ਪੰਜਾਬ ਦੇ ਸਾਰੇ ਪ੍ਰਭਾਵਿਤ ਪਿੰਡਾਂ ਵਿੱਚ ਵੱਡੇ ਸੰਘਰਸ਼ ਦੀ ਤਿਆਰੀ ਸ਼ੁਰੂ
ਨਵਾਂਸ਼ਹਿਰ /ਕਾਠਗੜ੍ਹ 27 ਜੂਨ (ਜਤਿੰਦਰ ਪਾਲ ਸਿੰਘ ਕਲੇਰ )
ਅੱਜ ਪਿੰਡ ਟੌਂਸਾ ਵਿੱਚ ਸਾਥੀ ਕਰਨ ਸਿੰਘ ਰਾਣਾ ਦੇ ਗ੍ਰਹਿ ਵਿਖੇ ਖੇਤ ਬਚਾਓ ਰੋਜ਼ਗਾਰ ਬਚਾਉ, ਪਿੰਡ ਬਚਾਓ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਦੀ ਇੱਕ ਹੰਗਾਮੀ ਮੀਟਿੰਗ ਸਾਥੀ ਤਰਸੇਮ ਸਿੰਘ ਜੋਧਾ ਸਾਬਕਾ ਵਿਧਾਇਕ ਦੀ ਪ੍ਰਧਾਨਗੀ ਹੇਠ ਹੋਈ। ਇਹ ਮੀਟਿੰਗ 26 ਜੂਨ ਨੂੰ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਖੁੱਡੀਆਂ ਨਾਲ ਚੱਲੇ ਲੰਬੀ ਮੀਟਿੰਗ ਤੇ ਵਿਚਾਰ ਚਰਚਾ ਕੀਤੀ। ਮੀਟਿੰਗ ਤੋਂ ਬਾਅਦ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਥੀ ਤਰਸੇਮ ਸਿੰਘ ਯੋਧਾ, ਬਲਵਿੰਦਰ ਸਿੰਘ ਅਤੇ ਕਰਨ ਸਿੰਘ ਰਾਣਾ ਨੇ ਜਾਨਕਾਰੀ ਦਿੱਤੀ ਕਿ ਸਰਕਾਰ ਨੂੰ ਲੋਕ ਵਿਰੋਧੀ ਲੈਣ ਪੂਲਿੰਗ ਸਕੀਮ ਤੁਰੰਤ ਵਾਪਸ ਲੈਣ ਦੀ ਬੇਨਤੀ ਕੀਤੀ ਗਈ ਹੈ। ਕਿਉਂਕਿ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਸਕੀਮ ਲਾਗੂ ਕਰਨ ਤੋਂ ਪਹਿਲਾਂ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਅਤੇ ਹੋਰ ਲੋਕਾਂ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਜਦਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਸੈਂਕੜੇ ਪਿੰਡਾਂ ਦੇ ਲੋਕਾਂ ਨੂੰ ਉਜਾੜੇ ਦਾ ਸਾਹਮਣਾ ਕਰਨਾ ਪਵੇਗਾ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਕੋਈ ਮਾਹਰਾਂ ਦੀ ਕਮੇਟੀ ਬਣਾ ਕੇ ਰਾਏ ਬੀ ਹਾਸਲ ਨਹੀਂ ਕੀਤੀ। ਆਗੂਆਂ ਨੇ ਦੱਸਿਆ ਕਿ ਸਰਕਾਰ ਨੂੰ ਇਸ ਲੈਂਡ ਪੂਲਿੰਗ ਸਕੀਮ ਦੇ ਆਰਥਿਕ ਸਮਾਜਿਕ ਰਾਜਨੀਤਕ ਅਤੇ ਮਾਨਸਿਕ ਮਾੜੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ ਗਈ। ਇਹ ਵੀ ਦੱਸਿਆ ਗਿਆ ਕਿ ਪੰਜਾਬ ਵਿੱਚ ਪਹਿਲਾਂ ਹੀ ਬਹੁਤ ਵੱਡੇ ਪੱਧਰ ਤੇ ਸ਼ਹਿਰੀਕਰਨ ਕੀਤਾ ਜਾ ਚੁੱਕਾ ਹੈ। ਉਨਾਂ ਹੋਰ ਦੱਸਿਆ ਕਿ ਲੈਂਡ ਪੂਲਿੰਗ ਸਕੀਮ ਲਾਗੂ ਹੋਣ ਨਾਲ ਪੂਰੇ ਰਾਜ ਦੀ ਡੈਮੋਗਰਾਫੀ ਬਦਲ ਜਾਵੇਗੀ ਅਤੇ ਲੋਕਾਂ ਦੇ ਸੱਭਿਆਚਾਰ ਅਤੇ ਰੁਜ਼ਗਾਰ ਨੂੰ ਗੰਭੀਰ ਸੱਟ ਵੱਜੇਗੀ। ਆਗੂਆਂ ਨੇ ਦਸਿਆਂ ਕਿ ਮੰਤਰੀ ਜੀ ਜਥੇਬੰਦੀ ਦੇ ਵਿਚਾਰਾਂ ਨਾਲ ਕਾਫੀ ਹੱਦ ਤੱਕ ਸਹਿਮਤ ਹੋਏ ਹਨ। ਮੰਤਰੀ ਜੀ ਨੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਜੀ ਪੰਜਾਬ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਕੁਝ ਦਿਨਾਂ ਬਾਅਦ ਅਗਲੀ ਮੀਟਿੰਗ ਸੱਦੀ ਜਾਵੇਗੀ।
।। ਆਗੂਆਂ ਨੇ ਦੱਸਿਆ ਕਿ ਲੈਂਡ ਪੂਲਿੰਗ ਸਕੀਮ ਕਾਰਪੋਰੇਟ ਦੇ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਲੈ ਕੇ ਆਈ ਹੈ। ਇਸ ਸਕੀਮ ਵਿਰੁੱਧ ਪੰਜਾਬ ਦੇ ਸਾਰੇ ਪ੍ਰਭਾਵਿਤ ਪਿੰਡਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਲੋਕ ਸੰਘਰਸ਼ਾਂ ਲਈ ਲਾਮਬੰਦੀ ਕਰ ਰਹੇ ਹਨ। ਉਹਨਾਂ ਜਾਣਕਾਰੀ ਦਿੱਤੀ ਕਿ ਅੱਜ ਜਲੰਧਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਲੋਕ ਸੰਘਰਸ਼ਾਂ ਦੀ ਤਿਆਰੀ ਲਈ ਇੱਕ ਵੱਡੀ ਮੀਟਿੰਗ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਪੰਜਾਬ ਦੇ ਸਾਰੇ ਪ੍ਰਭਾਵਿਤ ਪਿੰਡਾਂ ਵਿੱਚ ਵੱਡੇ ਸੰਘਰਸ਼ ਦੀ ਤਿਆਰੀ ਲਈ ਲੋਕ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ ਆਗੂਆਂ ਨੇ ਪੰਜਾਬ ਸਰਕਾਰ ਨੂੰ ਇਸ ਲੋਕ ਵਿਰੋਧੀ ਲੈਣ ਪੂਲਿੰਗ ਸਕੀਮ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਅਮਰਜੀਤ ਸਿੰਘ ਮਨਸੂਰਾ ਜਗਦੇਵ ਸਿੰਘ ਸਾਬਕਾ ਸਰਪੰਚ ਜੋਧਾ , ਹਰਿਦੇਵ ਸਿੰਘ ਰਾਣਾ ਸਾਬਕਾ ਸਰਪੰਚ ਮੋਹਰ, ਸੁਖਦੇਵ ਸਿੰਘ ਸਾਬਕਾ ਸਰਪੰਚ ਟੌਂਸਾ, ਮਜ਼ਦੂਰ ਆਗੂ ਮਨੋਹਰ ਲਾਲ, ਕਿਸਾਨ ਆਗੂ ਚੰਨਣ ਸਿੰਘ ਮਡਿਆਣੀ ਦੀਦਾਰ ਸਿੰਘ ਜਗਰਾਉਂ, ਗੁਰਵਿੰਦਰ ਸਿੰਘ ਪੋਨਾ, ਹਰਦੀਪ ਸਿੰਘ ਅਲੀਗੜ੍ਹ, ਹਰਪ੍ਰੀਤ ਸਿੰਘ ਰਾਜਾ, ਦਲਬੀਰ ਸਿੰਘ ਜੋਧਾ ਅਤੇ ਹੋਰ ਪੰਜਾਬ ਦੇ ਅਨੇਕਾਂ ਆਗੂ ਹਾਜ਼ਰ ਸਨ।


