ਜਲੰਧਰ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਮਾਜ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਰੈੱਡ ਕਰਾਸ ਦੇ ਸਹਿਯੋਗ ਨਾਲ ਇਕ ਸੱਤ ਮੈਂਬਰੀ ਮਹਿਲਾ ਬਾਈਕਰ ਸਮੂਹ ‘ਪੰਜ-ਆਬ ਰਾਈਡਰਜ਼’ ਵੱਲੋਂ ਇੱਕ ਵਿਲੱਖਣ ‘ਰਾਈਡ ਫਾਰ ਪੀਸ’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਸਵੇਰੇ 6 ਵਜੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਤੋਂ ਯਾਤਰਾ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਮਹਿਲਾ ਬਾਈਕ ਸਵਾਰਾਂ ਵੱਲੋਂ ਅਟਾਰੀ, ਹੁਸੈਨੀਵਾਲਾ, ਫਾਜ਼ਿਲਕਾ, ਸ਼੍ਰੀ ਗੰਗਾਨਗਰ, ਬੀਕਾਨੇਰ, ਪੋਖਰਣ, ਜੈਸਲਮੇਰ ਅਤੇ ਲੌਂਗੇਵਾਲਾ ਨੂੰ ਕਵਰ ਕੀਤਾ ਜਾਵੇਗਾ। ਮੀਂਹ ਅਤੇ ਖ਼ਰਾਬ ਮੌਸਮ ਦੇ ਬਾਵਜੂਦ ਮਹਿਲਾ ਬਾਈਕਰਾਂ ਨੇ ਇਸ ਨੇਕ ਕੰਮ ਲਈ ਆਪਣੀ ਯਾਤਰਾ ਸ਼ੁਰੂ ਕੀਤੀ।
ਡਾ. ਅਗਰਵਾਲ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਮਾਜਿਕ ਜਾਗਰੂਕਤਾ ਅਤੇ ਮਹਿਲਾ ਸਸ਼ਕਤੀਕਰਨ ਦਾ ਇੱਕ ਸ਼ਕਤੀਸ਼ਾਲੀ ਸੁਮੇਲ ਦੱਸਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨਿਰੰਤਰ ਜਾਗਰੂਕਤਾ ਅਤੇ ਕਾਰਵਾਈ ਰਾਹੀਂ ਨਸ਼ਿਆਂ ਦੇ ਖਾਤਮੇ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਯਾਤਰਾ ਤੋਂ ਨੌਜਵਾਨਾਂ ਨੂੰ ਸੰਦੇਸ਼ ਮਿਲੇਗਾ ਕਿ ਜ਼ਿੰਦਗੀ ਨਸ਼ੇ ਤੋਂ ਦੂਰ ਰਹਿਕੇ ਇਕ ਟੀਚਾ ਮਿੱਥ ਕੇ ਹਿੰਮਤ ਨਾਲ ਜਿਊਣ ਦਾ ਨਾਮ ਹੈ।



