Join
Monday, March 23, 2026
Monday, March 23, 2026

ਜਿਲ੍ਹਾ ਪ੍ਰਸ਼ਾਸਨ ਵੱਲੋਂ ਕੰਬਾਇਨ ਮਾਲਕਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਕਟਾਈ ਕਰਨ ਦੀ ਅਪੀਲ

17 ਫੀਸਦੀ ਨਮੀਂ ਵਾਲਾ ਝੋਨਾਂ ਹੀ ਮੰਡੀਆਂ ’ਚ ਲਿਆਉਣ ਦਾ ਸੱਦਾ 
16 ਸਤੰਬਰ ਤੋਂ ਝੋਨੇ ਦੀ ਖਰੀਦ ਹੋਣ ਦੀ ਸੰਭਾਵਨਾ 

ਸ਼ਹੀਦ ਭਗਤ ਸਿੰਘ ਨਗਰ, 12 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦੇ ਨਿਰਦੇਸ਼ਾਂ ’ਤੇ ਅੱਜ ਜਿਲ੍ਹੇ ਵਿੱਚ ਝੋਨੇ ਦੀ ਕਟਾਈ ਦੌਰਾਨ ਚੱਲਣ ਵਾਲੀਆਂ ਕੰਬਾਇਨ ਮਸ਼ੀਨਾਂ ਵਾਲਿਆਂ ਨਾਲ ਮੀਟਿੰਗ ਕਰਦਿਆਂ ਜਿਲ੍ਹਾ ਪ੍ਰਸ਼ਾਸਨ ਨੇ ਕਟਾਈ ਦੇ ਦਿਨਾਂ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਕੰਬਾਇਨਾਂ ਚਲਾਉਣ ਦੀ ਅਪੀਲ ਕੀਤੀ ਹੈ। 

ਖੇਤਰੀ ਟਰਾਂਸਪੋਰਟ ਅਥਾਰਟੀ ਇੰਦਰਪਾਲ ਨੇ ਸਥਾਨਕ ਜਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿਖੇ ਕਿਸਾਨਾਂ, ਆੜਤੀਆਂ ਅਤੇ ਕੰਬਾਇਨ ਮਾਲਕਾਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਕੰਬਾਇਨਾਂ ਸਿਰਫ ਨਿਰਧਾਰਤ ਸਮੇਂ ਦੌਰਾਨ ਹੀ ਚਲਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾ ਦੱਸਿਆ ਕਿ ਇਹ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੈ ਜਿਸ ਦੌਰਾਨ ਮਸ਼ੀਨਾਂ ਚਲਾ ਕੇ ਝੋਨੇ ਦੀ ਨਮੀਂ ਨੂੰ ਨਿਰਧਾਰਤ ਮਾਤਰਾ(17 ਫੀਸ਼ਦੀ) ਰੱਖਿਆ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਦੌਰਾਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਜੇਕਰ ਫਸਲ ਵਿੱਚ ਨਮੀਂ ਦੀ ਮਾਤਰਾ ਜਿਆਦਾ ਹੁੰਦੀ ਹੈ ਤਾਂ ਖਰੀਦ ਵਿੱਚ ਦੇਰੀ ਹੋ ਸਕਦੀ ਹੈ। ਜਿਸ ਲਈ ਨਮੀਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਣਾ ਚਾਹੀਦਾ ਹੈ। 

ਝੋਨੇ ਦੀ ਖਰੀਦ ਸਬੰਧੀ ਆਰ.ਟੀ.ਏ. ਇੰਦਰਪਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਇਸ ਵਾਰ ਝੋਨੇ ਦੀ ਖਰੀਦ 16 ਸਤੰਬਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ ਜਿਸ ਲਈ ਕੰਬਾਇਨ ਮਾਲਕਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਖੇਤੀਬਾੜੀ ਵਿਭਾਗ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਿਲ੍ਹੇ ਵਿੱਚ ਕੰਬਾਇਨਾਂ ਦੀ ਵਰਤੋਂ ਬਾਰੇ ਚੌਕਸੀ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕੰਬਾਇਨ ਨਿਰਧਾਰਤ ਸਮੇਂ ਦੀ ਉਲੰਘਣਾ ਕਰਦੀ ਪਾਈ ਜਾਂਦੀ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। 

