ਚੰਡੀਗੜ੍ਹ : ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵਲੋਂ ਜਥੇਦਾਰ ਸਾਹਿਬਾਨ ਨੂੰ ਹਟਾਉਣ ਦੀ ਕਾਰਵਾਈ ਦਾ ਵਿਰੋਧ ਕਰਨ ਦਾ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਤੇ ਉਨ੍ਹਾਂ ਨਾਲ ਹੋਰ ਅਕਾਲੀ ਆਗੂਆਂ ਵਲੋਂ ਜਾਰੀ ਬਿਆਨ ਨੇ ਉਨ੍ਹਾਂ ਵਰਗੇ ਪਾਰਟੀ ਅੰਦਰ ਸਭ ਤੋਂ ਬਜ਼ੁਰਗ ਤੇ ਸੀਨੀਅਰ ਆਗੂ ਨੂੰ ਭਾਰੀ ਠੇਸ ਪਹੁੰਚਾਈ ਹੈ।
ਲਿਖਤੀ ਬਿਆਨ ਜਾਰੀ ਕਰਦਿਆਂ ਭੂੰਦੜ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੇ ਉਸ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਫੈਸਲੇ ਉਪਰ ਸਵਾਲ ਚੁੱਕ ਕੇ ਗਲਤ ਕੀਤਾ ਹੈ ਜਿਸ ਕਮੇਟੀ ਦੇ ਪਹਿਲੇ ਪ੍ਰਧਾਨ ਉਨ੍ਹਾਂ ਦੇ ਪੜਦਾਦਾ ਸੁੰਦਰ ਸਿੰਘ ਮਜੀਠੀਆ ਬਣੇ ਸਨ।
ਉਨ੍ਹਾਂ ਕਿਹਾ, ‘‘ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਜਥੇਦਾਰ ਸਾਹਿਬਾਨ ਨੂੰ ਲੈ ਕੇ ਲਿਆ ਫੈਸਲਾ ਲੰਮੇ ਵਿਚਾਰ-ਵਿਟਾਂਦਰੇ ਮਗਰੋਂ ਹੀ ਲਿਆ ਗਿਆ ਹੈ। ਪਿਛਲੇ ਸਮੇਂ ਤੋਂ ਸਿੱਖ ਸਿਆਸਤ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਸ ਭੰਬਲਭੂਸੇ ’ਚੋਂ ਲੰਘਣਾ ਪੈ ਰਿਹਾ ਉਸ ਲਈ ਕੌਣ-ਕੌਣ ਜਿੰਮੇਵਾਰ ਹੈ ਉਸ ਬਾਰੇ ਬਿਕਰਮ ਸਿੰਘ ਮਜੀਠੀਆ ਚੰਗੀ ਤਰ੍ਹਾਂ ਜਾਣਦੇ ਹਨ। ਬਿਕਰਮ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਨੇ ਬਚਪਨ ਤੋਂ ਪਾਲਿਆ ਤੇ ਬਾਦਲ ਪਰਿਵਾਰ ਦਾ ਹਿੱਸਾ ਹੋਣ ਕਰਕੇ ਵੱਡੇ ਮਾਣ ਦਿਵਾਏ। ਸੁਖਬੀਰ ਸਿੰਘ ਬਾਦਲ ਨੇ ਮਜੀਠੀਆ ਦੀ ਔਖੇ ਸਮੇਂ ਡੱਟ ਕੇ ਪਿੱਠ ਪੂਰੀ ਪਰ ਅੱਜ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਉੱਪਰ ਆਏ ਔਖੇ ਸਮੇਂ ਬਿਕਰਮ ਸਿੰਘ ਮਜੀਠੀਆ ਨੇ ਨਾਲ ਡੱਟ ਕੇ ਖੜ੍ਹਨ ਦੀ ਥਾਂ ਇਕ ਤਰ੍ਹਾਂ ਨਾਲ ਪਿੱਠ ਵਿੱਚ ਛੁਰਾ ਮਾਰਿਆ ਹੈ।’’
ਉਨ੍ਹਾਂ ਅੱਗੇ ਕਿਹਾ, ‘‘ਸਵ: ਸ.ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਪਿੱਛੋਂ ਅਕਾਲੀ ਦਲ ਅੰਦਰ ਬਣੇ ਹਾਲਾਤ ਨੂੰ ਲੈ ਕੇ ਮਜੀਠੀਆ ਦਾ ਫਰਜ਼ ਬਣਦਾ ਸੀ ਕਿ ਉਸ ਮਹਾਨ ਵਿਅਕਤੀ ਦੇ ਅਹਿਸਾਨਾਂ ਕਾਰਨ ਉਸ ਦੀ ਵਿਰਾਸਤ ਨੂੰ ਸਾਂਭਣ ’ਚ ਸੁਖਬੀਰ ਸਿੰਘ ਬਾਦਲ ਦਾ ਡੱਟ ਕੇ ਸਾਥ ਦਿੰਦੇ।’’ ਉਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ ਦੇ ਇਸ ਕਦਮ ਨੂੰ ਗਲਤ ਕਰਾਰ ਦਿੰਦਿਆਂ ਸਲਾਹ ਦਿਤੀ, ‘‘ਵਿਰੋਧੀਆਂ ਦੀ ਸਾਜ਼ਸ਼ ਦਾ ਹਿੱਸਾ ਬਨਣ ਦੀ ਥਾਂ ਆਉ ਰਲ ਕੇ ਇਨ੍ਹਾਂ ਸਾਜ਼ਸ਼ਾਂ ਦਾ ਮੁਕਾਬਲਾ ਕਰੀਏ।’’
ਭੂੰਦੜ ਨੇ ਸਪੱਸ਼ਟ ਕੀਤਾ ਕਿ ਪਾਰਟੀ ਦੇ ਅੰਦਰ ਹਰ ਆਗੂ ਤੇ ਵਰਕਰ ਨੂੰ ਅਪਣੇ ਵਿਚਾਰ ਰੱਖਣ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਕਿਹਾ, ‘‘ਮੈਂ ਸੁਪਨੇ ’ਚ ਵੀ ਕਿਆਸ ਨਹੀਂ ਸੀ ਕਰ ਸਕਦਾ ਕਿ ਬਿਕਰਮ ਸਿੰਘ ਮਜੀਠੀਆ ਪਾਰਟੀ ਦੇ ਜ਼ਾਬਤੇ ਦੀ ਇਸ ਤਰ੍ਹਾਂ ਉਲੰਘਣਾ ਕਰਨਗੇ।’’