ਪ੍ਰਸ਼ਾਸਨ ਨੇ ਸੁਚੱਜੇ ਢੰਗ ਨਾਲ ਜ਼ਿਮਨੀ ਚੋਣਾਂ ਲਈ ਰਿਟਰਨਿੰਗ ਅਧਿਕਾਰੀ ਅਤੇ ਸਹਾਇਕ ਰਿਟਰਨਿੰਗ ਅਧਿਕਾਰੀ ਕੀਤੇ ਨਿਯੁਕਤ
# ਨਾਮਜ਼ਦਗੀਆਂ 17 ਜੁਲਾਈ ਤੱਕ ਲਈਆਂ ਜਾਣਗੀਆਂ, ਵੋਟਾਂ 27 ਜੁਲਾਈ ਨੂੰ
# ਪਹਿਲੇ ਦਿਨ ਕੋਈ ਨਾਮਜ਼ਦਗੀ ਨਹੀਂ
ਸ਼ਹੀਦ ਭਗਤ ਸਿੰਘ ਨਗਰ, 14 ਜੁਲਾਈ(ਜਤਿੰਦਰ ਪਾਲ ਸਿੰਘ ਕਲੇਰ )
ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲੇ ਵਿੱਚ ਇੱਕ ਸਰਪੰਚ ਅਤੇ 39 ਪੰਚਾਂ ਦੀਆਂ ਖਾਲੀ ਪਈਆਂ ਸੀਟਾਂ ‘ਤੇ ਚੋਣਾਂ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਹੋਣ ਉਪਰੰਤ ਜ਼ਿਲਾ ਪ੍ਰਸ਼ਾਸਨ ਨੇ ਸੁਚੱਜੇ ਢੰਗ ਨਾਲ ਚੋਣ ਅਮਲ ਨੇਪਰੇ ਚਾੜ੍ਹਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਚੋਣ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਸਾਰੇ ਬਲਾਕਾਂ ਵਿੱਚ ਰਿਟਰਨਿੰਗ ਅਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬਲਾਕ ਬਲਾਚੌਰ ਦੇ ਪਿੰਡ ਖੇਵੇਵਾਲ ਵਿਖੇ ਸਰਪੰਚ ਦੀ ਖਾਲੀ ਆਸਾਮੀ ਲਈ ਸੜੋਆ ਵਿਖੇ ਤਾਇਨਾਤ ਖੇਤੀਬਾੜੀ ਅਧਿਕਾਰੀ ਨਿਤਿਨ ਨੂੰ ਰਿਟਰਨਿੰਗ ਅਧਿਕਾਰੀ ਲਾਇਆ ਗਿਆ ਹੈ। ਇਸ ਦੇ ਨਾਲ ਹੀ ਬਲਾਚੌਰ ਬਲਾਕ ਵਿੱਚ ਪੈਂਦੀ ਗ੍ਰਾਮ ਪੰਚਾਇਤ ਨਿਊ ਮਝੋਟ ਦੇ ਵਾਰਡ ਨੰਬਰ 1 ਅਤੇ 2, ਭਾਨੇਵਾਲ ਦੇ ਵਾਰਡ ਨੰਬਰ 2, ਬੂਥਗੜ੍ਹ ਦੇ ਵਾਰਡ ਨੰਬਰ 1, ਦੁੱਗਰੀ ਬੇਟ ਦੇ ਵਾਰਡ ਨੰਬਰ 3, ਕਾਠਗੜ੍ਹ ਖੁਰਦ ਦੇ ਵਾਰਡ ਨੰਬਰ ਇੱਕ ਅਤੇ ਚਾਰ ਤੋਂ ਇਲਾਵਾ ਸੋਭਹੂਵਾਲ ਦੇ ਵਾਰਡ ਨੰਬਰ 3 ਵਿਖੇ ਪੰਚਾਂ ਦੀ ਚੋਣ ਲਈ ਲੈਕਚਰਾਰ ਵਰਿੰਦਰ ਸਿੰਘ ਬੰਗਾ ਨੂੰ ਸਹਾਇਕ ਰਿਟਰਨਿੰਗ ਅਧਿਕਾਰੀ ਨਾਮਜ਼ਦ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਸੜੋਆ ਦੀ ਪੰਚਾਇਤ ਚਾਂਦਪੁਰ ਰੁੜਕੀ ਖੁਰਦ ਦੇ ਵਾਰਡ ਨੰਬਰ 7, ਨਿਊ ਮਾਲੇਵਾਲ ਦੇ ਵਾਰਡ ਨੰਬਰ 2 ਤੇ 3 ਅਤੇ ਚੂਚੇਵਾਲ ਦੇ ਵਾਰਡ ਨੰਬਰ 1 ਵਿਖੇ ਪੰਚੀ ਦੀ ਚੋਣ ਲਈ ਖੇਤੀਬਾੜੀ ਅਧਿਕਾਰੀ ਸੁਰਿੰਦਰ ਕੁਮਾਰ ਨੂੰ ਰਿਟਰਨਿੰਗ ਅਧਿਕਾਰੀ ਅਤੇ ਸਹਾਇਕ ਪ੍ਰੋਫੈਸਰ ਰਮਨਦੀਪ ਸਿੰਘ ਨਾਹਰ ਨੂੰ ਸਹਾਇਕ ਰਿਟਰਨਿੰਗ ਅਧਿਕਾਰੀ ਨਾਮਜ਼ਦ ਕੀਤਾ ਗਿਆ ਹੈ। ਇਸੇ ਤਰ੍ਹਾਂ ਬਲਾਕ ਨਵਾਂਸ਼ਹਿਰ ਦੀਆਂ ਪੰਚਾਇਤਾਂ ਬਾਗ ਦੇ ਵਾਰਡ ਨੰਬਰ 1, ਛੋਕਰਾਂ ਦੇ ਵਾਰਡ ਨੰਬਰ 4, ਗਾਕੇਵਾਲ ਦੇ ਵਾਰਡ ਨੰਬਰ 7, ਨਿਆਮਤਪੁਰ ਦੇ ਵਾਰਡ ਨੰਬਰ 2, ਸਨਾਵਾ ਦੇ ਵਾਰਡ ਨੰਬਰ 7, ਕਰਿਆਮ ਦੇ ਵਾਰਡ ਨੰਬਰ 6, ਮਹਾਲੋਂ ਦੇ ਵਾਰਡ ਨੰਬਰ 7, ਦੁਰਗਾਪੁਰ ਦੇ ਵਾਰਡ ਨੰਬਰ 4 ਅਤੇ ਸ਼ਮਸਪੁਰ ਦੇ ਵਾਰਡ ਨੰਬਰ 3 ਲਈ ਖੇਤੀਬਾੜੀ ਵਿਕਾਸ ਅਫਸਰ ਰਜਿੰਦਰ ਪਾਲ ਨੂੰ ਰਿਟਰਨਿੰਗ ਅਧਿਕਾਰੀ ਅਤੇ ਲੈਕਚਰਾਰ ਦਵਿੰਦਰ ਕੁਮਾਰ ਨੂੰ ਸਹਾਇਕ ਰਿਟਰਨਿੰਗ ਅਧਿਕਾਰੀ ਨਾਮਜ਼ਦ ਕੀਤਾ ਗਿਆ ਹੈ। ਬਲਾਕ ਬੰਗਾ ਦੀ ਪੰਚਾਇਤ ਲਧਾਣਾ ਝਿੱਕਾ ਦੇ ਵਾਰਡ ਨੰਬਰ 2, ਅਟਾਰੀ ਦੇ ਵਾਰਡ ਨੰਬਰ 2 ਅਤੇ ਘੁਮਾਣ ਦੇ ਵਾਰਡ ਨੰਬਰ 3 ਲਈ ਪ੍ਰਿੰਸੀਪਲ ਨਰਿੰਦਰ ਪਾਲ ਸਿੰਘ ਨੂੰ ਰਿਟਰਨਿੰਗ ਅਧਿਕਾਰੀ ਅਤੇ ਜੂਨੀਅਰ ਇੰਜੀਨੀਅਰ ਅਮਰਜੀਤ ਸਿੰਘ ਨੂੰ ਸਹਾਇਕ ਰਿਟਰਨਿੰਗ ਅਧਿਕਾਰੀ ਨਾਮਜ਼ਦ ਕੀਤਾ ਗਿਆ ਹੈ।
