ਪੰਜਾਬ ਦੇ ਮੌਸਮ ਦਾ ਪਾਰਾ ਘਟਣ ਦੀ ਬਜਾਏ ਵਧਦਾ ਜਾ ਰਿਹਾ ਹੈ, ਜਿਸ ਕਰਕੇ ਲੋਕਾਂ ਨੂੰ ਗਰਮੀ ਵਧਣ ਦੇ ਸੰਕੇਤ ਮਿਲ ਰਹੇ ਹਨ। ਪੱਛਮੀ ਡਿਸਟਰਬੈਂਸ ਹੋਣ ਦੇ ਬਾਵਜੂਦ ਮੈਦਾਨੀ ਇਲਾਕਿਆਂ ਵਿੱਚ ਇਸ ਦਾ ਜ਼ਿਆਦਾ ਅਸਰ ਨਹੀਂ ਦੇਖਿਆ ਗਿਆ। ਹਾਲਾਂਕਿ, ਮੌਸਮ ਵਿਭਾਗ ਦੇ ਅਨੁਸਾਰ, 12 ਤੋਂ 15 ਮਾਰਚ ਦੌਰਾਨ ਪੂਰੇ ਪੰਜਾਬ ਵਿੱਚ ਮੀਂਹ ਪੈਣ ਦੀ ਭਾਰੀ ਸੰਭਾਵਨਾ ਹੈ।
ਪਿਛਲੇ ਕੁਝ ਦਿਨਾਂ ਦੌਰਾਨ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਔਸਤ ਵਧੇਰੇ ਤਾਪਮਾਨ 1.1 ਡਿਗਰੀ ਸੈਲਸੀਅਸ ਵਧ ਗਿਆ ਹੈ, ਜਿਹੜਾ ਕੇ ਆਮ ਨਾਲੋਂ 3.1 ਡਿਗਰੀ ਵੱਧ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 30.6 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਇਸੇ ਤਰ੍ਹਾਂ ਘੱਟੋ-ਘੱਟ ਤਾਪਮਾਨ ਵੀ 5.2 ਡਿਗਰੀ ਸੈਲਸੀਅਸ ਵੱਧ ਗਿਆ ਹੈ, ਜਿਹੜਾ ਆਮ ਨਾਲੋਂ 5.3 ਡਿਗਰੀ ਜ਼ਿਆਦਾ ਹੈ।
ਮੋਗਾ ਦੇ ਬੁੱਧ ਸਿੰਘ ਵਾਲਾ ਵਿਖੇ ਸੂਬੇ ਦਾ ਸਭ ਤੋਂ ਘੱਟ ਤਾਪਮਾਨ 13.4 ਡਿਗਰੀ ਸੈਲਸੀਅਸ ਮਾਪਿਆ ਗਇਆ। ਨਵਾਂ ਪੱਛਮੀ ਡਿਸਟਰਬੈਂਸ 9 ਮਾਰਚ ਤੋਂ ਸਰਗਰਮ ਹੈ, ਜਿਸ ਦਾ ਅਸਰ ਫਿਲਹਾਲ ਸਿਰਫ਼ ਪਹਾੜੀ ਖੇਤਰਾਂ ਵਿੱਚ ਹੀ ਵੇਖਿਆ ਜਾ ਰਿਹਾ ਹੈ। ਹਿਮਾਚਲ ਦੇ ਕੁਝ ਇਲਾਕਿਆਂ ਵਿੱਚ ਸਵੇਰੇ ਹਲਕੇ ਬੱਦਲ ਛਾਏ ਰਹੇ, ਪਰ ਦਿਨ ਚੜ੍ਹਣ ਨਾਲ ਸੂਰਜ ਦੀ ਰੌਸ਼ਨੀ ਵੀ ਦਿਖਾਈ ਦਿੱਤੀ।
ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਲਈ 13-14 ਮਾਰਚ ਨੂੰ ਮੌਸਮ ਵਿਭਾਗ ਨੇ ਤੂਫ਼ਾਨ ਲਈ ਯੈਲੋ ਅਲਰਟ ਜਾਰੀ ਕੀਤਾ ਹੈ। 13 ਮਾਰਚ ਨੂੰ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। 14 ਮਾਰਚ ਨੂੰ, ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।