# ਕੈਬਨਿਟ ਮੰਤਰੀ ਡਾ. ਰਵਜੋਤ, ਵਿਧਾਇਕ ਜਿੰਪਾ, ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਕੋਟਲੀ, ਸਮੇਤ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਹਾਦਸਾ ਸਥਾਨ ਦਾ ਲਿਆ ਜਾਇਜ਼ਾ
# ਗੰਭੀਰ ਜ਼ਖ਼ਮੀਆਂ ਨੂੰ ਕੀਤਾ ਰੈਫਰ, ਹੋਰਾਂ ਦਾ ਸਿਵਲ ਹਸਪਤਾਲ ਵਿੱਚ ਇਲਾਜ
ਆਦਮਪੁਰ (ਕਰਮਵੀਰ ਸਿੰਘ)
ਪਿਛਲੀ ਰਾਤ ਕਰੀਬ 10 ਵਜੇ ਹੁਸ਼ਿਆਰਪੁਰ-ਜਲੰਧਰ ਰੋਡ ’ਤੇ ਪਿੰਡ ਮੰਡਿਆਲਾ ਦੇ ਨੇੜੇ ਇਕ ਗੰਭੀਰ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਐਲ.ਪੀ.ਜੀ. ਟੈਂਕਰ ਦੇ ਧਮਾਕੇ ਕਾਰਨ ਲਗਭਗ 50 ਦੇ ਕਰੀਬ ਲੋਕ ਝੁਲਸ ਗਏ ਹਨ ਜਦਕਿ ਕਈਆ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਹਾਦਸੇ ਦੀ ਖ਼ਬਰ ਮਿਲਦੇ ਹੀ ਮੌਕੇ ’ਤੇ ਤੁਰੰਤ ਰਾਹਤ ਕਾਰਜ ਸ਼ੁਰੂ ਕਰਵਾਏ ਗਏ। ਸਾਰੇ ਜ਼ਖ਼ਮੀਆਂ ਨੂੰ ਜਲਦੀ ਨਾਲ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਗਿਆ। ਘਟਨਾ ਦੇ ਤੁਰੰਤ ਬਾਅਦ ਹੁਸ਼ਿਆਰਪੁਰ ਫਾਇਰ ਬ੍ਰਿਗੇਡ ਤੋਂ ਇਲਾਵਾ ਦਸੂਹਾ, ਫਗਵਾੜਾ ਅਤੇ ਜਲੰਧਰ ਤੋਂ ਫਾਇਰ ਟੈਂਡਰ ਬੁਲਾਇਆ ਗਿਆ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਵਿਧਾਇਕ ਬ੍ਰਮ ਸ਼ੰਕਰ ਜਿੰਪਾ, ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਦਰਸ਼ਨ ਸਿੰਘ ਕਰਵਲ ਪ੍ਰਧਾਨ ਨਗਰ ਕੌਂਸਲ ਆਦਮਪੁਰ ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਵਾਲੇ ਰਸਤੇ ਨੂੰ ਤੁਰੰਤ ਬਲਾਕ ਕਰ ਦਿੱਤਾ ਗਿਆ ਹੈ ਤਾਂ ਜੋ ਕਿਸੇ ਵੀ ਹੋਰ ਕਿਸਮ ਦੀ ਅਣਚਾਹੀ ਘਟਨਾ ਨਾ ਵਾਪਰੇ। ਨਾਲ ਹੀ ਐਸ.ਡੀ.ਆਰ.ਐਫ. ਦੀ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ ਹੈ ਜੋ ਸਥਿਤੀ ’ਤੇ ਪੂਰੀ ਨਿਗਰਾਨੀ ਰੱਖ ਰਹੀ ਹੈ। ਉਨ੍ਹਾ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਨਸਰਾਲਾ ਡਿਪੂ ਦੇ ਅਧਿਕਾਰੀਆਂ ਨੇ ਗੈਸ ਦੇ ਨਿਸ਼ਾਨਾਂ ਦੀ ਜਾਂਚ ਕਰਨ ਲਈ ਵੀ ਕਿਹਾ ਗਿਆ ਹੈ। ਉਨ੍ਹਾ ਕਿਹਾ ਕਿ ਜ਼ਖ਼ਮੀਆਂ ਵਿੱਚੋਂ ਜਿਨ੍ਹਾਂ ਦੀ ਹਾਲਤ ਗੰਭੀਰ ਹੈ, ਉਨ੍ਹਾਂ ਨੂੰ ਤੁਰੰਤ ਉੱਚ ਦਰਜੇ ਦੇ ਹਸਪਤਾਲਾਂ ਲਈ ਰੈਫਰ ਕੀਤਾ ਜਾ ਰਿਹਾ ਹੈ। ਜਦਕਿ ਬਾਕੀ ਜ਼ਖ਼ਮੀਆਂ ਦਾ ਇਲਾਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਹੀ ਚੱਲ ਰਿਹਾ ਹੈ। ਸਿਵਲ ਹਸਪਤਾਲ ਵਿੱਚ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ਨੂੰ ਵਾਧੂ ਤੌਰ ’ਤੇ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਘਾਇਲਾਂ ਦੇ ਇਲਾਜ ਵਿੱਚ ਕੋਈ ਕਮੀ ਨਾ ਰਹੇ। ਉਨ੍ਹਾਂ ਨੇ ਕਿਹਾ ਕਿ ਸਿਵਲ ਸਰਜਨ ਸਮੇਤ ਸਾਰੇ ਅਧਿਕਾਰੀ ਮੌਕੇ ’ਤੇ ਹਾਜ਼ਰ ਹਨ ਅਤੇ ਸਥਿਤੀ ’ਤੇ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਹਾਦਸੇ ਵਾਲੇ ਖੇਤਰ ਵਿੱਚ ਨਾ ਜਾਣ ਅਤੇ ਰਾਹਤ ਕੰਮਾਂ ਵਿੱਚ ਪ੍ਰਸ਼ਾਸਨ ਨਾਲ ਸਹਿਯੋਗ ਕਰਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਇਕ ਦੁਖਦਾਈ ਘਟਨਾ ਹੈ ਅਤੇ ਜ਼ਖ਼ਮੀਆਂ ਦੀ ਪੂਰੀ ਦੇਖਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਵਿਸ਼ਵਾਸ਼ ਦਿਵਾਇਆ ਕਿ ਸਰਕਾਰ ਅਤੇ ਪ੍ਰਸ਼ਾਸਨ ਪੀੜਤਾਂ ਦੇ ਨਾਲ ਖੜ੍ਹੇ ਹਨ। ਇਸ ਮੌਕੇ ਵਿਧਾਇਕ ਪ੍ਰਗਟ ਸਿੰਘ ਜਲੰਧਰ ਅਤੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਆਦਮਪੁਰ ਨੇ ਸਰਕਾਰ ਤੇ ਵਰਦਿਆਂ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਪੂਰੀ ਨਲਾਇਕੀ ਹੈ ਕਿ ਇਸ ਤਰ੍ਹਾਂ ਦੇ ਹਾਦਸੇ ਹੋ ਰਹੇ ਹਨ ਉਹਨਾਂ ਕਿਹਾ ਕਿ ਲੋਕਾਂ ਵੱਲੋਂ ਸਰਕਾਰ ਨੂੰ ਬਾਰ-ਬਾਰ ਸੂਚਿਤ ਕੀਤਾ ਜਾ ਚੁੱਕਾ ਸੀ ਕਿ ਇੱਥੇ ਇਸ ਤਰ੍ਹਾਂ ਦੇ ਗਲਤ ਕੰਮ ਚਲਦੇ ਹਨ ਜਿਸ ਕਾਰਨ ਹਾਦਸੇ ਹੋ ਰਹੇ ਹਨ ਪਰ ਸਰਕਾਰ ਵੱਲੋਂ ਅੱਜ ਤੱਕ ਕੋਈ ਵੀ ਢੁੱਕਮੀ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਇਸ ਤਰ੍ਹ ਦੇ ਹੋਏ ਵੱਡੇ ਹਾਦਸੇ ਦੇ ਪੀੜਤਾਂ ਦਾ ਇਲਾਜ ਸਿਵਲ ਹਸਪਤਾਲਾਂ ਵਿੱਚ ਕਰ ਰਹੇ ਹੋ ਉਹਨਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਤਾਂ ਇੱਕ ਦਰਦ ਦੀ ਗੋਲੀ ਲੈਣ ਚਲੇ ਜਾਓ ਉਹ ਨਹੀਂ ਮਿਲਦੀ ਤਾਂ ਇਸ ਤਰ੍ਹਾਂ ਬੁਰੀ ਤਰ੍ਹਾ ਅੱਗ ਨਾਲ ਝੁਲਸੇ ਹੋਏ ਲੋਕਾਂ ਦਾ ਇਲਾਜ ਕਿਸ ਤਰ੍ਹਾਂ ਸੰਭਵ ਹੈ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਹਾਦਸੇ ਦੌਰਾਨ ਜਖਮੀ ਹੋਏ ਲੋਕਾਂ ਦਾ ਇਲਾਜ ਚੰਡੀਗੜ੍ਹ ਅਤੇ ਦਿੱਲੀ ਦੇ ਵੱਡੇ ਹਸਪਤਾਲਾਂ ਤੋਂ ਕਰਵਾਉਣਾ ਚਾਹੀਦਾ ਹੈ। ਤਾਂ ਜੋ ਅੱਗ ਨਾਲ ਝੁਲਸੇ ਜਖਮੀ ਪੀੜਤਾ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਅਸੀਂ ਕਈ ਵਾਰ ਹੁਸ਼ਿਆਰਪੁਰ ਦੇ ਉੱਚ ਅਧਿਕਾਰੀਆਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਲੈਣ ਲਈ ਫੋਨ ਕਰ ਚੁੱਕੇ ਹਾਂ ਪਰ ਉਹਨਾਂ ਵੱਲੋਂ ਇਸ ਘਟਨਾ ਸਬੰਧੀ ਕੋਈ ਵੀ ਜਾਣਕਾਰੀ ਕਿਸੇ ਨਾਲ ਸਾਂਝੀ ਨਹੀਂ ਕੀਤੀ ਜਾ ਰਹੀ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਆਪਣੀ ਨਲਾਇਕੀ ਨੂੰ ਛੁਪਾਉਣਾ ਚਾਹੁੰਦੀ ਹੈ। ਇਸ ਘਟਨਾ ਸਬੰਧੀ ਜਦੋਂ ਹੋਰ ਜਾਣਕਾਰੀ ਲੈਣ ਲਈ ਹੁਸ਼ਿਆਰਪੁਰ ਦੀ ਡੀ.ਸੀ ਮੈਡਮ ਆਸ਼ਿਕਾ ਜੈਨ ਨੂੰ ਫੋਨ ਕੀਤਾ ਗਿਆ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ।


