ਜਦੋਂ ਤੋਂ ਡੋਨਾਲਡ ਟਰੰਪ ਵ੍ਹਾਈਟ ਹਾਊਸ ਵਿਚ ਵਾਪਸ ਆਏ ਹਨ, ਉਨ੍ਹਾਂ ਦੇ ਪ੍ਰਸ਼ਾਸਨ ਨੇ ਲਗਾਤਾਰ ਕਿਹਾ ਹੈ ਕਿ ਈਰਾਨ ਨੂੰ ਪ੍ਰਮਾਣੂ ਹਥਿਆਰ ਪ੍ਰਾਪਤ ਕਰਨ ਤੋਂ ਰੋਕਣਾ ਚਾਹੀਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਈਰਾਨ ਨਾਲ ਪ੍ਰਮਾਣੂ ਸਮਝੌਤੇ ‘ਤੇ ਗੱਲਬਾਤ ਕਰਨਾ ਚਾਹੁੰਦੇ ਹਨ ਅਤੇ ਇਸ ਨਾਲ ਸਬੰਧਤ ਇਕ ਪੱਤਰ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਮੇਨੀ ਨੂੰ ਭੇਜਿਆ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸਲਾਮੀ ਗਣਰਾਜ ਗੱਲਬਾਤ ਲਈ ਸਹਿਮਤ ਹੋਵੇਗਾ। ਸ਼ੁਕਰਵਾਰ ਨੂੰ ਪ੍ਰਸਾਰਤ ਹੋਏ ਫ਼ੌਕਸ ਬਿਜ਼ਨਸ ਨੈੱਟਵਰਕ ਨਾਲ ਇਕ ਇੰਟਰਵਿਊ ਵਿਚ, ਟਰੰਪ ਨੇ ਈਰਾਨ ਨਾਲ ਗੱਲਬਾਤ ਕਰਨ ਦੀ ਅਪਣੀ ਇੱਛਾ ਦੁਹਰਾਈ।
ਜਾਣਕਾਰੀ ਅਨੁਸਾਰ, ਡੋਨਾਲਡ ਟਰੰਪ ਨੇ ਕਿਹਾ, ‘ਮੈਂ ਉਨ੍ਹਾਂ ਨੂੰ ਇਕ ਪੱਤਰ ਲਿਖਿਆ ਹੈ’, ਜਿਸ ਵਿਚ ਉਨ੍ਹਾਂ ਲਿਖਿਆ ਹੈ, ‘ਮੈਨੂੰ ਉਮੀਦ ਹੈ ਕਿ ਤੁਸੀਂ ਗੱਲਬਾਤ ਕਰੋਗੇ ਕਿਉਂਕਿ ਜੇ ਸਾਨੂੰ ਫ਼ੌਜੀ ਤੌਰ ‘ਤੇ ਅੱਗੇ ਵਧਣਾ ਪਿਆ, ਤਾਂ ਇਹ ਬਹੁਤ ਭਿਆਨਕ ਚੀਜ਼ ਹੋਵੇਗੀ।’
ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਨਾਲ ਨਜਿੱਠਣ ਦੇ ਦੋ ਤਰੀਕੇ ਹਨ। ਪਹਿਲਾ ਹੈ ਇਸ ਨਾਲ ਫ਼ੌਜੀ ਤੌਰ ‘ਤੇ ਨਜਿੱਠਣਾ ਅਤੇ ਦੂਜਾ ਹੈ ਸਮਝੌਤਾ ਕਰਨਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਇੱਕ ਸੌਦਾ ਕਰਨਾ ਪਸੰਦ ਕਰਾਂਗਾ ਕਿਉਂਕਿ ਮੈਂ ਈਰਾਨ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ। ਉਹ ਬਹੁਤ ਵਧੀਆ ਲੋਕ ਹਨ।
ਜ਼ਿਕਰਯੋਗ ਹੈ ਕਿ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ 2015 ਦੇ ਈਰਾਨ ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਨੂੰ ਪਿੱਛੇ ਹਟਾ ਲਿਆ ਸੀ। ਹੁਣ ਉਨ੍ਹਾਂ ਗੱਲ ਕਰਨ ਵਿਚ ਦਿਲਚਸਪੀ ਦਿਖਾਈ ਹੈ। ਇਸ ਦੌਰਾਨ ਰੂਸ ਨੇ ਵਾਸ਼ਿੰਗਟਨ ਅਤੇ ਤਹਿਰਾਨ ਵਿਚਕਾਰ ਵਿਚੋਲਗੀ ਦੀ ਪੇਸ਼ਕਸ਼ ਕੀਤੀ ਹੈ, ਅਤੇ ਕ੍ਰੇਮਲਿਨ ਨੇ ਇਸ ਮੁੱਦੇ ਨੂੰ ਸ਼ਾਂਤੀਪੂਰਵਕ ਹੱਲ ਕਰਨ ਲਈ ਕੂਟਨੀਤਕ ਯਤਨਾਂ ਦਾ ਸਮਰਥਨ ਕਰਨ ਦਾ ਵਾਅਦਾ ਕੀਤਾ ਹੈ।
ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰੂਸ ਦੇ ਉਪ ਵਿਦੇਸ਼ ਮੰਤਰੀ ਸਰਗੇਈ ਰਿਆਬਕੋਵ ਨੇ ਸ਼ੁਕਰਵਾਰ ਨੂੰ ਈਰਾਨੀ ਰਾਜਦੂਤ ਕਾਜ਼ੇਮ ਜਲਾਲੀ ਨਾਲ ਗੱਲਬਾਤ ਕੀਤੀ ਅਤੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਸਬੰਧਤ ਸਥਿਤੀ ਨੂੰ ਹੱਲ ਕਰਨ ਲਈ ਅੰਤਰਰਾਸ਼ਟਰੀ ਯਤਨਾਂ ‘ਤੇ ਚਰਚਾ ਕੀਤੀ।