ਮੁੱਖ ਖੇਤੀਬਾੜੀ ਅਫਸਰ ਰਾਕੇਸ ਕੁਮਾਰ ਸ਼ਰਮਾ ਨੇ ਕਿਹਾ ਕਿ ਕੰਬਾਇਨ ਅਤੇ ਸੁੱਪਰ ਐਸ.ਐਮ.ਐਸ. ਮਸ਼ੀਨਾਂ ਲਾ ਕੇ ਹੀ ਕਟਾਈ ਕਰਨ ਨੂੰ ਯਕੀਨੀ ਬਣਾਇਆ ਜਾਵੇ । ਜਿਲ੍ਹਾ ਖੁਰਾਕ ਸਪਲਾਈ ਅਫਸਰ ਜਿਤਿਨ ਵਰਮਾ ਨੇ ਕੰਬਾਇਨ ਮਾਲਕਾਂ ਨੂੰ ਕਿਹਾ ਕਿ ਕੰਬਾਇਨ ਹਾਰਵੈਸਟਰ ਸਿਰਫ ਪੱਕੀ ਫਸਲ ਦੀ ਕਟਾਈ ਨੂੰ ਯਕੀਨੀ ਬਣਾਉਣ ਤਾਂ ਜੋ ਕਿਸਾਨਾਂ ਨੂੰ ਕਿਸੇ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਕੰਬਾਇਨ ਮਾਲਕਾਂ ਨੇ ਜਿਲ੍ਹਾ ਪ੍ਰਸ਼ਾਸਨ ਨੂੰ ਭਰੋਸਾ ਦਵਾਇਆ ਕਿ ਕੰਬਾਇਨਾਂ ਤੈਅ ਸਮੇਂ ਵਿੱਚ ਹੀ ਚਲਾਇਆਂ ਜਾਣਗੀਆਂ । 

ਮੀਟਿੰਗ ਦੌਰਾਨ ਮਾਰਕਫੈਡ ਦੇ ਜਿਲ੍ਹਾ ਮੈਨੇਜਰ ਬਲਜਿੰਦਰ ਸਿੰਘ, ਪਨਸਪ ਦੇ ਅਧਿਕਾਰੀ ਕਾਬਲ ਸਿੰਘ, ਮਾਰਕੀਟ ਕਮੇਟੀ ਤੋਂ ਭੁਪਿੰਦਰ ਸਿੰਘ ਲੇਖਾਕਾਰ, ਖੁਰਾਕ ਸਪਲਾਈ ਵਿਭਾਗ ਤੋਂ ਹਰੀਸ਼ ਕੁਮਾਰ, ਏ.ਐਫ.ਐਸ.ਓ ਬਲਾਚੌਰ ਮਨਜੀਤ ਸਿੰਘ, ਵਰਿੰਦਰ ਕੁਮਾਰ, ਇੰਸਪੈਕਟਰ ਕੁਲਜਿੰਦਰ ਸਿੰਘ ਦੁੱਗਲ, ਸਹਾਇਕ ਖੇਤੀਬਾੜੀ ਇੰਜੀਨੀਅਰ ਚੰਦਨ ਸ਼ਰਮਾ, ਕੰਬਾਇਨ ਮਾਲਕ ਗੁਰਵਿੰਦਰ ਸਿੰਘ ਮਾਨ, ਪਰਮਜੀਤ, ਹਰਨੇਕ ਸਿੰਘ, ਭੁਪਿੰਦਰ ਸਿੰਘ, ਹਰਮੀਤ ਸਿੰਘ, ਜਸਵੀਰ ਸਿੰਘ, ਪਰਦੀਪ ਕੁਮਾਰ, ਸੁਖਮਨਪ੍ਰੀਤ ਸਿੰਘ, ਬਲਕਾਰ ਸਿੰਘ, ਗੁਰਵਿੰਦਰ ਸਿੰਘ ਅਤੇ ਗੁਰਚਰਨ ਸਿੰਘ ਆਦਿ ਮੌਜੂਦ ਸਨ। 

Related Articles

LEAVE A REPLY

Please enter your comment!
Please enter your name here

Latest Articles

2

2