ਬਲਾਚੌਰ 22 ਸਤੰਬਰ ( ਜਤਿੰਦਰ ਪਾਲ ਸਿੰਘ ਕਲੇਰ ) ਵਿਧਾਇਕਾ ਸੰਤੋਸ਼ ਕਟਾਰੀਆ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬੱਲੋਵਾਲ ਸੌਂਖੜੀ ਵੱਲੋਂ ਕਰਵਾਏ ਗਏ ਕਿਸਾਨ ਮੇਲੇ ਵਿੱਚ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨਾਲ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨ ਦਾ ਮੌਕਾ ਮਿਲਿਆ। ਇਸ ਮੇਲੇ ਵਿੱਚ ਕਿਸਾਨ ਭਰਾਵਾਂ ਲਈ ਨਵੀਆਂ ਖੇਤੀਬਾੜੀ ਤਕਨਾਲੋਜੀਆਂ, ਆਧੁਨਿਕ ਸਾਧਨਾਂ ਅਤੇ ਉਪਜ ਵਧਾਉਣ ਵਾਲੀਆਂ ਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਯੂਨੀਵਰਸਿਟੀ ਵੱਲੋਂ ਕੀਤੀ ਗਈ ਇਹ ਕੋਸ਼ਿਸ਼ ਨਾ ਸਿਰਫ ਕਿਸਾਨਾਂ ਨੂੰ ਨਵੀਂ ਸੂਝ ਬਖ਼ਸ਼ਦੀ ਹੈ, ਸਗੋਂ ਖੇਤੀ ਨੂੰ ਹੋਰ ਮਜ਼ਬੂਤ ਤੇ ਸਮਰੱਥ ਬਣਾਉਣ ਵੱਲ ਵੀ ਇਕ ਵੱਡਾ ਕਦਮ ਹੈ। ਕਿਸਾਨ ਸਾਡੀ ਰੀੜ੍ਹ ਦੀ ਹੱਡੀ ਹਨ, ਉਨ੍ਹਾਂ ਦੀ ਖੁਸ਼ਹਾਲੀ ਅਤੇ ਤਰੱਕੀ ਹੀ ਸਾਡੇ ਸਮਾਜ ਅਤੇ ਦੇਸ਼ ਦੀ ਅਸਲੀ ਤਾਕਤ ਹੈ।ਉੱਥੇ ਹੀ ਉਹਨਾਂ ਦੱਸਿਆ ਕਿ ਮਾਨ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੀਬੀ ਨੇ ਕਿਹਾ ਕਿ ਖੇਤੀ ਸੰਬੰਧੀ ਤਕਨੀਕੀ ਜਾਣਕਾਰੀ ਵਧਾਉਣ ਵਿੱਚ ਕਿਸਾਨ ਮੇਲੇ ਬਹੁਤ ਸਹਾਈ ਹੁੰਦੇ ਹਨ ਜਿਸ ਲਈ ਸਾਨੂੰ ਪੀ.ਏ.ਯੂ. ਵੱਲੋਂ ਲਗਾਏ ਜਾਂਦੇ ਕਿਸਾਨ ਮੇਲਿਆਂ ਵਿੱਚ ਵੱਧ ਚੜ੍ਹ ਕੇ ਸ਼ਿਰਕਤ ਕਰਨੀ ਚਾਹੀਦੀ।ਕਿਸਾਨਾ ਨੂੰ ਮੇਲੇ ਵਿੱਚ ਵੀ ਵੱਧ ਚੜ੍ਹ ਕੇ ਪਹੁੰਚਣ ਦੀ ਤਾਕੀਦ ਕਰਦਿਆਂ ਉਨਾਂ ਨੇ ਖੇਤੀ ਆਮਦਨ ਨੂੰ ਵਧਾਉਣ ਲਈ ਵੱਧ ਤੋਂ ਵੱਧ ਸਹਾਇਕ ਧੰਦੇ ਅਪਨਾਉਣ ਅਤੇ ਵਿਗਿਆਨਕ ਲੀਹਾਂ ਤੇ ਖੇਤੀ ਕਰਨ ਲਈ ਕਿਹਾ।ਇਸ ਮੌਕੇ ਮੇਲੇ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਨੇ ਕੀਤੀ ਤੇ ਉਨ੍ਹਾਂ ਨਾਲ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ, ਨਿਰਦੇਸ਼ਕ ਪਰਸਾਰ ਸਿੱਖਿਆ ਡਾ ਮੱਖਣ ਸਿੰਘ, ਪ੍ਰਬੰਧਕੀ ਬੋਰਡ ਦੇ ਮੈਂਬਰ ਡਾ ਅਸ਼ੋਕ ਕੁਮਾਰ ਅਤੇ ਐਸ ਡੀ ਐਮ ਬਲਾਚੌਰ ਮੈਡਮ ਕ੍ਰਿਤਕਾ ਗੋਇਲ ਵੀ ਹਾਜ਼ਰ ਸਨ।


