Join
Wednesday, March 25, 2026
Wednesday, March 25, 2026

ਕੀ ਪਿੰਡਾਂ ਵਿਚ ਘੁਸਪੈਠ ਕਰ ਸਕੇਗੀ ਭਾਜਪਾ? ਆ ਰਹੀ ਹੈ ‘ਜ਼ਮੀਨ ਬਚਾਓ, ਕਿਸਾਨ ਬਚਾਓ ਯਾਤਰਾ

ਭਗਵੰਤ ਮਾਨ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਨੇ ਬੀ.ਜੇ.ਪੀ. ਲਈ ਪੰਜਾਬ ਦੇ ਪਿੰਡਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਕਰ ਕੇ ਪਿਛਲੇ ਪੰਜ ਸਾਲਾਂ ਤੋਂ ਭਾਜਪਾ ਪਿੰਡਾਂ ਦਾ ਰੁਖ਼ ਕਰਨ ਤੋਂ ਕੰਨੀ ਕਤਰਾ ਰਹੀ ਸੀ। ਪਰ ਲੈਂਡ ਪੂਲਿੰਗ ਪਾਲਿਸੀ ਕਰ ਕੇ ਹੁਣ ਬੀ ਜੇ ਪੀ ਨੂੰ ਪਿੰਡਾਂ ਤਕ ਪਹੁੰਚ ਕਰਨ ਦਾ ਮੌਕਾ ਮਿਲ ਗਿਆ ਹੈ। ਭਾਜਪਾ ਨੇ ਕਿਸਾਨਾਂ ਨੂੰ ਲੁਭਾਉਣ ਲਈ ÷ਜ਼ਮੀਨ ਬਚਾਉ, ਕਿਸਾਨ ਬਚਾਉ÷ ਯਾਤਰਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਯਾਤਰਾ 17 ਅਗਸਤ ਨੂੰ ਪਟਿਆਲਾ ਤੋਂ ਸ਼ੁਰੂ ਹੋਵੇਗੀ ਤੇ 7 ਸਤੰਬਰ ਤੱਕ ਚੱਲੇਗੀ। ਇਹ ਪਠਾਨਕੋਟ ਵਿੱਚ ਸਮਾਪਤ ਹੋਵੇਗੀ। ਦਰਅਸਲ ਪੰਜਾਬ ਵਿਚ ਤਿੰਨ ਖੇਤੀਬਾੜੀ ਕਾਨੂੰਨਾਂ ਨੇ 2020 ਵਿਚ ਸੂਬੇ ਦੇ ਕਿਸਾਨਾਂ ਵਿਚ ਭਾਜਪਾ ਵਿਰੁੱਧ ਨਾਰਾਜ਼ਗੀ ਪੈਦਾ ਕਰ ਦਿੱਤੀ ਸੀ। ਇਸ ਕਾਰਨ ਸ਼੍ਰੋਮਣੀ ਅਕਾਲੀ ਦਲ ਨਾਲ ਉਸ ਦਾ ਗਠਜੋੜ ਵੀ ਟੁੱਟ ਗਿਆ ਸੀ । ਭਾਵੇਂ ਇਸ ਤੋਂ ਬਾਅਦ ਹੋਈਆਂ ਚੋਣਾਂ ਵਿਚ ਭਾਜਪਾ ਦੀ ਵੋਟ ਫ਼ੀਸਦੀ ਦਰ ਵਧੀ ਸੀ ਪਰ ਸੀਟਾਂ ‘ਤੇ ਕੋਈ ਫ਼ਾਇਦਾ ਨਹੀਂ ਹੋਇਆ ਸੀ। ਹੁਣ ਪੰਜ ਸਾਲਾਂ ਬਾਅਦ ਭਾਜਪਾ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਵਿਰੁੱਧ ਉਠੀ ਆਵਾਜ਼ ਦੀ ਮਦਦ ਨਾਲ ਪਿੰਡਾਂ ਵਿਚ ਅਪਣੀ ਐਂਟਰੀ ਕਰਨ ਜਾ ਰਹੀ ਹੈ। ਦਿਲਚਸਪ ਗੱਲ ਹੈ ਕਿ ਪੰਜ ਸਾਲ ਪਹਿਲਾਂ ਖੇਤੀ ਕਾਨੂੰਨਾਂ ਕਰ ਕੇ ਭਾਜਪਾ ਲੀਡਰਾਂ ਦੀ ਪਿੰਡਾਂ ਵਿਚ ਐਂਟਰੀ ਬੈਨ ਹੋਈ ਸੀ ਤੇ ਇਨ੍ਹਾਂ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਕਰ ਕੇ ਹੀ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਰਿਕਾਰਡ ਤੋੜ ਸੀਟਾਂ ਮਿਲੀਆਂ ਸਨ। ਭਾਵੇਂ ਭਾਜਪਾ ਸਰਕਾਰ ਦੇ ਖੇਤੀ ਕਾਨੂੰਨਾਂ ਕਾਰਨ ਆਮ ਆਦਮੀ ਪਾਰਟੀ ਦੀ ਪਿੰਡਾਂ ਵਿਚ ਐਂਟਰੀ ਹੋਈ ਸੀ। ਹੁਣ ਪੰਜ ਸਾਲ ਬਾਅਦ ਆਮ ਆਦਮੀ ਪਾਰਟੀ ਦੀ ਲੈਂਡ ਪੁਲਿੰਗ ਪਾਲਿਸੀ ਕਰ ਕੇ ਪਿੰਡਾਂ ਵਿਚ ਬੀ.ਜੇ.ਪੀ. ਦੀ ਐਂਟਰੀ ਹੋ ਰਹੀ ਹੈ। ਭਾਵੇਂ ਦਿੱਲੀ ਵਿਚ ਕਿਸਾਨ ਅੰਦੋਲਨ ਤੋਂ ਬਾਅਦ ਕੇਂਦਰ ਸਰਕਾਰ ਨੇ 19 ਨਵੰਬਰ, 2021 ਨੂੰ ਤਿੰਨੇ ਖੇਤੀਬਾੜੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ ਪਰ ਇਸ ਤੋਂ ਬਾਅਦ ਵੀ ਭਾਜਪਾ ਨੂੰ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਨਹੀਂ ਮਿਲੀ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰੇ ਤੌਰ ‘ਤੇ ਚੋਣ ਲੜੀ ਪਰ ਉਸ ਸਮੇਂ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਪਠਾਨਕੋਟ ਤੋਂ ਤੇ ਜੰਗੀ ਲਾਲ ਮਹਾਜਨ ਮੁਕੇਰੀਆਂ ਤੋਂ ਹੀ ਚੋਣ ਜਿੱਤ ਸਕੇ ਸੀ। 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਪਾਰਟੀ ਵਿਚ ਕਈ ਵੱਡੇ ਚਿਹਰੇ ਸ਼ਾਮਲ ਕੀਤੇ।

ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਨੇਤਾ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਨੂੰ ਲੁਧਿਆਣਾ ਤੋਂ ਮੈਦਾਨ ਵਿਚ ਉਤਾਰਿਆ ਜਦਕਿ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਪਟਿਆਲਾ ਤੋਂ ਚੋਣ ਮੈਦਾਨ ਵਿਚ ਸੀ ਪਰ ਉਸ ਸਮੇਂ ਪੰਜਾਬ-ਹਰਿਆਣਾ ਦੀ ਸ਼ੰਭੂ ਸਰਹੱਦ ‘ਤੇ ਸੰਯੁਕਤ ਮੋਰਚੇ ਵੱਲੋਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁਲ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਵੱਡੀਆਂ ਰੈਲੀਆਂ ਕੀਤੀਆਂ ਪਰ ਪਾਰਟੀ 13 ਲੋਕ ਸਭਾ ਸੀਟਾਂ ਵਿਚੋਂ ਇਕ ਵੀ ਨਾ ਜਿੱਤ ਸਕੀ। ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਅਪਣੇ ਨਵੇਂ ਮੁਖੀ ਤੇ ਸਾਬਕਾ ਕਾਂਗਰਸੀ ਨੇਤਾ ਸੁਨੀਲ ਜਾਖੜ ਦੀ ਅਗਵਾਈ ਹੇਠ ਲੜੀਆਂ। ਭਾਵੇਂ ਪਾਰਟੀ ਇਸ ਚੋਣ ਵਿਚ ਇਕ ਹੀ ਜਿੱਤ ਸਕੀ ਪਰ ਵੋਟ ਫ਼ੀਸਦੀ ਦਰ ਦੇ ਮਾਮਲੇ ਵਿਚ ਪਾਰਟੀ ਤੀਜੇ ਸਥਾਨ ‘ਤੇ ਪਹੁੰਚ ਗਈ ਜੋ ਪਾਰਟੀ ਲਈ ਜਾਨ ਪਾਉਣ ਵਰਗਾ ਕਦਮ ਸੀ। ਇਸ ਸਮੇਂ ਦੌਰਾਨ ਕਾਂਗਰਸ ਨੇ ਸੱਤ ਸੀਟਾਂ ਜਿੱਤੀਆਂ ਤੇ ਪਾਰਟੀ ਨੂੰ 26.30 ਫ਼ੀ ਸਦੀ ਵੋਟਾਂ ਮਿਲੀਆਂ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਤਿੰਨ ਸੀਟਾਂ ਮਿਲੀਆਂ ਤੇ ਉਸ ਦੀ ਵੋਟ ਫ਼ੀ ਸਦੀ ਦਰ 26 ਸੀ। ਭਾਜਪਾ ਕੋਈ ਵੀ ਸੀਟ ਨਾ ਜਿੱਤ ਸਕੀ ਪਰ ਵੋਟਾਂ 18.56 ਫ਼ੀ ਸਦੀ ਲੈ ਗਈ ਜਿਸ ਕਾਰਨ ਪਾਰਟੀ ਤੀਜੇ ਸਥਾਨ ‘ਤੇ ਪਹੁੰਚ ਗਈ। ਪਾਰਟੀ ਨੂੰ ਸੂਬੇ ਵਿਚ 25 ਲੱਖ 877 ਵੋਟਾਂ ਮਿਲੀਆਂ ਜਦਕਿ ਅਕਾਲੀ ਦਲ ਨੂੰ ਇਕ ਸੀਟ ਨਾਲ 13.42 ਫ਼ੀ ਸਦੀ ਵੋਟਾਂ ਮਿਲੀਆਂ। ਭਾਜਪਾ ਰਾਜ ਦੀਆਂ 13 ਵਿਚੋਂ 3 ਸੀਟਾਂ ‘ਤੇ ਦੂਜੇ ਸਥਾਨ ‘ਤੇ ਰਹੀ। ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦੂਜੇ ਸਥਾਨ ‘ਤੇ ਰਹੇ। ਉਨ੍ਹਾਂ ਨੂੰ 3 ਲੱਖ 1 ਹਜ਼ਾਰ 282 ਵੋਟਾਂ ਮਿਲੀਆਂ । ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ 2 ਲੱਖ 14 ਹਜ਼ਾਰ 60 ਵੋਟਾਂ ਪ੍ਰਾਪਤ ਕਰਕੇ ਦੂਜੇ ਸਥਾਨ ‘ਤੇ ਰਹੇ। ਗੁਰਦਾਸਪੁਰ ਵਿਚ ਦਿਨੇਸ਼ ਕੁਮਾਰ ਬੱਬੂ ਦੂਜੇ ਸਥਾਨ ‘ਤੇ ਰਹੇ। ਉਨ੍ਹਾਂ ਨੂੰ 2 ਲੱਖ 81 ਹਜ਼ਾਰ 182 ਵੋਟਾਂ ਪ੍ਰਾਪਤ ਹੋਈਆਂ। ਇਸ ਵਾਰ ਜਿਵੇਂ ਹੀ ਲੈਂਡ ਪੂਲਿੰਗ ਨੀਤੀ ਸ਼ੁਰੂ ਹੋਈ ਤਾਂ ਭਾਜਪਾ ਨੇ ਤੁਰੰਤ ਇਸ ਮੌਕੇ ਦਾ ਫ਼ਾਇਦਾ ਉਠਾਇਆ। ਭਾਜਪਾ ਆਗੂਆਂ ਨੇ 18 ਜੁਲਾਈ ਨੂੰ ਚੰਡੀਗੜ੍ਹ ਕਿਸਾਨ ਭਵਨ ਵਿਚ ਕਿਸਾਨਾਂ ਵਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਵਿਚ ਸ਼ਿਰਕਤ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸਾਨਾਂ ਦਾ ਹਰ ਪੱਧਰ ‘ਤੇ ਸਮਰਥਨ ਕਰਨ ਲਈ ਤਿਆਰ ਹਨ ਜਦਕਿ ਆਮ ਆਦਮੀ ਪਾਰਟੀ ਨੇ ਇਸ ਮੀਟਿੰਗ ਵਿੱਚੋਂ ਦੂਰੀ ਬਣਾ ਕੇ ਰੱਖੀ। ਅਸੀਂ ਸਮਝਦੇ ਹਾਂ ਕਿ ਲੈਂਡ ਪੂਲਿੰਗ ਨੀਤੀ ਕਾਰਨ ਸੂਬੇ ਵਿਚ ਜਿਥੇ ਆਮ ਆਮਦੀ ਪਾਰਟੀ ਦੇ ਵੋਟ ਬੈਂਕ ਨੂੰ ਖੋਰਾ ਲੱਗਾ ਹੈ, ਉਥੇ ਭਾਜਪਾ ਸਮੇਤ ਦੂਜੀਆਂ ਪਾਰਟੀਆਂ ਕਿਸਾਨਾਂ ਨੂੰ ਅਪਣੇ ਪੱਖ ਵਿਚ ਕਰਨ ਵਿਚ ਕਾਮਯਾਦ ਹੋ ਰਹੀਆਂ ਹਨ।ਬਾਕੀ ਆਉਣ ਵਾਲਾ ਹੀ ਸਮਾਂ ਤਹਿ ਕਰੇਗਾ ਕਿ ਪੰਜਾਬ ਦੇ ਵੋਟਰਾਂ ਦੇ ਅੰਦਰ ਕਿ ਚੱਲ ਰਿਹਾ ਹੈ।

ਸੀਨੀਅਰ ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਨਵਾਂਸ਼ਹਿਰ 
ਮੋਬਾਈਲ 9814009561 /9780086561 

Related Articles

LEAVE A REPLY

Please enter your comment!
Please enter your name here

Latest Articles

2

2