Thursday, March 13, 2025

 ਅਰਵਿੰਦ ਕੇਜਰੀਵਾਲ ਦੀ ਪੰਜਾਬ ਵਿੱਚ ਰਾਜਨੀਤਕ ਐਂਟਰੀ, 18 ਮਾਰਚ ਨੂੰ ਆ ਰਹੇ ਲੁਧਿਆਣਾ

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਦੇ ਬਾਅਦ, ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਪਹਿਲੀ ਵਾਰ ਪੰਜਾਬ ਵਿੱਚ ਆਪਣੀ ਰਾਜਨੀਤਕ ਸ਼ੁਰੂਆਤ ਕਰਨ ਜਾ ਰਹੇ ਹਨ। ਹਾਲਾਂਕਿ ਕੇਜਰੀਵਾਲ ਨੇ ਪਹਿਲਾਂ ਵੀ ਪੰਜਾਬ ਵਿੱਚ ਲੋਕ ਸਭਾ, ਜ਼ਿਮਨੀ ਅਤੇ ਨਗਰ ਨਿਗਮ ਚੋਣਾਂ ਲਈ ਪ੍ਰਚਾਰ ਕੀਤਾ ਹੈ, ਪਰ ਦਿੱਲੀ ਵਿੱਚ ਹਾਰ ਦੇ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਉਹ ਪੰਜਾਬ ਵਿੱਚ ਕਿਸੇ ਰਾਜਨੀਤਕ ਸਮਾਗਮ ਵਿੱਚ ਸ਼ਾਮਲ ਹੋਣਗੇ। ਪ੍ਰਾਪਤ ਜਾਣਕਾਰੀ ਮੁਤਾਬਕ, ਕੇਜਰੀਵਾਲ 18 ਮਾਰਚ ਨੂੰ ਲੁਧਿਆਣਾ ਆ ਰਹੇ ਹਨ, ਜਿੱਥੇ ਉਹ ਸਿਹਤ ਖੇਤਰ ਦੀਆਂ ਕੁਝ ਸੇਵਾਵਾਂ ਜਨਤਾ ਨੂੰ ਸਮਰਪਿਤ ਕਰਨਗੇ ਅਤੇ ਲੁਧਿਆਣਾ ਪੱਛਮੀ ਸੀਟ ਤੋਂ ਆਪਣੇ ਉਮੀਦਵਾਰ ਸੰਜੀਵ ਅਰੋੜਾ ਲਈ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ, ਇਹ ਵੀ ਕਿਹਾ ਜਾ ਰਿਹਾ ਹੈ ਕਿ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ਜਾਣ ਦੀ ਯੋਜਨਾ ਬਣਾ ਰਹੇ ਹਨ, ਪਰ ਇਸ ਬਾਰੇ ਪਾਰਟੀ ਨੇ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ।
ਇਸ ਦੌਰਾਨ, ਕੇਜਰੀਵਾਲ ਦੀਆਂ ਪੰਜਾਬ ਵਿੱਚ ਸਰਗਰਮੀਆਂ ਤੋਂ ਪਹਿਲਾਂ ਹੀ ਵਿਰੋਧੀ ਪਾਰਟੀਆਂ ਨੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਸ਼ਿਆਪੁਰ ਵਿੱਚ ਵਿਪਾਸਨਾ ਲਈ ਆਏ ਕੇਜਰੀਵਾਲ ‘ਤੇ ਹਮਲਾ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਵਿਪਾਸਨਾ ਕੇਜਰੀਵਾਲ ਲਈ ਸਿਰਫ਼ ਇੱਕ ਬਹਾਨਾ ਹੈ। ਅਸਲ ਵਿੱਚ, ਉਹ ਲੁਧਿਆਣਾ ਪੱਛਮੀ ਸੀਟ ‘ਤੇ ਉਪ ਚੋਣ ਦੇ ਬਹਾਨੇ ਸੂਬੇ ਦੀ ਰਾਜਨੀਤੀ ਵਿੱਚ ਦਾਖਲ ਹੋ ਰਹੇ ਹਨ। ਬਾਜਵਾ ਨੇ ਇਹ ਵੀ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹਾਰਨ ਤੋਂ ਬਾਅਦ ਉਨ੍ਹਾਂ ਕੋਲ ਪੰਜਾਬ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੈ। ਦੱਸਣਯੋਗ ਹੈ ਕਿ ਦਿੱਲੀ ਵਿੱਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਲਈ ਪੰਜਾਬ ਬਹੁਤ ਮਹੱਤਵਪੂਰਨ ਹੋ ਗਿਆ ਹੈ, ਕਿਉਂਕਿ ਪੰਜਾਬ ਹੀ ਪਾਰਟੀ ਦੇ ਭਵਿੱਖ ਨੂੰ ਨਿਰਧਾਰਿਤ ਕਰੇਗਾ। ਇਸ ਲਈ, ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਪੰਜਾਬ ਵਿੱਚ ਕੇਂਦਰਿਤ ਹੋ ਗਈ ਹੈ। ਇਸ ਤਹਿਤ, ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਾਬਕਾ ਮੰਤਰੀ ਸਤੇਂਦਰ ਚੌਹਾਨ ਅਤੇ ਕੇਜਰੀਵਾਲ ਦੇ ਹੋਰ ਸਲਾਹਕਾਰਾਂ ਨੇ ਪੰਜਾਬ ਦੇ ਦੌਰੇ ਵਧਾ ਦਿੱਤੇ ਹਨ। ਹਾਲ ਹੀ ਵਿੱਚ, ਦਿੱਲੀ ਤੋਂ ਆਏ ‘ਆਪ’ ਆਗੂ ਸਕੂਲਾਂ, ਸਿਹਤ ਅਤੇ ਰਾਜ ਦੀਆਂ ਕਈ ਨੀਤੀਆਂ ਦੇ ਨਿਰਮਾਣ ਸਬੰਧੀ ਮੀਟਿੰਗਾਂ ਵਿੱਚ ਭਾਗ ਲੈ ਰਹੇ ਹਨ।
ਇਸ ਕਰਕੇ ਵਿਰੋਧੀ ਪਾਰਟੀਆਂ ‘ਆਪ’ ਦੇ ਦਿੱਲੀ ਦੇ ਆਗੂਆਂ ਦੇ ਪੰਜਾਬ ਵਿੱਚ ਲਗਾਤਾਰ ਦੌਰਿਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਇਸੇ ਲਈ ਭਾਜਪਾ ਨੇ ਆਪਣੇ ਮਜ਼ਬੂਤ ਦਿੱਲੀ ਕੈਬਨਿਟ ਮੰਤਰੀ ਅਤੇ ਪ੍ਰਮੁੱਖ ਸਿੱਖ ਚਿਹਰੇ ਮਨਜਿੰਦਰ ਸਿੰਘ ਸਿਰਸਾ ਦੇ ਪੰਜਾਬ ਦੌਰੇ ਨੂੰ ਵੀ ਵਧਾ ਦਿੱਤਾ ਹੈ, ਤਾਂ ਜੋ ਉਹ ਪੰਜਾਬ ਵਿੱਚ ਪਾਰਟੀ ਨੂੰ ਮਜ਼ਬੂਤ ਕਰ ਸਕੇ।
ਜਦੋਂ ਕੇਜਰੀਵਾਲ ਵਿਪਾਸਨਾ ਲਈ ਪੰਜਾਬ ਆਏ, ਤਾਂ ਸਿਰਸਾ ਨੇ ਤੁਰੰਤ ਪੰਜਾਬ ਵਿੱਚ ਦਾਖਲ ਹੋ ਕੇ ਚੰਡੀਗੜ੍ਹ ਵਿੱਚ ਕੇਜਰੀਵਾਲ ਅਤੇ ‘ਆਪ’ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਸਿਰਸਾ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਤੋਂ ਰਾਜ ਸਭਾ ਜਾਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਦੂਜੇ ਪਾਸੇ, ਆਮ ਆਦਮੀ ਪਾਰਟੀ ਆਪਣੇ ਵਿਰੋਧੀਆਂ ਦੇ ਨਿਸ਼ਾਨਿਆਂ ਤੋਂ ਬੇਪਰਵਾਹ ਹੋ ਕੇ ਆਪਣੇ ਰਣਨੀਤੀ ਮੁਤਾਬਕ ਅੱਗੇ ਵਧ ਰਹੀ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇਹ ਸਮਝ ਆ ਗਿਆ ਹੈ ਕਿ 2027 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣਾ ਉਨ੍ਹਾਂ ਲਈ ਬਹੁਤ ਜ਼ਰੂਰੀ ਹੈ। ਪੰਜਾਬ ਵਿੱਚ ਦੂਜੀ ਵਾਰ ਸਰਕਾਰ ਬਣਾਕੇ ਹੀ ਉਹ ਦੁਬਾਰਾ ਦਿੱਲੀ ‘ਤੇ ਕਬਜ਼ਾ ਕਰ ਸਕਦੇ ਹਨ। ਇਸ ਸਮੇਂ ਪੰਜਾਬ ਹਰ ਪੱਖੋਂ ਆਮ ਆਦਮੀ ਪਾਰਟੀ ਲਈ ਜੀਵਨ ਰੱਖਿਅਕ ਵਜੋਂ ਕੰਮ ਕਰ ਰਿਹਾ ਹੈ, ਜਿਸ ਕਾਰਨ ਭਾਜਪਾ ਅਤੇ ਕਾਂਗਰਸ ਦੇ ਲੀਡਰ ਵੀ ਹੁਣ ਐਕਟਿਵ ਹੋ ਗਏ ਹਨ।

Related Articles

LEAVE A REPLY

Please enter your comment!
Please enter your name here

Latest Articles