ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ – ਜੁਗਲ ਕਿਸ਼ੋਰ ਦੱਤਾ
ਨਵਾਂਸ਼ਹਿਰ 15 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )
ਵਿਸ਼ਵ ਯੁਵਾ ਹੁਨਰ ਦਿਵਸ ਦੇ ਮੌਕੇ ’ਤੇ ਪੰਡੋਰਾ ਮੋਹੱਲਾ ਵਿਖੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਚਲਾਏ ਜਾ ਰਹੇ ਜੈ ਜਨਤਾ ਸਿਲਾਈ ਸੈਂਟਰ ਵਿੱਚ “ਹੁਨਰ ਦਾ ਕਮਾਲ – ਸਿਲਾਈ ਮੁਕਾਬਲੇ” ਦਾ ਸਫਲ ਆਯੋਜਨ ਕੀਤਾ ਗਿਆ। ਇਹ ਮੁਕਾਬਲਾ ਮਿਨੀਸਟਰੀ ਆਫ ਯੂਥ ਅਤੇ ਸਪੋਰਟਸ , ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਾਈ ਭਾਰਤ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸ਼੍ਰੀ ਕ੍ਰਿਸ਼ਨਾ ਯੂਥ ਕਲੱਬ (ਰਜਿ.) ਦੇ ਸਹਿਯੋਗ ਨਾਲ ਕਰਵਾਇਆ ਗਿਆ।ਇਸ ਪ੍ਰਤੀਯੋਗਿਤਾ ਦਾ ਮੁੱਖ ਉਦੇਸ਼ ਨੌਜਵਾਨਾਂ, ਖਾਸ ਕਰਕੇ ਨੌਜਵਾਨ ਕੁੜੀਆਂ, ਵਿਚ ਸਿਲਾਈ ਵਰਗੇ ਰਵਾਇਤੀ ਹੁਨਰਾਂ ਪ੍ਰਤੀ ਰੁਝਾਨ ਵਧਾਉਣਾ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਣਨ ਵੱਲ ਪ੍ਰੇਰਿਤ ਕਰਨਾ ਰਿਹਾ।
ਕਲੱਬ ਦੇ ਮੈਂਬਰ ਹੈਰੀ ਚੌਹਾਨ ਨੇ ਦੱਸਿਆ ਕਿ ਮੁਕਾਬਲੇ ਵਿੱਚ ਨੌਜਵਾਨ ਕੁੜੀਆਂ ਨੇ ਬਾਰੀਕ ਸਿਲਾਈ ਅਤੇ ਰਚਨਾਤਮਕ ਡਿਜ਼ਾਈਨ ਰਾਹੀਂ ਆਪਣਾ ਸ਼ਾਨਦਾਰ ਹੁਨਰ ਦਰਸਾਇਆ। ਕੜੇ ਮੁਕਾਬਲੇ ਤੋਂ ਬਾਅਦ ਪਹਿਲਾ ਸਥਾਨ ਨਿਸ਼ਾ (ਸੁਪੁਤਰੀ ਸ੍ਰੀ ਕਰਨੈਲ ਜੀ) ਦੂਜਾ ਸਥਾਨ ਰੋਮਾ (ਸੁਪੁਤਰੀ ਸ੍ਰੀ ਬੱਬੂ ਜੀ) ਤੀਜਾ ਸਥਾਨ ਨਿਸ਼ਾ (ਸੁਪੁਤਰੀ ਸ੍ਰੀ ਰਾਜੂ ਜੀ) ਨੇ ਹਾਸਲ ਕੀਤਾ। ਵਿਜੇਤਾਵਾਂ ਨੂੰ ਉਨ੍ਹਾਂ ਦੀ ਮੇਹਨਤ ਅਤੇ ਸ਼ਾਨਦਾਰ ਕਾਰਗੁਜ਼ਾਰੀ ਲਈ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਨਿਰਣਾਇਕ ਮੰਡਲ ਵਿੱਚ ਬਲਦੀਸ਼ ਕੌਰ ਅਤੇ ਰਜਿੰਦਰਪਾਲ ਕੌਰ ਸ਼ਾਮਲ ਸਨ।
ਭਾਰਤ ਵਿਕਾਸ ਪਰਿਸ਼ਦ ਤੋਂ ਵਿਸ਼ੇਸ਼ ਮਹਿਮਾਨ ਐਡਵੋਕੇਟ ਜੁਗਲ ਕਿਸ਼ੋਰ ਦੱਤਾ ਨੇ ਇਸ ਪ੍ਰਤੀਯੋਗਿਤਾ ਦੀ ਸਾਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਨਾਲ ਨੌਜਵਾਨਾਂ ਨੂੰ ਆਪਣਾ ਹੁਨਰ ਵਿਖਾਉਣ ਲਈ ਮੰਚ ਮਿਲਦਾ ਹੈ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਆਪਣੇ ਪੈਰਾਂ ’ਤੇ ਖੜ੍ਹਨ ਦਾ ਹੋਸਲਾ ਮਿਲਦਾ ਹੈ। ਇਸ ਤਰਾਂ ਦੀਆਂ ਪ੍ਰਤਿਯੋਗਿਤਾਵਾਂ ਨੌਜਵਾਨਾਂ ਵਿੱਚ ਹੁਨਰ ਵਿਕਾਸ ਅਤੇ ਆਤਮਨਿਰਭਰਤਾ ਦਾ ਸੰਦੇਸ਼ ਮਜ਼ਬੂਤ ਕਰਦੀਆਂ ਹਨ। ਉਹਨਾਂ ਕਿਹਾ ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।
ਇਸ ਮੌਕੇ ਕਲੱਬ ਦੇ ਮੈਂਬਰ ਕੁਨਾਲ ਪੂਰੀ, ਅਮਨ ਅਤੇ ਅਮਿਤ ਦੇ ਨਾਲ ਪਰਵਿੰਦਰ ਕੁਮਾਰ ਅਤੇ ਰਾਘਵ ਸਹਿਜਪਾਲ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।