ਬਲਾਕ ਔੜ ਦੀ ਪੰਚਾਇਤ ਤਲਵੰਡੀ ਸਿੱਬੂ ਦੇ ਵਾਰਡ ਨੰ 1, ਮੱਲਾਂ ਬੇਦੀਆਂ ਦੇ ਵਾਰਡ ਨੰਬਰ 2,4, 5 ਅਤੇ 6, ਪਿੰਡ ਮੱਲ ਦਿੱਤਾ ਦੇ ਵਾਰਡ ਨੰਬਰ 5, ਰਤਨਾਣਾ ਦੇ ਵਾਰਡ ਨੰਬਰ 1,2,3 ਅਤੇ 5, ਬਰਨਾਲਾ ਖੁਰਦ ਦੀ ਪੰਚਾਇਤ ਦੇ ਵਾਰਡ ਨੰਬਰ 2, 3, 4 ਅਤੇ 5 ਲਈ ਪ੍ਰਿੰਸੀਪਲ ਕੁਲਵਿੰਦਰ ਸਿੰਘ ਬੇਦੀ ਨੂੰ ਰਿਟਰਨਿੰਗ ਅਧਿਕਾਰੀ ਅਤੇ ਲੈਕਚਰਾਰ ਸਤਨਾਮ ਸਿੰਘ ਨੂੰ ਸਹਾਇਕ ਰਿਟਰਨਿੰਗ ਅਧਿਕਾਰੀ ਨਾਮਜ਼ਦ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਪੰਚਾਇਤਾਂ ਦੀਆਂ ਖਾਲੀ ਆਸਾਮੀਆਂ ਭਰਨ ਲਈ ਜਾਰੀ ਸਮਾਂ ਸਾਰਨੀ ਅਨੁਸਾਰ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ 14 ਜੁਲਾਈ ਤੋਂ ਸ਼ੁਰੂ ਹੋ ਕੇ 17 ਜੁਲਾਈ ਤੱਕ ਰਹੇਗੀ । ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾਖਲ ਕੀਤੀਆਂ ਜਾ ਸਕਣਗੀਆਂ ਜਿਨ੍ਹਾਂ ਦੀ ਪੜਤਾਲ 18 ਜੁਲਾਈ ਨੂੰ ਹੋਵੇਗੀ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 19 ਜੁਲਾਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਾਂ 27 ਜੁਲਾਈ ਨੂੰ ਪੈਣਗੀਆਂ ਅਤੇ ਵੋਟਿੰਗ ਪੂਰੀ ਹੋਣ ਤੋਂ ਤੁਰੰਤ ਬਾਅਦ ਪੋਲਿੰਗ ਸਟੇਸ਼ਨਾਂ ‘ਤੇ ਹੀ ਵੋਟਾਂ ਦੀ ਗਿਣਤੀ ਉਸੇ ਦਿਨ ਕੀਤੀ ਜਾਵੇਗੀ। ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਾਮਜ਼ਦਗੀ ਪ੍ਰਕਿਰਿਆ, ਪੋਲਿੰਗ ਅਤੇ ਗਿਣਤੀ ਦੀ ਵੀਡੀਓਗ੍ਰਾਫੀ ਯਕੀਨੀ ਬਣਾਈ ਜਾਵੇਗੀ।


