
ਕਾਠਗੜ੍ਹ ਰੱਤੇਵਾਲ ਰੋਡ ‘ਤੇ ਆਵਾਜਾਈ ਹੋਈ ਠੱਪ
ਹਸਪਤਾਲ ਦੀ ਇਮਾਰਤ ਲਈ ਬਣਿਆ ਵੱਡਾ ਖਤਰਾ
ਨਵਾਂਸ਼ਹਿਰ /ਕਾਠਗੜ੍ਹ, 24 ਜੂਨ (ਜਤਿੰਦਰ ਪਾਲ ਸਿੰਘ ਕਲੇਰ ) ਬੀਤੀ ਰਾਤ ਇਸ ਇਲਾਕੇ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਭਾਰੀ ਮਾਤਰਾ ਵਿੱਚ ਆਏ ਪਾਣੀ ਕਾਰਨ ਕਸਬਾ ਕਾਠਗੜ੍ਹ ਦੀ ਖੱਡ ਦੇ ਪਾਣੀ ਦੀ ਅੱਗੇ ਨਿਕਾਸੀ ਨਾ ਹੋਣ ਕਾਰਨ ਕਸਬੇ ਦੇ ਲੋਕਾਂ ਵਿੱਚ ਵੀ ਭਾਰੀ ਸਹਿਮ ਫੈਲ ਗਿਆ ਪਰ ਖੁਸ਼ਕਿਸਮਤੀ ਕਾਰਨ ਖੱਡ ਦਾ ਪਾਣੀ ਸ਼ਹਿਰ ਵਿੱਚ ਦਾਖਲ ਹੋਣ ਦੀ ਬਜਾਏ 5 ਕਰੋੜ ਤੋਂ ਵੱਧ ਦੀ ਕੀਮਤ ਨਾਲ ਬਣੇ ਹਸਪਤਾਲ ਦੀ ਇਮਾਰਤ ਕੋਲੋਂ ਲੰਘਦਾ ਹੋਇਆ ਹਸਪਤਾਲ ਨੂੰ ਜਾਂਦੀ ਲਿੰਕ ਸੜਕ ਦੇ ਕਿਨਾਰਿਆਂ ਨੂੰ ਨੁਕਸਾਨ ਪਹੁੰਚਾ ਗਿਆ।
ਜ਼ਿਕਰਯੋਗ ਹੈ ਕਿ ਪਿਛਲੀ ਬਰਸਾਤ ਦੌਰਾਨ ਕਾਠਗੜ੍ਹ ਦੇ ਉੱਘੇ ਸਮਾਜਸੇਵੀ ਸੇਵਾਦਾਰ ਸਾਂਈ ਕਾਲੇਸ਼ਾਹ ਨੇ ਆਪਣੇ ਕੋਲੋਂ ਪੈਸੇ ਖਰਚ ਕੇ ਇਸ ਪਾਣੀ ਦੀ ਸਹੀ ਨਿਕਾਸੀ ਕਰਵਾਈ ਸੀ ਪਰ ਇਹ ਖੱਡ ਮੁੜ ਰੇਤ ਨਾਲ ਭਰ ਜਾਣ ਕਾਰਨ ਇੱਥੋਂ ਮੁੜ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ। ਖੱਡ ਦਾ ਪਾਣੀ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾ ਰਿਹਾ ਹੈ। ਕਸਬੇ ਦੀਆਂ ਦੋਨੋਂ ਪੰਚਾਇਤਾਂ, ਮੋਹਤਵਰਾਂ ਅਤੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਖੱਡ ਦੇ ਬਰਸਾਤੀ ਪਾਣੀ ਦੀ ਸਹੀ ਨਿਕਾਸੀ ਕਰਵਾਈ ਜਾਵੇ ਤਾਂ ਜੋ ਕਾਠਗੜ੍ਹ ਤੋਂ ਰੱਤੇਵਾਲ ਜਾਂਦੇ ਲੋਕਾਂ ਦੀ ਆਵਾਜਾਈ ਨਿਰਵਿਘਨ ਚਾਲੂ ਰਹਿ ਸਕੇ ਅਤੇ ਨਾਲ ਹੀ ਕਸਬਾ ਨਿਵਾਸੀਆਂ , ਹਸਪਤਾਲ ਤੇ ਪੁਲਿਸ ਥਾਣੇ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚਾਏ।


