨੇ ਸਾਧਨਾਂ ਦੀ ਘਾਟ ਵਾਲੇ ਇਲਾਕਿਆਂ ਵਿੱਚ ਬੱਕਰੀ ਪਾਲਣ ਦੇ ਫਾਇਦੇ ਤੇ ਇਸ ਦੀ ਡੇਅਰੀ ਫਾਰਮਿੰਗ ਵਿੱਚ ਭੂਮਿਕਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਗਰੁੱਪ ਲੀਡਰ ਕੇਸ਼ਵ ਮੌਰੀਆ ਨੇ ਬਾਂਸ ਦੀ ਖੇਤੀ ਅਤੇ ਇਸਦੇ ਉਦਯੋਗਿਕ ਉਪਯੋਗਾਂ ਜਿਵੇਂ ਕਿ ਕਾਗਜ਼, ਫਰਨੀਚਰ, ਟੈਕਸਟਾਈਲ ਅਤੇ ਹੈਂਡੀਕ੍ਰਾਫਟ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬਾਂਸ ਘੱਟ ਉਪਜਾਊ ਜ਼ਮੀਨਾਂ ਵਿੱਚ ਘੱਟ ਸਿੰਚਾਈ ਨਾਲ ਵੀ ਵਧੀਆ ਤਰ੍ਹਾਂ ਵਧਦਾ ਹੈ, ਜੋ ਕਿ ਇਸ ਇਲਾਕੇ ਲਈ ਬਹੁਤ ਢੁੱਕਵਾਂ ਹੈ। ਵਰੁਣ ਕਸ਼ਯਪ ਨੇ ਬਾਂਸ ਦੇ ਨਾਲ ਅਦਰਕ, ਹਲਦੀ ਅਤੇ ਅਰਬੀ ਵਰਗੀਆਂ ਫਸਲਾਂ ਦਾ ਸਹਿ-ਖੇਤੀ ਮਾਡਲ ਪ੍ਰਦਰਸ਼ਨ ਕੀਤਾ, ਜਦਕਿ ਸੁਖਬੀਰ ਸਿੰਘ ਨੇ ਆਪਣੇ ਖੇਤਾਂ ਵਿੱਚ ਇਸ ਮਾਡਲ ਦੇ ਸਫਲ ਨਤੀਜੇ ਸਾਂਝੇ ਕੀਤੇ। ਹਰਵਿੰਦਰ ਸਿੰਘ ਅਤੇ ਅਯੁਸ਼ਪਾਲ ਨੇ ਪੀ.ਏ.ਯੂ. ਮੈਗਜੀਨ ਚੰਗੀ ਖੇਤੀ ਅਤੇ ਖੇਤੀ ਸੰਦੇਸ਼ ਬਾਰੇ ਦੱਸਿਆ।
ਡਾ. ਜਸਲੀਨ ਕੌਰ ਸਿੱਧੂ, ਟੀਚਿੰਗ ਅਸਿਸਟੈਂਟ ਨੇ ਪੀ.ਏ.ਯੂ. ਦੇ ਖੇਤੀ ਵਿਸਥਾਰ ਕੇਂਦਰਾਂ ਅਤੇ ਪ੍ਰਕਾਸ਼ਨਾਂ ਬਾਰੇ ਦੱਸਿਆ ਅਤੇ ਪਿੰਡ ਵਾਸੀਆਂ ਦਾ ਇਸ ਕੈਂਪ ਦੀ ਸਫਲਤਾ ਲਈ ਧੰਨਵਾਦ ਕੀਤਾ। ਇਸ ਮੌਕੇ ਪਿੰਡ ਦੇ ਪੰਚ, ਸ੍ਰੀ ਸੁਰਜੀਤ ਰਾਮ ਜੀ ਨੇ ਵੀ ਇਸ ਪਹਿਲ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਦੇ ਯੋਗਦਾਨ ਲਈ ਖਾਸ ਤੌਰ ਤੇ ਧੰਨਵਾਦ ਕੀਤਾ।


