ਬਲਾਚੌਰ, 2 ਸਤੰਬਰ ( ਜਤਿੰਦਰ ਸਿੰਘ ਕਲੇਰ ) ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਵਿੱਚ ਹਰ ਪ੍ਰਭਾਵਿਤ ਪਰਿਵਾਰ ਦੀ ਮਦਦ ਕੀਤੀ ਜਾਵੇਗੀ ਤੇ ਪੁਨਰਵਾਸ ਕਾਰਜ ਦੀ ਜਿੰਮੇਵਾਰੀ ਨਾਲ ਸਮੇਂ ਸਿਰ ਮੁਕੰਮਲ ਕੀਤੇ ਜਾਣਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਸੰਤੋਸ਼ ਕਟਾਰੀਆ ਨੇ ਪਿੰਡ ਔਲੀਆਪੁਰ, ਖੋਜਾ ਬੇਟ, ਹੈਡੋ ਬੇਟ ਤੇ ਬੇਲਾ ਤਾਜੋਵਾਲ ਦੇ ਸਤਲੁਜ ਦਰਿਆ ਦੇ ਬੰਨ੍ਹਾਂ ਦਾ ਦੌਰਾ ਕਰਦਿਆਂ ਹੋਇਆ ਕੀਤਾ। ਬੀਬੀ ਸੰਤੋਸ਼ ਕਟਾਰੀਆ ਨੇ ਕਿਹਾ ਕਿ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਘੱਟ ਚੁੱਕਾ ਹੈ, ਚਿੰਤਾ ਕਰਨ ਦੀ ਕੋਈ ਜਰੂਰਤ ਨਹੀਂ ਹੈ। ਕੁਝ ਲੋਕ ਸੋਸ਼ਲ ਮੀਡੀਆ ਤੇ ਗੁਮਰਾਹਕੁੰਨ ਅਫਵਾਹਾਂ ਫੈਲਾ ਰਹੇ ਹਨ ਉਨਾਂ ਤੋਂ ਸੁਚੇਤ ਰਹਿਣ ਦੀ ਜਰੂਰਤ ਹੈ। ਜੇਕਰ ਤੁਹਾਨੂੰ ਕੋਈ ਗਲਤ ਖਬਰ ਮਿਲਦੀ ਹੈ ਤਾਂ ਤੁਸੀਂ ਸਾਡੇ ਦਫਤਰ ਵਿਖੇ ਜਾਂ ਹਲਕੇ ਦੇ ਕਿਸੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਤੇ ਅਹੁਦੇਦਾਰ ਨਾਲ ਗੱਲਬਾਤ ਕਰ ਸਕਦੇ ਹੋ, ਜੋ ਕਿ ਹਰੇਕ ਵੇਲੇ ਪ੍ਰਸ਼ਾਸਨ ਨਾਲ ਰਾਬਤਾ ਬਣਾਏ ਹੋਏ ਹਨ। ਬੀਬੀ ਕਟਾਰੀਆ ਨੇ ਕਿਹਾ ਕਿ ਪ੍ਰਸ਼ਾਸਨ ਪੂਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ ਤੇ ਪ੍ਰਸ਼ਾਸਨ ਨੂੰ ਮੈਂ ਆਪਣੇ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਕਿ ਜੋ ਕਿਸੇ ਵੀ ਸਮਾਨ ਦੀ ਜਰੂਰਤ ਕਿਸੇ ਪੀੜਿਤ ਨੂੰ ਪੈਂਦੀ ਹੈ ਤਾਂ ਤੁਰੰਤ ਉਸਦਾ ਹੱਲ ਕੀਤਾ ਜਾਵੇ ਇਸ ਦੀ ਨਿਗਰਾਨੀ ਦੇ ਲਈ ਆਮ ਆਦਮੀ ਪਾਰਟੀ ਦੀਆਂ ਟੀਮਾਂ ਵੀ ਬੰਨਾਂ ਉੱਪਰ ਮੁਸਤੈਦੀ ਨਾਲ ਕੰਮ ਕਰ ਰਹੀਆਂ ਹਨ।
