ਪੰਜਾਬ ਵਿੱਚ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੇ ਅੰਦਰ ਵੀ ਵਿਰੋਧ ਨਜ਼ਰ ਆਉਣ ਲੱਗ ਪਿਆ ਹੈ। ਕਿਸਾਨ ਸੰਸਥਾਵਾਂ ਅਤੇ ਵਿਰੋਧੀ ਧਿਰਾਂ ਤੋਂ ਬਾਅਦ ਹੁਣ AAP ਦੇ ਨੇਤਾ ਵੀ ਇਸ ‘ਤੇ ਨਾਰਾਜ਼ਗੀ ਜਤਾਉਣ ਲੱਗੇ ਹਨ। ਹੁਣੇ ਜਿਹੇ ਬਾਘਾ ਪੁਰਾਣਾ ਵਿਧਾਨ ਸਭਾ ਹਲਕੇ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਚਹਿਲ ਥਰਾਜ ਨੇ ਵੀ ਬਲਾਕ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਇਸ ਨੀਤੀ ਨੂੰ ਕਿਸਾਨਾਂ ਦੇ ਹਿੱਤਾਂ ਖਿਲਾਫ ਦੱਸਦਿਆਂ ਪਾਰਟੀ ਲੀਡਰਸ਼ਿਪ ਪ੍ਰਤੀ ਆਪਣੀ ਨਾਰਾਜ਼ਗੀ ਜਾਹਿਰ ਕੀਤੀ ਹੈ। ਇਸ ਤੋਂ ਪਹਿਲਾਂ ਮੋਗਾ ਯੋਜਨਾ ਬੋਰਡ ਦੇ ਚੇਅਰਮੈਨ ਹਰਮਨਜੀਤ ਸਿੰਘ ਦੀਦਾਰੇਵਾਲਾ ਨੇ ਵੀ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਲੈਂਡ ਪੂਲਿੰਗ ਨੀਤੀ ਕਿਸਾਨਾਂ ਦੀ ਜ਼ਮੀਨ ਅਤੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕਰ ਸਕਦੀਆਂ ਹਨ। ਕਿਸਾਨ ਜਥੇਬੰਦੀਆਂ ਦਾ ਦੋਸ਼ ਹੈ ਕਿ ਇਹ ਨੀਤੀ ਕਿਸਾਨਾਂ ਨੂੰ ਉਨ੍ਹਾਂ ਦੀ ਆਪਣੀ ਹੀ ਜ਼ਮੀਨ ਤੋਂ ਬੇਦਖਲ ਕਰ ਦੇਵੇਗੀ ਅਤੇ ਵੱਡੇ ਉਦਯੋਗਿਕ ਪ੍ਰਾਜੈਕਟਾਂ ਨੂੰ ਫਾਇਦਾ ਪਹੁੰਚਾਏਗੀ। ਦੂਜੇ ਪਾਸੇ ਵਿਰੋਧੀ ਧਿਰਾਂ ਇਸਨੂੰ ਆਮ ਆਦਮੀ ਪਾਰਟੀ ਸਰਕਾਰ ਦੀ ਕਿਸਾਨ ਵਿਰੋਧੀ ਨੀਤੀ ਕਰਾਰ ਦੇ ਰਹੀਆਂ ਹਨ। ਲੈਂਡ ਪੂਲਿੰਗ਼ ਮਾਮਲੇ ਵਿਚ ਹੁਣ ਆਮ ਆਦਮੀ ਪਾਰਟੀ ਲਈ ਮੁਸ਼ਕਿਲਾਂ ਵਧਦੀਆਂ ਹੀ ਨਜ਼ਰ ਆ ਰਹੀਆਂ ਹਨ ਅਤੇ ਨੇਤਾਵਾਂ ਦੇ ਅਸਤੀਫੇ ਇਹ ਸੰਕੇਤ ਦੇ ਰਹੇ ਹਨ ਕਿ ਪਾਰਟੀ ਦੇ ਅੰਦਰ ਵੀ ਇਸ ਨੀਤੀ ਨੂੰ ਲੈ ਕੇ ਅਸਹਿਮਤੀ ਵਧ ਰਹੀ ਹੈ। ਸੂਬੇ ਭਰ ਵਿਚ ਵੱਧ ਰਹੇ ਲੈਂਡ ਪੂਲਿੰਗ਼ ਦੇ ਵਿਰੋਧ ਨੂੰ ਲੈ ਕੇ ਇਹ ਦੇਖਣਾ ਹੋਵੇਗਾ ਪੰਜਾਬ ਸਰਕਾਰ ਹੁਣ ਅਗਲਾ ਕਦਮ ਕੀ ਚੁਕਦੀ ਹੈ. ਕੀ ਉਹ ਇਸ ਮਾਮਲੇ ਵਿਚ ਯੂ ਟਰਨ ਲੈਂਦੇ ਹੋਏ ਲੈਂਡ ਪੂਲਿੰਗ਼ ਮਾਮਲੇ ਨੂੰ ਰੱਦ ਕਰਦੀ ਹੈ, ਇਸ ਨੂੰ ਠੰਡੇ ਬਸਤੇ ਵਿਚ ਪਾ ਦਿੰਦੀ ਹੈ ਯਾਂ ਫਿਰ ਵਿਰੋਧ ਕਰਨ ਵਾਲੀ ਨੂੰ ਆਪਣੇ ਹੱਕ ਵਿਚ ਭੁਗਤਾਨ ਦਾ ਯਤਨ ਕਰਦੀ ਹੈ


