ਨਵਾਂਸ਼ਹਿਰ 9 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਮੰਗਲਵਾਰ ਨੂੰ ਪੰਜਾਬ ਸਰਕਾਰ ਵੱਲੋਂ ਸਾਰਿਆਂ ਨਾਗਰਿਕਾਂ ਲਈ 10 ਲੱਖ ਰੁਪਏ ਤੱਕ ਦੀ ਹੈਲਥ ਇੰਸ਼ੋਰੈਂਸ ਪ੍ਰਦਾਨ ਕਰਨ ਦੇ ਫੈਸਲੇ ਨੂੰ ਰਾਜ ਭਰ ਵਿੱਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵੱਲ ਇਕ ਇਨਕਲਾਬੀ ਕਦਮ ਦੱਸਿਆ ਹੈ।
ਜਲਾਲਪੁਰ ਨੇ ਕਿਹਾ ਕਿ ਇਹ ਇਤਿਹਾਸਿਕ ਯੋਜਨਾ ਯਕੀਨੀ ਬਣਾਏਗੀ ਕਿ ਕੋਈ ਵੀ ਨਾਗਰਿਕ ਵਿੱਤੀ ਪਾਬੰਦੀਆਂ ਕਾਰਨ ਇਲਾਜ ਤੋਂ ਵਾਂਞਿਆ ਨਾ ਰਹੇ, ਕਿਉਂਕਿ ਇਹ ਵੱਡੀ ਹੈਲਥ ਕਵਰੇਜ ਹਰ ਵਿਅਕਤੀ ਲਈ ਉੱਚ ਦਰਜੇ ਦੀ ਸਿਹਤ ਸੇਵਾਵਾਂ ਤੱਕ ਪਹੁੰਚ ਸੁਨਿਸ਼ਚਿਤ ਕਰੇਗੀ। ਉਨ੍ਹਾਂ ਕਿਹਾ ਕਿ ਇਹ ਪਹਿਲ ਕਦਮੀ ਪੰਜਾਬ ਸਰਕਾਰ ਦੀ ਲੋਕ ਕਲਿਆਣ ਲਈ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।ਜਲਾਲਪੁਰ ਨੇ ਕਿਹਾ ਕਿ ਸਿਹਤ ਸੇਵਾਵਾਂ ਨੂੰ ਅਪਗਰੇਡ ਕਰਨ ਲਈ ਕਈ ਅਹਿਮ ਯੋਜਨਾਵਾਂ ਪਹਿਲਾਂ ਹੀ ਲਾਗੂ ਹੋ ਚੁੱਕੀਆਂ ਹਨ ਅਤੇ ਹੁਣ ਇਹ ਹੈਲਥ ਇੰਸ਼ੋਰੰਸ ਕਵਰੇਜ ਪੰਜਾਬ ਲਈ ਸਿਹਤ ਖੇਤਰ ਵਿੱਚ ਇੱਕ ਹੋਰ ਕਾਮਯਾਬੀ ਦੀ ਕਹਾਣੀ ਲਿਖੇਗੀ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਵੱਡੀ ਗਿਣਤੀ ਵਿੱਚ ਲੋਕ ਹਸਪਤਾਲਾਂ ਵਿੱਚ ਚੰਗਾ ਇਲਾਜ ਲੈ ਸਕਣਗੇ, ਜੋ ਪਹਿਲਾਂ ਵਿੱਤੀ ਮਸ਼ਕਲਾਂ ਕਾਰਨ ਉਨ੍ਹਾਂ ਲਈ ਅਣਪਹੁੰਚ ਰਹਿੰਦਾ ਸੀ। ਜਲਾਲਪੁਰ ਨੇ ਕਿਹਾ ਕਿ ਫੈਸਲਾ ਇੱਕ ਸਿਹਤਮੰਦ ਪੰਜਾਬ ਦੀ ਨੀਂਹ ਰੱਖੇਗਾ ਅਤੇ ਆਮ ਨਾਗਰਿਕਾਂ ਉੱਤੇ ਇਲਾਜ ਦੇ ਖਰਚੇ ਦੇ ਭਾਰ ਨੂੰ ਘਟਾਏਗਾ।