ਇਸ ਮੌਕੇ ਬੀਬੀ ਸੰਤੋਸ਼ ਕਟਾਰੀਆ ਤੇ ਕਰਨਵੀਰ ਕਟਾਰੀਆ ਯੂਥ ਆਗੂ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਸਮੇਤ ਗਹੂੰਣ ਰੋਡ ਵਿਖੇ ਸ਼ਮਸ਼ਾਨ ਘਾਟ ਦੇ ਨੇੜੇ ਬਰਸਾਤੀ ਚੋਅ ਵਿੱਚ ਚੱਲ ਰਹੇ ਸਫਾਈ ਦੇ ਕੰਮ ਦਾ ਨਿਰੀਖਣ ਵੀ ਕੀਤਾ, ਜੋ ਕਿ ਲਾਡੀ ਰਾਣਾ ਪ੍ਰਧਾਨ ਨਗਰ ਕੌਂਸਲ ਬਲਾਚੌਰ ਦੀ ਨਿਗਰਾਨੀ ਹੇਠ 2 ਦਿਨਾਂ ਤੋਂ ਚੱਲ ਰਿਹਾ ਹੈ। ਜਿਕਰਯੋਗ ਹੈ ਕਿ ਬੀਤੇ ਸਾਲ ਇਸ ਚੋਅ ਨਾਲ ਸ਼ਮਸ਼ਾਨਘਾਟ ਦਾ ਬਹੁਤ ਨੁਕਸਾਨ ਹੋਇਆ ਸੀ। ਕਰਨਵੀਰ ਕਟਾਰੀਆ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ 45 ਹਜ਼ਾਰ ਕਿਊਸਿਕ ਦਰਜ ਕੀਤਾ ਗਿਆ ਜੋ ਬੀਤੀ ਰਾਤ 1.25 ਲੱਖ ਕਿਊਸਿਕ ਦੇ ਨੇੜੇ ਪਹੁੰਚ ਗਿਆ ਸੀ ਅਤੇ ਮੌਜੂਦਾ ਸਮੇਂ 65 ਹਜ਼ਾਰ ਕਿਊਸਿਕ ਹੋਣ ਨਾਲ ਸਥਿਤੀ ਬਿਲਕੁਲ ਕਾਬੂ ਹੇਠ ਹੈ।
ਇਸ ਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਚੰਦਰ ਮੋਹਣ ਜੇਡੀ ਜਿਲ੍ਹਾਂ ਮੀਡੀਆਂ ਇੰਚਾਰਜ ਨੇ ਦੱਸਿਆ ਕਿ ਕੱਲ ਬੇਲਾ ਤਾਜੋਵਾਲ ਤੇ ਧੈਂਗੜਪੁਰ ਦੇ ਬੰਨ ਨੂੰ ਥੋੜਾ ਨੁਕਸਾਨ ਪੁੱਜਾ ਸੀ ਜੋ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਪਿੰਡ ਵਾਸੀਆਂ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਠੀਕ ਕਰ ਲਿਆ ਸੀ। ਹੁਣ ਹਾਲਾਤ ਕਾਬੂ ਵਿੱਚ ਹਨ।ਇਸ ਮੌਕੇ ਸੁਨੀਲ ਕੌਸਲ ਲਾਡੀ ਰਾਣਾ ਪ੍ਰਧਾਨ ਨਗਰ ਕੌਂਸਲ ਬਲਾਚੌਰ,ਪੂਨਮ ਚੌਧਰੀ,ਜਸਵਿੰਦਰ ਸਿਆਣ,ਵਿਸ਼ੂ ਰਾਣਾ, ਹਨੀ ਨੰਬਰਦਾਰ ਆਦਿ ਹਾਜ਼ਰ ਸਨ।


