ਬਲਾਚੌਰ, 27 ਜੂਨ – (ਜਤਿੰਦਰ ਪਾਲ ਸਿੰਘ ਕਲੇਰ )
ਆਉਣ ਵਾਲੀਆਂ ਬਰਸਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਬਲਾਚੌਰ ਦੇ ਸੀਵਰ ਦੀ ਸਫਾਈ ਦਾ ਕੰਮ ਅੱਜ ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਸੁਸ਼ੀਲ ਕੁਮਾਰ ਲਾਡੀ ਰਾਣਾ ਨੇ ਆਪ ਕੋਲ ਖੜ ਕੇ ਸ਼ੁਰੂ ਕਰਵਾਇਆ। ਉਹਨਾਂ ਨੇ ਕਿਹਾ ਕਿ ਅਸੀਂ ਵਿਧਾਇਕ ਸ਼੍ਰੀਮਤੀ ਸੰਤੋਸ਼ ਕਟਾਰੀਆ ਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਸੀਵਰ ਸਾਫ ਕਰਨ ਵਾਲੀ ਮਸ਼ੀਨ ਦੁਵਾਈ ਜਾਵੇ ਤਾਂ ਉਹਨਾਂ ਨੇ ਨਵਾਂ ਸ਼ਹਿਰ ਨਗਰ ਕੌਂਸਲ ਤੋਂ ਸਾਨੂੰ ਇੱਕ ਮਸ਼ੀਨ ਦੁਵਾਈ ਹੈ ਜਿਸ ਨਾਲ ਬਲਾਚੌਰ ਦੇ ਗਹੂੰਣ ਰੋਡ ਤੇ ਸੀਵਰ ਦੀ ਸਫਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਮੇਰੇ ਦੇਖਣ ਵਿੱਚ ਆਇਆ ਹੈ ਕਿ ਸ਼ਹਿਰ ਵਾਸੀ ਨਗਰ ਕੌਂਸਲ ਦਾ ਸਾਥ ਨਹੀਂ ਦੇ ਰਹੇ, ਮੇਰੀ ਬੇਨਤੀ ਹੈ ਕਿ ਸ਼ਹਿਰਵਾਸੀ ਸ਼ਹਿਰ ਨੂੰ ਸਾਫ ਸੁਥਰਾ ਅਤੇ ਗੰਦਗੀ ਮੁਕਤ ਕਰਨ ਲਈ ਨਗਰ ਕੌਂਸਲ ਦਾ ਸਾਥ ਦੇਣ ਅਤੇ ਸੀਵਰ ਦੇ ਵਿੱਚ ਬੋਤਲਾਂ, ਲਿਫਾਫੇ ਆਦਿ ਗੰਦਗੀ ਨਾ ਪਾਉਣ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਸੀਵਰ ਦੀ ਬਲਾਕੇਜ ਨਾ ਹੋ ਸਕੇ। ਸ਼ਹਿਰ ਦੇ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਰਿਕਸ਼ੇ ਅਤੇ ਗੱਡੀਆਂ ਚਲਾਈਆਂ ਜਾ ਰਹੀਆਂ ਹਨ, ਉਹਨਾਂ ਵਿੱਚ ਹੀ ਆਪਣੇ ਘਰ ਦਾ ਕੂੜਾ ਪਾਇਆ ਜਾਵੇ ਨਾ ਕਿ ਨਾਲੀਆਂ ਅਤੇ ਸੀਵਰ ਦੇ ਵਿੱਚ ਪਾਇਆ ਜਾਵੇ। ਇਸ ਮੌਕੇ ਵਿਸ਼ੂ ਰਾਣਾ, ਬਿੱਟੂ ਚੌਧਰੀ, ਜੇਈ ਦਿਨੇਸ਼ ਕੁਮਾਰ, ਸੰਤੋਖ ਸਿੰਘ ਤੁੱਕਾ ਆਦਿ ਸਫਾਈ ਕਰਮਚਾਰੀ ਮੌਜੂਦ ਸਨ।


