ਆਸਾ ਸਿੰਘ ਨੇ ਆਪਣਾ 20ਵਾਂ ਜਨਮਦਿਨ ਬੂਟੇ ਲਗਾ ਕੇ ਮਨਾਇਆ, ਵਾਤਾਵਰਨ ਸੰਭਾਲ ਦਾ ਦਿੱਤਾ ਸੰਦੇਸ਼
ਨਵਾਂਸ਼ਹਿਰ, 6 ਅਗਸਤ(ਜਤਿੰਦਰਪਾਲ ਸਿੰਘ ਕਲੇਰ )
ਐਸਕੇਟੀ ਪਲਾਂਟੇਸ਼ਨ ਟੀਮ ਵਲੋਂ ਚਲਾਈ ਜਾ ਰਹੀ “ਜਨਮਦਿਨ ‘ਤੇ ਪੌਧਾਰੋਪਣ” ਮੁਹਿੰਮ ਸਮਾਜ ਵਿੱਚ ਵਾਤਵਾਰਨ ਪ੍ਰਤੀ ਜਾਗਰੂਕਤਾ ਫੈਲਾਉਣ ਵਿੱਚ ਇਕ ਪ੍ਰੇਰਣਾਦਾਇਕ ਕਦਮ ਸਾਬਤ ਹੋ ਰਹੀ ਹੈ। ਇਸ ਮੁਹਿੰਮ ਨਾਲ ਜੁੜਦੇ ਹੋਏ ਅੱਜ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀ ਆਸਾ ਸਿੰਘ ਨੇ ਆਪਣਾ 20ਵਾਂ ਜਨਮਦਿਨ ਆਪਣੇ ਪਿੰਡ ਬਾਜੀਦਪੁਰ ਵਿਖੇ ਬੂਟੇ ਲਗਾ ਕੇ ਮਨਾਇਆ। ਇਹ ਪੌਧਾਰੋਪਣ ਟੀਮ ਦੇ ਗ੍ਰੀਨ ਮੋਟੀਵੇਟਰ ਪ੍ਰੋ. ਗੁਰਪ੍ਰੀਤ ਸਿੰਘ ਦੀ ਪ੍ਰੇਰਣਾ ਨਾਲ ਕੀਤਾ ਗਿਆ।
ਆਪਣੇ ਸੰਦੇਸ਼ ਵਿਚ ਆਸਾ ਸਿੰਘ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਜੀਵਨ ਦੇ ਵਿਸ਼ੇਸ਼ ਪਲਾਂ ਨੂੰ ਸਿਰਫ ਮਨੋਰੰਜਨ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ, ਸਗੋਂ ਕੁਦਰਤ ਨੂੰ ਸਮਰਪਿਤ ਕਰਨਾ ਚਾਹੀਦਾ ਹੈ। ਇੱਕ ਬੂਟਾ ਲਗਾਉਣਾ ਆਉਣ ਵਾਲੀਆਂ ਪੀੜ੍ਹੀਆਂ ਲਈ ਜੀਵਨ ਦੇਣ ਵਰਗਾ ਹੈ। ਇਹ ਸਿਰਫ ਵਾਤਾਵਰਨ ਨੂੰ ਹੀ ਸ਼ੁੱਧ ਨਹੀਂ ਕਰਦਾ ਸਗੋਂ ਮਨ ਨੂੰ ਵੀ ਸੰਤੋਖ ਦਿੰਦਾ ਹੈ।
ਟੀਮ ਦੇ ਸੰਚਾਲਕ ਅੰਕੁਸ਼ ਨਿਝਾਵਨ ਨੇ ਕਿਹਾ ਕਿ ਐਸਕੇਟੀ ਪਲਾਂਟੇਸ਼ਨ ਟੀਮ ਦੀ “ਜਨਮਦਿਨ ‘ਤੇ ਪੌਧਾਰੋਪਣ” ਮੁਹਿੰਮ ਰਾਹੀਂ ਨੌਜਵਾਨਾਂ ਵਿੱਚ ਵਾਤਵਾਰਨ ਲਈ ਚੇਤਨਾ ਵਧ ਰਹੀ ਹੈ। ਨੌਜਵਾਨ ਇਸ ਮੁਹਿੰਮ ਨਾਲ ਆਪਣੀ ਖੁਸ਼ੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਇਹ ਹੈ ਕਿ ਹਰ ਖੁਸ਼ੀ ਨੂੰ ਕੁਦਰਤ ਨਾਲ ਜੋੜਿਆ ਜਾਵੇ ਅਤੇ ਹਰ ਉਤਸਵ ਨੂੰ ਹਰੇ-ਭਰੇ ਰੂਪ ਵਿੱਚ ਮਨਾਇਆ ਜਾਵੇ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਦਾ ਹਿੱਸਾ ਬਣਕੇ ਹਰੇ-ਭਰੇ ਭਾਰਤ ਦੀ ਨਿਰਮਾਣ ਵਿਚ ਯੋਗਦਾਨ ਪਾਵਣ।
ਇਸ ਮੌਕੇ ਇੰਦਰਪ੍ਰੀਤ ਕੌਰ, ਹਰ ਸਾਹਿਬ ਸਿੰਘ, ਗੁਰਲੀਨ ਕੌਰ, ਗੁਰਮੁਖ ਸਿੰਘ, ਗੁਰਦੇਵ ਸਿੰਘ, ਬਲਜੀਤ ਸਿੰਘ ਤੇ ਸਚਜੋਤ ਵੀ ਹਾਜ਼ਰ ਸਨ।


