ਪੀਏਯੂ ਵੱਲੋਂ ਸਿਫਾਰਸ਼ ਸੁਪਰ ਐਸ ਐਮ ਐਸ ਲੱਗੀ ਕੰਬਾਇਨ ਦੁਆਰਾ ਹੀ ਝੋਨੇ ਦੀ ਕਟਾਈ ਹੋਵੇ
ਨਵਾਂਸ਼ਹਿਰ, 25 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ )
ਮੁੱਖ ਖੇਤੀਬਾੜੀ ਅਫਸਰ ਡਾ.ਰਾਕੇਸ਼ ਕੁਮਾਰ ਸ਼ਰਮਾ ਅਤੇ ਖੇਤੀਬਾੜੀ ਬਲਾਕ ਅਫਸਰ ਸੜੋਆ ਦੀ ਅਗਵਾਈ ਹੇਠ ਪਿੰਡ ਦਿਆਲ ਵਿਖੇ ਝੋਨੇ ਦੀ ਪਰਾਲੀ ਨੂੰ ਬਿਨਾ ਅੱਗ ਲਗਾਏ ਸਾਂਭ-ਸੰਭਾਲ ਕਰਨ ਲਈ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਗਿਆ |
ਖੇਤੀਬਾੜੀ ਵਿਸਥਾਰ ਅਫਸਰ ਸੁਰਿੰਦਰ ਪਾਲ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਅਪੀਲ ਕੀਤੀ ਕਿ ਝੋਨੇ ਦੀ ਫਸਲ ਦੀ ਕਟਾਈ ਪੀਏਯੂ ਵੱਲੋਂ ਸਿਫਾਰਸ਼ ਸੁਪਰ ਐਸ ਐਮ ਐਸ ਲੱਗੀ ਕੰਬਾਇਨ ਦੁਆਰਾ ਹੀ ਕਟਾਈ ਜਾਵੇ। ਉਨ੍ਹਾਂ ਦੱਸਿਆ ਕਿ ਕੰਬਾਈਨ ਨਾਲ ਝੋਨੇ ਦੀ ਕਟਾਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਕਰਵਾਈ ਜਾਵੇ। ਇਸ ਤੋਂ ਬਾਅਦ ਕਟਾਈ ਕਰਨ ‘ਤੇ ਝੋਨੇ ਦੀ ਫਸਲ ਵਿੱਚ ਨਮੀ ਦੀ ਮਾਤਰਾ ਵੱਧ ਜਾਂਦੀ ਹੈ। ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤਾਂ ਵਿੱਚ ਵਾਹੁੰਣ ਨਾਲ ਲਗਭਗ 3000 ਰੁਪਏ ਦੀ ਬਚਤ ਹੁੰਦੀ ਹੈ ।ਇਸ ਨਾਲ ਵਾਤਾਵਰਨ ਵੀ ਦੂਸ਼ਿਤ ਹੋਣ ਤੋਂ ਬਚਿਆ ਰਹਿੰਦਾ ਹੈ ।
ਡਾ. ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਕਈ ਵਾਰੀ ਪਰਾਲੀ ਨੂੰ ਅੱਗ ਲਗਾਉਣ ਨਾਲ ਦਰਖਤ ਅਤੇ ਪਸ਼ੂ ਵੀ ਲਪੇਟ ਵਿੱਚ ਆ ਜਾਂਦੇ ਹਨ ਅੱਗ ਲਗਾਉਣ ਨਾਲ ਸਾਡੇ ਮਿੱਤਰ ਕੀੜੇ ਵੀ ਅੱਗ ਦੀ ਭੇਟ ਚੜ ਜਾਂਦੇ ਹਨ।
ਇਸ ਮੌਕੇ ਖੇਤੀਬਾੜੀ ਵਿਸਥਾਰ ਅਫਸਰ ਰਜਿੰਦਰ ਪਾਲ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਸਾਡੇ ਬਲਾਕ ਵਿੱਚ 100 ਤੋਂ ਵੱਧ ਮਸ਼ੀਨਾਂ ਉਪਲਬਧ ਹਨ । ਉਨ੍ਹਾਂ ਕਿਹਾ ਕਿ ਝੋਨੇ ਦੀ ਕਟਾਈ ਕਰਨ ਤੇ ਬਾਅਦ ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਕੀਤੀ ਜਾਵੇ ਇਸ ਮਸ਼ੀਨ ਦੀ ਵਰਤੋਂ ਕਰਨ ਨਾਲ ਇੱਕ ਤਾਂ ਟਾਈਮ ਦੀ ਬਚਤ ਹੁੰਦੀ ਹੈ ਕਣਕ ਦੀ ਬਿਜਾਈ ਸਮੇਂ ਸਿਰ ਹੋ ਜਾਂਦੀ ਹੈ ਅਤੇ ਖੇਤਾਂ ਵਿੱਚ ਨਮੀਂ ਦੀ ਮਾਤਰਾ ਬਰਕਰਾਰ ਰਹਿੰਦੀ ਹੈ ਅਤੇ ਨਦੀਨ ਵੀ ਕਾਫੀ ਹੱਦ ਤੱਕ ਕੰਟਰੋਲ ਵਿੱਚ ਰਹਿੰਦੇ ਹਨ ।
ਸਹਿਕਾਰਤਾ ਵਿਭਾਗ ਦੇ ਇੰਸਪੈਕਟਰ ਨਰਿੰਦਰ ਸਿੰਘ ਅਤੇ ਸ਼ਿਵ ਕੁਮਾਰ ਸੈਕਟਰੀ ਨੇ ਸਹਿਕਾਰਤਾ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਬਾਰੇ ਚਾਨਣਾ ਪਾਇਆ ਅਤੇ ਉਹਨਾਂ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਹਾੜੀ ਸੀਜਨ ਵਿੱਚ ਡੀ.ਏ.ਪੀ. ਖਾਦ ਪਹਿਲਾਂ ਹੀ ਸੁਸਾਇਟੀਆਂ ਵਿੱਚ ਪਹੁੰਚ ਜਾਵੇਗੀ।
ਖੇਤੀਬਾੜੀ ਵਿਭਾਗ ਦੇ ਵਰਿੰਦਰਪਾਲ ਏ ਈ ਓ , ਹਰਵਿੰਦਰ ਸਿੰਘ ਏਐਸਆਈ ਅਤੇ ਬਾਗਵਾਨੀ ਵਿਭਾਗ ਤੋਂ ਕੁਲਵੰਤ ਰਾਏ ਫੀਲਡ ਵਰਕਰ ਹਾਜ਼ਰ ਸਨ । ਇਸ ਮੌਕੇ ਅਗਾਂਹਵਧੂ ਕਿਸਾਨ ਅਤੇ ਸਾਬਕਾ ਸਰਪੰਚ ਜਤਿੰਦਰ ਸਿੰਘ ਨੇ ਆਏ ਹੋਏ ਖੇਤੀਬਾੜੀ ਮਾਹਰਾਂ, ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਅਤੇ ਆਏ ਹੋਏ ਕਿਸਾਨਾਂ ਦਾ ਕੈਂਪ ਵਿੱਚ ਭਾਗ ਲੈਣ ਲਈ ਧੰਨਵਾਦ ਕੀਤਾ ਅਤੇ ਇਹ ਵਿਸ਼ਵਾਸ ਦਵਾਇਆ ਕਿ ਖੇਤੀਬਾੜੀ ਵਿਭਾਗ ਵੱਲੋਂ ਦਿਸ਼ਾ ਨਿਰਦੇਸ਼ ਦੀ ਪਾਲਣਾ ਚੰਗੀ ਤਰ੍ਹਾਂ ਕਰਨਗੇ ਅਤੇ ਪਰਾਲੀ ਨੂੰ ਅੱਗ ਨਹੀਂ ਲਾਉਣਗੇ। ਇਸ ਮੌਕੇ ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ, ਜੋਗਾ ਸਿੰਘ, ਹਰਭਜਨ ਸਿੰਘ, ਲਖਵੀਰ ਸਿੰਘ, ਗੁਰਨੇਕ ਸਿੰਘ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਰਤਨ ਸਿੰਘ,ਪਵਨ ਕੁਮਾਰ ਪੰਮਾ ਆਦਿ ਕਿਸਾਨਾਂ ਨੇ ਕੈਂਪ ਵਿੱਚ ਭਾਗ ਲਿਆ।


